ਲੁਧਿਆਣਾ: ਸਾਲ 2025 ਦਾ ਆਗ਼ਾਜ਼ ਹੋਣ ਜਾ ਰਿਹਾ ਹੈ ਅਤੇ ਪੰਜਾਬ ਦੇ ਮੌਸਮ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਸਾਲ ਦੇ ਆਖਰੀ ਮਹੀਨੇ ਵਿੱਚ 35 ਮਿਲੀ ਮੀਟਰ ਦੇ ਕਰੀਬ ਬਾਰਿਸ਼ ਰਿਕਾਰਡ ਕੀਤੀ ਗਈ ਹੈ, ਜੋ ਕਿ ਦਸੰਬਰ ਵਿੱਚ ਹੋਣ ਵਾਲੀ ਆਮ ਬਾਰਿਸ਼ ਤੋਂ ਦੁੱਗਣੀ ਹੈ। ਪਹਾੜਾਂ ਵਿੱਚ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਵੱਲੋਂ ਆਉਂਦੇ 2 ਦਿਨਾਂ ਲਈ ਯੈੱਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਜਿਆਦਾ ਠੰਢ ਪੈਣ ਨੂੰ ਲੈ ਣੇ ਜਾਰੀ ਹੋਇਆ ਹੈ, ਭਾਵ ਕਿ ਆਉਂਦੇ ਦੋ ਦਿਨਾਂ ਦੇ ਦੌਰਾਨ ਸ਼ੀਤ ਲਹਿਰ ਦਾ ਸੂਬੇ ਦੇ ਲੋਕਾਂ ਨੂੰ ਸਾਹਮਣਾ ਕਰਨਾ ਪਵੇਗਾ।
ਠੰਡੀਆਂ ਹਵਾਵਾਂ ਚੱਲਣ ਦੀ ਭਵਿੱਖਬਾਣੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਅਤੇ ਜਲਵਾਯੂ ਬਦਲਾਅ ਵਿਭਾਗ ਨੇ ਜਾਰੀ ਕੀਤੀ ਹੈ।
ਠੰਢ ਨਾਲ ਹੋਵੇਗਾ ਨਵੇਂ ਵਰ੍ਹੇ ਦਾ ਆਗਾਜ਼, ਸ਼ੀਤ ਲਹਿਰ ਦਾ ਅਲਰਟ
ਪੀ ਏ ਯੂ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਮੁਤਾਬਿਕ ਫਿਲਹਾਲ ਆਉਂਦੇ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਕਿਤੇ ਕਿਤੇ ਧੁੰਦ ਪੈ ਸਕਦੀ ਹੈ। ਇਸ ਦੇ ਨਾਲ ਹੀ ਸ਼ੀਤ ਲ਼ਹਿਰ ਜਾਰੀ ਕੀਤਾ ਹੈ। ਲੋਕਾਂ ਨੂੰ ਸਫ਼ਰ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਹੈ, ਕਿਉਂਕਿ ਕਿਤੇ ਕਿਤੇ ਸੰਘਣੀ ਧੁੰਦ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਨਵੇਂ ਸਾਲ ਦਾ ਆਗਾਜ਼ ਲੋਕ ਠੰਢ ਦੇ ਨਾਲ ਕਰਨਗੇ, ਪਰ ਇਸ ਪੂਰੇ ਹਫ਼ਤੇ ਬਾਰਿਸ਼ ਪੈਣ ਦੀ ਕੋਈ ਆਸਾਰ ਨਹੀਂ।
ਫਸਲਾਂ ਲਈ ਅਨੁਕੂਲ ਮੌਸਮ
