ਕਪੂਰਥਲਾ: ਰੂਸ ਅਤੇ ਯੂਕਰੇਨ ਦੀ ਜੰਗ ਤੋਂ 9 ਮਹੀਨੇ ਬਾਅਦ ਵਾਪਸ ਪਰਤੇ ਨੌਜਵਾਨ ਰਾਕੇਸ਼ ਯਾਦਵ ਨੇ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕਾ ਨੌਜਵਾਨ ਭਾਰਤ ਆਇਆ। ਰਾਕੇਸ਼ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉੱਥੇ ਉਸ ਦਾ ਇੱਕ ਸਾਥੀ ਯੂਕਰੇਨ ਦੇ ਡਰੋਨ ਹਮਲੇ ਵਿੱਚ ਮਾਰਿਆ ਵੀ ਗਿਆ ਸੀ। ਉਸ ਦੀ ਜਾਨ ਬਚ ਗਈ, ਕਿਉਂਕਿ ਰਾਕੇਸ਼ ਨੇ ਡਰੋਨ ਨੂੰ ਦੇਖਦੇ ਹੀ ਉਹ ਉੱਥੇ ਬਣੇ ਬੰਕਰ 'ਚ ਛਾਲ ਮਾਰ ਦਿੱਤੀ।
ਇਸੇ ਤਰ੍ਹਾਂ ਇਕ ਹੋਰ ਘਟਨਾ ਦਾ ਪੱਤਰਕਾਰ ਨਾਲ ਜ਼ਿਕਰ ਕਰਦਿਆਂ ਰਾਕੇਸ਼ ਨੇ ਦੱਸਿਆ ਕਿ 17 ਜੂਨ 2024 ਨੂੰ ਉਨ੍ਹਾਂ ਦੇ ਇਕ ਸਾਥੀ ਦੀ ਗ੍ਰਨੇਡ ਧਮਾਕੇ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਰੂਸੀ ਅਧਿਕਾਰੀਆਂ ਨੇ 6 ਮਹੀਨਿਆਂ ਬਾਅਦ ਰੂਸੀ ਫੌਜ ਵਿੱਚ ਸ਼ਹੀਦ ਹੋਏ ਆਪਣੇ ਸਾਥੀ ਦੀ ਮੌਤ ਬਾਰੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ।
ਗਾਰਡ ਦੀ ਵੈਕੰਸੀ ਦੇ ਨਾਂਅ 'ਤੇ ਏਜੰਟ ਵਲੋਂ ਧੋਖਾ, ਜ਼ਬਰਦਸਤੀ ਬਣਾਇਆ ਰੂਸੀ ਫੌਜੀ
ਰੂਸ ਤੋਂ ਪਰਤੇ ਰਾਕੇਸ਼ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਅਤੇ ਉਸ ਦੇ ਨਾਲ ਦੇ ਕਰੀਬ 5 ਹੋਰ ਸਾਥੀਆਂ ਨੂੰ ਏਜੰਟ ਨੇ 8 ਮਹੀਨੇ ਪਹਿਲਾਂ ਸੁਰੱਖਿਆ ਗਾਰਡ ਦੀ ਨੌਕਰੀ ਲਈ ਉੱਥੇ ਬੁਲਾਇਆ ਸੀ। ਉਨ੍ਹਾਂ ਦੱਸਿਆ ਕਿ ਏਜੰਟ ਨੇ ਕਿਹਾ ਸੀ ਕਿ 2 ਲੱਖ ਸੈਲਰੀ ਹੋਵੇਗੀ ਜਿਸ ਕਰਕੇ ਉਸ ਨੇ ਸੋਚਿਆ ਕਿ ਜੇਕਰ ਉਹ ਵਿਦੇਸ਼ ਚਲਾ ਜਾਵੇਗਾ, ਤਾਂ ਘਰ ਦੇ ਹਾਲਾਤ ਸੁਧਰ ਜਾਣਗੇ। ਪਰ, ਜਿਵੇਂ ਹੀ ਉਹ ਉੱਥੇ ਪਹੁੰਚਿਆ, ਉਸ ਨੂੰ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਕਰ ਲਿਆ ਗਿਆ ਅਤੇ ਰੂਸੀ ਵਿੱਚ ਇੱਕ ਦਸਤਾਵੇਜ਼ 'ਤੇ ਦਸਤਖਤ ਕਰਨ ਲਈ ਕਿਹਾ ਗਿਆ। ਜਦੋਂ ਉਸ ਨੇ ਅਜਿਹਾ ਕਰਨ ਤੋਂ ਮਨਾ ਕੀਤਾ ਤਾਂ ਉੱਥੇ ਉਸ ਦੀ ਕੁੱਟਮਾਰ ਕੀਤੀ ਗਈ।
ਯੁੱਧ ਕਰਕੇ ਹਾਲਾਤ ਬੇਹਦ ਬਦਤਰ, ਖੁਦਕੁਸ਼ੀ ਕਰਨ ਦੀ ਵੀ ਕੀਤੀ ਕੋਸ਼ਿਸ਼
ਰਾਕੇਸ਼ ਨੇ ਦੱਸਿਆ ਕਿ, ਯੂਕਰੇਨ ਵਿੱਚ ਯੁੱਧ ਕਰਕੇ ਹਾਲਾਤ ਬੇਹਦ ਖਰਾਬ ਸੀ। ਹਥਿਆਰ ਚਲਾਉਣ ਦੀ ਸਿਖਲਾਈ ਦੇਣ ਤੋਂ ਬਾਅਦ ਯੂਕਰੇਨ ਵਿੱਚ ਸਾਨੂੰ ਬੰਬ ਵਗੈਰਹ ਤੇ ਮਿਜ਼ਾਈਲਾਂ ਗੱਡੀ ਵਿੱਚ ਲੋਡ ਕਰਵਾਉਣੀਆਂ ਸ਼ੁਰੂ ਕੀਤੀਆਂ। ਜੇਕਰ ਕੋਈ ਕੰਮ ਨਹੀਂ ਕਰਦਾ, ਤਾਂ ਸਾਨੂੰ ਕੁੱਟਿਆ ਜਾਂਦਾ ਸੀ। ਫਿਰ ਸਾਨੂੰ ਲੜਾਈ ਵਾਲੇ ਜ਼ੋਨ ਵਿੱਚ ਭੇਜਿਆ ਅਤੇ ਕਿਹਾ ਕਿ ਬਚੋਗੇ ਤਾਂ ਇੰਡੀਆ ਜਾਓਗੇ, ਨਹੀਂ ਤਾਂ ਇੱਥੇ ਹੀ ਰਹੋਗੇ। ਸਾਨੂੰ ਲੜਾਈ ਕਰਨ ਲਈ ਹਥਿਆਰ ਫੜ੍ਹਾ ਦਿੱਤੇ। ਸਾਨੂੰ ਏਕੇ-12 ਬੰਦੂਕ ਦਿੱਤੀ ਗਈ ਸੀ।
ਰਾਕੇਸ਼ ਨੇ ਦੱਸਿਆ ਕਿ 15 ਦਿਨਾਂ ਦੀ ਹਥਿਆਰਾਂ ਦੀ ਸਿਖਲਾਈ ਤੋਂ ਬਾਅਦ ਉਸ ਨੂੰ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿੱਚ ਸੁੱਟ ਦਿੱਤਾ ਗਿਆ। ਉਸ ਨੇ ਕਿਹਾ ਕਿ ਜੰਗ ਦੌਰਾਨ ਉਥੇ ਹਾਲਾਤ ਬਹੁਤ ਖਰਾਬ ਸੀ, ਕੁਝ ਨਹੀਂ ਪਤਾ ਲੱਗ ਰਿਹਾ ਸੀ ਮਿਜ਼ਾਈਲ ਕਿੱਥੋ ਆ ਰਹੀ ਸੀ, ਕਿਸ ਨੂੰ ਅਸੀ ਗੋਲੀ ਮਾਰਨੀ ਹੈ ਜਾਂ ਨਹੀਂ। ਕਿੱਥੇ ਰੂਸ ਹੈ ਤੇ ਕਿੱਥੇ ਯੂਕਰੇਨ, ਕੁੱਝ ਨਹੀਂ ਪਤਾ ਸੀ। ਅਸੀ ਰੂਸੀ ਵਾਲਿਆਂ ਉੱਤੇ ਹੀ ਗੋਲੀ ਤਾਅਨ ਦਿੱਤੀ ਸੀ, ਤਾਂ ਫਿਰ ਸਾਡੇ ਕੋਲੋਂ ਹਥਿਆਰ ਖੋਹ ਲਏ ਗਏ। ਬਹੁਤ ਬੁਰੇ ਤਰ੍ਹਾਂ ਦੇ ਹਾਲਾਤ ਰਹੇ। ਮੈਂ 2-3 ਵਾਰ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਮੇਰੇ ਤੋਂ ਇਲਾਵਾ ਉੱਥੇ ਹੋਰ ਵੀ 20-25 ਭਾਰਤੀ ਨੌਜਵਾਨ ਫਸੇ ਹੋਏ ਹਨ, ਜਿਨ੍ਹਾਂ ਨੇ ਭਾਰਤ ਸਰਕਾਰ ਕੋਲੋਂ ਮਦਦ ਦੀ ਮੰਗ ਕੀਤੀ ਹੈ।
ਏਜੰਟਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ
ਰਾਕੇਸ਼ ਨੇ ਧੋਖਾਧੜੀ ਕਰਨ ਵਾਲੇ ਏਜੰਟਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਦੱਸਿਆ ਕਿ ਮੇਰੇ 2 ਸਾਥੀਆਂ ਸੁਨੀਲ ਅਤੇ ਸ਼ਿਆਮ ਸੁੰਦਰ ਦੀ ਯੂਕਰੇਨ ਵਿੱਚ ਮੌਤ ਹੋ ਗਈ ਸੀ, ਜਿਨ੍ਹਾਂ ਦੀ ਲਾਸ਼ ਭਾਰਤ ਆ ਚੁੱਕੀ ਹੈ। ਉੱਥੇ ਦੀ ਸਰਕਾਰ ਕੀ ਮੁਆਵਜ਼ਾ ਦਿੰਦੀ ਕੀ, ਨਹੀਂ ਪਤਾ ਨਹੀਂ। ਉੱਥੇ ਏਜੰਟਾਂ ਨੇ ਸਾਡਾ ਬੈਂਕ ਖਾਤਾ ਖੁੱਲ੍ਹਵਾਇਆ ਸੀ ਅਤੇ ਖੁੱਦ ਨਾਲ ਗਏ ਸੀ। ਸਾਡੇ ਸਾਰਿਆਂ ਦੇ ਕੋਡ ਨੰਬਰ ਏਜੰਟ ਨੂੰ ਪਤਾ ਸੀ, ਸਾਡੇ ਪਾਸਪੋਰਟ ਦੀ ਕਾਪੀ ਸੀ, ਸੋ ਜਦੋਂ ਵੀ ਪੈਸੇ ਆਉਣਦੇ ਤਾਂ ਏਜੰਟ ਕੱਢਵਾ ਲੈਂਦੇ ਸੀ।
9 ਮਹੀਨੇ ਮੈਂ ਬਹੁਤ ਬਦਤਰ ਜ਼ਿੰਦਗੀ ਜੀਅ ਕੇ ਆਇਆ ਹਾਂ, ਮੌਤ ਦੇ ਮੂੰਹ ਚੋਂ ਨਿਕਲ ਕੇ ਭਾਰਤ ਵਾਪਸ ਪਰਤਿਆ ਹਾਂ। ਮੈਂ ਹੁਣ ਕਦੇ ਅਜਿਹੀ ਗ਼ਲਤੀ ਨਹੀਂ ਕਰਾਂਗਾ। ਮੈਂ ਹੋਰ ਨੌਜਵਾਨਾਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਕਿ ਜੋ ਬੱਚਿਆਂ ਨੂੰ ਗੁੰਮਰਾਹ ਕਰਕੇ ਯੂਕਰੇਨ ਭੇਜ ਰਹੇ ਹਨ, ਉਨ੍ਹਾਂ ਉੱਤੇ ਸਖ਼ਤ ਕਾਰਵਾਈ ਹੋਵੇ।
- ਰਾਕੇਸ਼ ਯਾਦਵ
ਰਾਕੇਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੰਤ ਸੀਚੇਵਾਲ ਦਾ ਸ਼ੁਕਰਾਨਾ ਕੀਤਾ ਕਿ ਅੱਜ ਉਨ੍ਹਾਂ ਮਦਦ ਨਾਲ ਯੂਕਰੇਨ ਵਰਗੀ ਯੁੱਧ ਭੂਮੀ ਚੋਂ ਨਿਕਲ ਕੇ ਭਾਰਤ ਪਰਤਿਆ ਹਾਂ।