ਲੁਧਿਆਣਾ: ਪੰਜਾਬ ਵਿੱਚ ਗਰਮੀ ਨੇ ਪਿਛਲੇ 54 ਸਾਲ ਦੇ ਰਿਕਾਰਡ ਤੋੜ ਦਿੱਤੇ ਹਨ। ਸੂਬੇ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਮੌਨਸੂਨ ਸੀਜ਼ਨ ਦੇ ਦੌਰਾਨ ਹਾਲਾਂਕਿ ਆਮ ਨਾਲੋਂ ਘੱਟ ਬਾਰਿਸ਼ ਰਹੀ, ਪਰ ਸਤੰਬਰ ਮਹੀਨੇ ਦੇ ਵਿੱਚ ਜੂਨ ਜੁਲਾਈ ਵਰਗੀ ਗਰਮੀ ਪੈ ਰਹੀ ਹੈ ਜਿਸ ਕਰਕੇ ਲੋਕ ਪਰੇਸ਼ਾਨ ਹਨ।
ਟੈਂਪਰੇਚਰ 36 ਡਿਗਰੀ ਦੇ ਨੇੜੇ ਪਹੁੰਚ ਚੁੱਕਾ ਹੈ। ਇਥੋਂ ਤੱਕ ਕਿ ਰਾਤ ਦਾ ਟੈਂਪਰੇਚਰ 27 ਡਿਗਰੀ ਦੇ ਨੇੜੇ ਚੱਲ ਰਿਹਾ ਹੈ, ਜੋ ਕਿ ਆਮ ਨਾਲੋਂ ਲਗਭਗ 6 ਡਿਗਰੀ ਜਿਆਦਾ ਹੈ। ਅਜਿਹੇ ਵਿੱਚ ਨਮੀ ਵੀ ਮੌਸਮ ਵਿੱਚ ਜਿਆਦਾ ਹੈ। ਇਸ ਕਰਕੇ ਲੋਕਾਂ ਨੂੰ ਕਾਫੀ ਗਰਮੀ ਦਾ ਕਹਿਰ ਝੱਲਣਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੁਤਾਬਿਕ ਪਿਛਲੇ 54 ਸਾਲ ਵਿੱਚ ਅਜਿਹੀ ਸਤੰਬਰ ਮਹੀਨੇ ਵਿੱਚ ਗਰਮੀ ਨਹੀਂ ਪਈ ਜਿਸ ਤਰ੍ਹਾਂ ਦੀ ਇਸ ਵਾਰ ਪੈ ਰਹੀ ਹੈ।
ਤਾਪਮਾਨ ਨੇ ਤੋੜੇ ਰਿਕਾਰਡ
ਮੌਸਮ ਵਿਗਿਆਨੀ ਪੀਏਯੂ ਡਾਕਟਰ ਪਵਨੀਤ ਕੌਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਆਮ ਟੈਂਪਰੇਚਰ ਜੋ ਕਿ 36 ਡਿਗਰੀ ਦੇ ਨੇੜੇ ਪਹੁੰਚ ਚੁੱਕਾ ਹੈ, ਉਹ ਤਿੰਨ ਡਿਗਰੀ ਜਿਆਦਾ ਹੈ, ਜਦਕਿ ਰਾਤ ਦਾ ਟੈਂਪਰੇਚਰ 27 ਡਿਗਰੀ ਦੇ ਨੇੜੇ ਹੈ, ਜੋ ਕਿ 22 ਜਾਂ ਫਿਰ 21 ਡਿਗਰੀ ਰਹਿੰਦਾ ਹੈ। ਇਸ ਤਰ੍ਹਾਂ ਪਿਛਲੇ ਕਈ ਸਾਲਾਂ ਦੇ ਰਿਕਾਰਡ ਗਰਮੀ ਨੇ ਤੋੜ ਦਿੱਤੇ ਹਨ।
ਮੀਂਹ ਦੀ ਥੋੜੀ ਉਮੀਦ
ਉਨ੍ਹਾਂ ਨੇ ਲੋਕਾਂ ਨੂੰ ਦੁਪਹਿਰ ਵੇਲੇ ਗਰਮੀ ਤੋਂ ਬਚਾਅ ਰੱਖਣ ਦੀ ਸਲਾਹ ਦਿੱਤੀ ਹੈ। ਡਾਕਟਰ ਪਵਨੀਤ ਕੌਰ ਨੇ ਕਿਹਾ ਹਾਲਾਂਕਿ ਟੈਂਪਰੇਚਰ ਬਹੁਤ ਜਿਆਦਾ ਨਹੀਂ ਹਨ, ਪਰ ਜਿਸ ਤਰ੍ਹਾਂ ਦਾ ਚਿਪਚਿਪਾ ਮੌਸਮ ਬਣਿਆ ਹੋਇਆ ਹੈ, ਹਿਊਮੀਡਿਟੀ ਲਗਾਤਾਰ ਮੌਸਮ ਵਿੱਚ ਵੱਧ ਰਹੀ ਹੈ। ਉਸ ਕਰਕੇ ਹੀ ਇਹ ਗਰਮੀ ਦਾ ਕਹਿਰ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਪੰਜਾਬ ਦੇ ਕੁਝ ਕੁ ਹਿੱਸਿਆਂ ਵਿੱਚ ਹਲਕੀ ਬਾਰਿਸ਼ ਵੀ ਪੈ ਸਕਦੀ ਹੈ, ਕਿਉਂਕਿ ਅਜੇ ਮਾਨਸੂਨ ਪੂਰੀ ਤਰ੍ਹਾਂ ਵਾਪਿਸ ਨਹੀਂ ਗਿਆ ਹੈ। ਹਾਲੇ ਵੀ ਕਿਤੇ ਕਿਤੇ ਉਹ ਐਕਟਿਵ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਟੈਂਪਰੇਚਰ ਇਸੇ ਤਰ੍ਹਾਂ ਰਹਿਣਗੇ।
ਕਿਸਾਨਾਂ ਨੂੰ ਖਾਸ ਸਲਾਹ
ਉੱਥੇ ਹੀ ਦੂਜੇ ਪਾਸੇ ਵਾਢੀ ਦਾ ਸੀਜ਼ਨ ਵੀ ਸ਼ੁਰੂ ਹੋ ਚੁੱਕਾ ਹੈ। ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ। ਮੌਸਮ ਦੇ ਵਿੱਚ ਹਿਊਮਡਿਟੀ ਜ਼ਿਆਦਾ ਹੋਣ ਕਰਕੇ ਝੋਨਾ ਵੀ ਜ਼ਿਆਦਾ ਹਿਊਮੀਡਿਟੀ ਵਾਲਾ ਆਏਗਾ ਜਿਸ ਦੀ ਮੰਡੀਆਂ ਦੇ ਵਿੱਚ ਖਰੀਦ ਨਹੀਂ ਹੋਵੇਗੀ। ਇਸ ਨੂੰ ਲੈ ਕੇ ਡਾਕਟਰ ਪਵਨੀਤ ਕੌਰ ਨੇ ਕਿਹਾ ਕਿ ਕਿਸਾਨ ਜਰੂਰ ਧਿਆਨ ਰੱਖਣ ਆਉਣਾ ਵਾਲੇ ਜਿਨਾਂ ਦੇ ਵਿੱਚ ਹਲਕੀ ਬਾਰਿਸ਼ ਵੀ ਪੈ ਸਕਦੀ ਹੈ।