ਡਾਕਟਰ ਮੁਤਾਬਿਕ ਫਸਲਾਂ ਲਈ ਵੀ ਇਹ ਮੌਸਮ ਚੰਗਾ ਹੈ। ਕੋਈ ਫਸਲ ਨੂੰ ਨੁਕਸਾਨ ਨਹੀਂ ਹੈ। ਰੱਬੀ ਦੀਆਂ ਫ਼ਸਲਾਂ ਲਈ ਠੰਢ ਚੰਗੀ ਹੈ। ਪਿਛਲੇ ਮਹੀਨੇ ਖੁਸ਼ਕ ਰਹੇ ਸਨ, ਪਰ ਦਸੰਬਰ ਮਹੀਨੇ ਚ ਆਮ ਨਾਲੋਂ ਜਿਆਦਾ ਮੀਂਹ ਪੈਣ ਕਰਕੇ ਠੰਢ ਵਧੀ ਹੈ।
ਗੁਰਦਾਸਪੁਰ ਚੱਲ ਰਿਹਾ ਸਭ ਤੋਂ ਠੰਢਾ ਜ਼ਿਲ੍ਹਾ
ਮੌਜੂਦਾ ਪਾਰਾ ਵੱਧ ਤੋਂ ਵੱਧ ਦਾ 18 ਡਿਗਰੀ ਦੇ ਨੇੜੇ, ਜਦਕਿ ਘੱਟ ਤੋਂ ਘੱਟ 7 ਡਿਗਰੀ ਤੱਕ ਚੱਲ ਰਿਹਾ ਹੈ। ਲੁਧਿਆਣਾ ਵਿੱਚ ਪਾਰਾ ਵੱਧ ਤੋਂ ਵੱਧ 16 ਡਿਗਰੀ ਜਦਕਿ, ਘੱਟ ਤੋਂ ਘੱਟ 7.6 ਦਰਜ ਹੋਇਆ ਹੈ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 16.7 ਅਤੇ ਘੱਟ ਤੋਂ ਘੱਟ 7.6 ਡਿਗਰੀ ਸੈਲਸੀਅਸ, ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 17.4 ਅਤੇ ਘੱਟ ਤੋਂ ਘੱਟ 10 ਡਿਗਰੀ ਹੈ।
ਦੂਜੇ ਪਾਸੇ, ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 19.2 ਤੇ ਘੱਟ ਤੋਂ ਘੱਟ ਤਾਪਮਾਨ 7.9 ਡਿਗਰੀ ਸੈਲਸੀਅਸ, ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 16.9 ਅਤੇ ਘੱਟ ਤੋਂ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਹੋਇਆ ਹੈ। ਪਠਾਨਕੋਟ 19.3 ਵੱਧ ਤੋਂ ਵੱਧ ਅਤੇ 6 ਡਿਗਰੀ ਘੱਟ ਤੋਂ ਘੱਟ ਪਾਰਾ ਦਰਜ ਹੋਇਆ ਹੈ। ਫ਼ਰੀਦਕੋਟ 17.5 ਵੱਧ ਤੋਂ ਵੱਧ ਅਤੇ ਘੱਟੋ-ਘੱਟ 8.8 ਡਿਗਰੀ ਸੈਲਸੀਅਸ, ਗੁਰਦਾਸਪੁਰ ਵਿੱਚ ਵੱਧ ਤੋਂ ਵੱਧ 19.5, ਜਦਕਿ ਘੱਟ ਤੋਂ 5.5 ਡਿਗਰੀ ਦਰਜ ਹੋਇਆ ਹੈ, ਜੋ ਕਿ ਪੰਜਾਬ ਵਿੱਚ ਸਭ ਨਾਲੋਂ ਜਿਆਦਾ ਘੱਟ ਤਾਪਮਾਨ ਵਾਲਾ ਜ਼ਿਲ੍ਹਾ ਹੈ। ਪੰਜਾਬ ਦੇ ਬਾਕੀ ਸ਼ਹਿਰਾਂ ਵਿੱਚ ਵੀ ਲਗਭਗ ਇਸੇ ਤਰ੍ਹਾਂ ਦਾ ਤਾਪਮਾਨ ਚੱਲ ਰਿਹਾ ਹੈ।