ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਦੀ ਵੋਟਿੰਗ ਦੇ ਦਿਨ ਨਜ਼ਦੀਕ ਆ ਰਹੇ ਹਨ। ਉਥੇ ਹੀ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਸਿਆਸੀ ਪਾਰਟੀਆਂ ਦੇ ਦਿੱਗਜ ਆਗੂ ਵੀ ਉਨ੍ਹਾਂ ਦਾ ਪ੍ਰਚਾਰ 'ਚ ਸਾਥ ਦੇ ਰਹੇ ਹਨ। ਜਿਸ ਦੇ ਚੱਲਦੇ ਪੰਜਾਬ 'ਚ ਦੋ ਦਿਨਾਂ ਦੇ ਦੌਰੇ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਹੁੰਚੇ ਹਨ ਤਾਂ ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ 29 ਮਈ ਨੂੰ ਪੰਜਾਬ ਆਉਣਗੇ। ਉਹ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਦੇ ਨਜ਼ਰ ਆਉਣਗੇ। 26 ਮਈ ਨੂੰ ਪ੍ਰਿਯੰਕਾ ਗਾਂਧੀ 'ਨਾਰੀ ਨਿਆਂ ਸਮਾਗਮ' ਤਹਿਤ ਔਰਤਾਂ ਦੇ ਸਮਾਗਮ ਨੂੰ ਸੰਬੋਧਨ ਕਰਨਗੇ। ਉਪਰੰਤ 29 ਮਈ ਨੂੰ ਰਾਹੁਲ ਗਾਂਧੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ।
ਔਜਲਾ ਦੇ ਹੱਕ 'ਚ ਰਾਹੁਲ ਗਾਂਧੀ ਦਾ ਚੋਣ ਪ੍ਰਚਾਰ: ਦੱਸ ਦਈਏ ਕਿ ਸੂਤਰਾ ਅਨੁਸਾਰ ਰਾਹੁਲ ਗਾਂਧੀ ਭਲਕੇ ਅੰਮ੍ਰਿਤਸਰ ਫੇਰੀ 'ਤੇ ਵੀ ਆ ਸਕਦੇ ਹਨ, ਜਿਥੇ ਉਹ ਲੋਕ ਸਭਾ ਚੋਣਾਂ ਦੇ ਚੱਲਦੇ ਸਾਂਸਦ ਤੇ ਮੌਜੂਦਾ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ 'ਚ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ।
ਅੰਮ੍ਰਿਤਸਰ ਰੈਲੀ ਨੂੰ ਬਣਾਉਣਗੇ ਇਤਿਹਾਸਕ ਰੈਲੀ: ਇਸ ਸਬੰਧੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਅਜਨਾਲਾ ਰੋਡ 'ਤੇ ਪੰਜਾਬ ਕਾਂਗਰਸ ਵਲੋਂ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਇਸ ਰੈਲੀ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਆਖਿਆ ਗਿਆ ਹੈ। ਇਸ ਦੇ ਨਾਲ ਹੀ ਰੈਲੀ ਨੂੰ ਇਤਿਹਾਸਿਕ ਰੈਲੀ ਬਣਾਉਣ ਲਈ ਕਾਂਗਰਸੀ ਵਰਕਰਾਂ ਨੂੰ ਲਾਮਬੰਦੀ ਕਰਨ ਦੀ ਹਦਾਇਤ ਕੀਤੀ ਗਈ ਹੈ। ਜਿਸ ਦੇ ਚੱਲਦੇ ਰਾਹੁਲ ਗਾਂਧੀ ਅਤੇ ਨਾਲ ਹੋਰ ਕਈ ਦਿੱਗਜ ਵੀ ਇਸ ਰੈਲੀ 'ਚ ਸ਼ਾਮਲ ਹੋ ਸਕਦੇ ਹਨ।
ਉਮੀਦਵਾਰਾਂ ਦੇ ਹੱਕ 'ਚ ਆ ਰਹੇ ਦਿੱਗਜ: ਕਾਬਿਲੇਗੌਰ ਹੈ ਕਿ ਇੰਨ੍ਹਾਂ ਚੋਣਾਂ 'ਚ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਦਿੱਗਜ ਆਗੂਆਂ ਵਲੋਂ ਪੂਰੀ ਤਾਕਤ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 23 ਅਤੇ 24 ਮਈ ਨੂੰ ਦੋ ਦਿਨਾਂ ਪੰਜਾਬ ਦੌਰੇ 'ਤੇ ਆਏ ਹੋਏ ਹਨ, ਜੋ ਵੱਖ-ਵੱਖ ਰੈਲੀਆਂ ਨੂੰ ਇੰਨ੍ਹਾਂ ਦੋ ਦਿਨਾਂ 'ਚ ਸੰਬੋਧਨ ਕਰ ਰਹੇ ਹਨ। ਉਥੇ ਹੀ ਬਸਪਾ ਪ੍ਰਧਾਨ ਕੁਮਾਰੀ ਮਾਇਆਵਤੀ ਵੀ 24 ਮਈ ਭਾਵ ਅੱਜ ਪੰਜਾਬ ਦੌਰੇ 'ਤੇ ਹਨ। ਜਿਥੇ ਉਨ੍ਹਾਂ ਵਲੋਂ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਜਾ ਰਿਹਾ। ਹੁਣ ਕਾਂਗਰਸ ਵੀ ਇਸ ਦੌੜ 'ਚ ਅੱਗੇ ਵੱਧ ਰਹੀ ਹੈ, ਜਿਸ ਦੇ ਚੱਲਦੇ ਕੌਮੀ ਲੀਡਰਸ਼ਿਪ ਉਮੀਦਵਾਰਾਂ ਦੇ ਪ੍ਰਚਾਰ ਲਈ ਪੰਜਾਬ ਪਹੁੰਚ ਰਹੀ ਹੈ।