ਲੁਧਿਆਣਾ: ਪੰਜਾਬ ਦੇ ਵਿੱਚ ਤਪਦੀ ਗਰਮੀ ਤੋਂ ਆਉਂਦੇ ਦਿਨਾਂ 'ਚ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਆਈਐਮਡੀ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ 10 ਮਈ ਤੋਂ ਲੈ ਕੇ 13 ਮਈ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਹਵਾਵਾਂ, ਬੱਦਲਵਾਈ ਅਤੇ ਕਿਤੇ-ਕਿਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਜਿਸ ਦੇ ਨਾਲ ਤਾਪਮਾਨ ਹੇਠਾਂ ਜਾਵੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ। ਆਈਐਮਡੀ ਵੱਲੋਂ ਇਸ ਸਬੰਧੀ 10 ਮਈ ਵਾਲੇ ਦਿਨ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਲੋਕ ਇਸ ਸਬੰਧੀ ਜਰੂਰ ਧਿਆਨ ਰੱਖਣ। ਜਿਆਦਾਤਰ ਤੇਜ਼ ਹਵਾਵਾਂ ਚੱਲਣ ਦੇ ਆਸਾਰ ਲਗਾਏ ਜਾ ਰਹੇ ਹਨ।
40 ਡਿਗਰੀ ਤੋਂ ਉੱਤੇ ਤਾਪਮਾਨ ਦਰਜ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੋਰ ਕਿੰਗਰਾ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਹੈ ਕਿ ਪਿਛਲੇ ਦੋ ਦਿਨ ਤੋਂ ਲਗਾਤਾਰ ਤਾਪਮਾਨ 40 ਡਿਗਰੀ ਤੋਂ ਉੱਪਰ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 7 ਮਈ ਨੂੰ ਅਤੇ 8 ਮਈ ਨੂੰ ਤਾਪਮਾਨ 40 ਡਿਗਰੀ ਤੋਂ ਉੱਤੇ ਸੀ, ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਲੱਗੀ ਹੋਈ ਮੌਸਮ ਓਬਜਰਵੇਟਰੀ ਵੱਲੋਂ ਰਿਕਾਰਡ ਕੀਤਾ ਗਿਆ ਹੈ। ਜਦੋਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਆਮ ਨਾਲੋ ਤਾਪਮਾਨ ਦੋ ਤੋਂ ਤਿੰਨ ਡਿਗਰੀ ਘੱਟ ਰਹਿੰਦਾ ਹੈ, ਜਿਸ ਤੋਂ ਜਾਹਿਰ ਹੈ 40 ਡਿਗਰੀ ਤੋਂ ਪਾਰ ਤਾਪਮਾਨ ਚਲਾ ਗਿਆ। ਅੱਜ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 22 ਡਿਗਰੀ ਦੇ ਨੇੜੇ ਹੈ।
ਗਰਮੀ ਤੋਂ ਮਿਲ ਸਕਦੀ ਰਾਹਤ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਡਾਕਟਰ ਨੇ ਦੱਸਿਆ ਕਿ ਜਿਸ ਤਰ੍ਹਾਂ ਲਗਾਤਾਰ ਪੱਛਮੀ ਚੱਕਰਵਾਤ ਵੇਖਣ ਨੂੰ ਮਿਲ ਰਿਹਾ ਹੈ, ਇਸ ਤੋਂ ਲੱਗ ਰਿਹਾ ਹੈ ਕਿ ਇਸ ਵਾਰ ਮੌਨਸੂਨ ਵੀ ਚੰਗਾ ਹੋਵੇਗਾ। ਉਹਨਾਂ ਕਿਹਾ ਕਿ ਜਦੋਂ ਕਿ ਪਿਛਲੇ ਸਾਲ 2023 ਦੇ ਵਿੱਚ ਮਾਰਚ ਤੇ ਅਪ੍ਰੈਲ ਮਹੀਨਾ ਕਾਫੀ ਸੁੱਕਾ ਰਿਹਾ। ਇਹਨਾਂ ਮਹੀਨਿਆਂ ਦੇ ਵਿੱਚ ਬਾਰਿਸ਼ ਹੀ ਨਹੀਂ ਹੋਈ ਪਰ ਇਸ ਵਾਰ ਚਾਰ ਪੰਜ ਦਿਨ ਤੋਂ ਬਾਅਦ ਜ਼ਰੂਰ ਕੋਈ ਨਾ ਕੋਈ ਪੱਛਮੀ ਚੱਕਰਵਾਤ ਬਣ ਜਾਂਦਾ ਹੈ। ਜਿਸ ਨਾਲ ਤਾਪਮਾਨ ਵੀ ਹੇਠਾਂ ਚਲਾ ਜਾਂਦਾ ਹੈ। ਉਹਨਾਂ ਕਿਹਾ ਕਿ ਜਦੋਂ ਤਿੰਨ ਚਾਰ ਦਿਨ ਮੌਸਮ ਦੇ ਵਿੱਚ ਤਬਦੀਲੀ ਆਵੇਗੀ ਤਾਂ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੇਗੀ ਅਤੇ ਤਾਪਮਾਨ ਵੀ ਹੇਠਾਂ ਜਾਵੇਗਾ।