ਲੁਧਿਆਣਾ/ ਜਲੰਧਰ/ ਬਠਿੰਡਾ: ਭਾਜਪਾ ਦੀ ਹਿਮਾਚਲ ਦੇ ਮੰਡੀ ਤੋਂ ਐਮਪੀ ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇਕ ਵਾਰ ਫਿਰ ਕਿਸਾਨਾਂ ਅਤੇ ਕਿਸਾਨ ਅੰਦੋਲਨ ਉੱਤੇ ਵਿਵਾਦਿਤ ਟਿੱਪਣੀ ਕੀਤੀ ਹੈ। ਇਸ ਵਾਇਰਲ ਵੀਡੀਓ ਵਿੱਚ ਕੰਗਨਾ ਨੇ ਕਿਸਾਨ ਅੰਦੋਲਨ ਬਾਰੇ ਕਿਹਾ ਕਿ, "ਉੱਥੇ ਲਾਸ਼ਾਂ ਲਟਕ ਰਹੀਆਂ ਸੀ ਤੇ ਰੇਪ ਹੋ ਰਹੇ ਸੀ। ਬੰਗਲਾਦੇਸ਼ ਵਰਗੀ ਸਥਿਤੀ ਇੱਥੇ ਬਣ ਸਕਦੀ ਸੀ, ਜੇਕਰ ਸਾਡੇ ਲੀਡਰ ਮਜ਼ਬੂਤ ਨਾ ਹੁੰਦੇ।" ਇਸ ਤੋਂ ਬਾਅਦ ਵਿਰੋਧੀ ਧਿਰਾਂ ਵਲੋਂ ਭਾਜਪਾ ਵਲੋਂ ਇਸ ਬਿਆਨ ਉੱਤੇ ਸਫਾਈ ਮੰਗੀ ਹੈ। ਇਸ ਦੇ ਨਾਲ ਹੀ, ਕੰਗਨਾ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਸੋਸ਼ਲ ਮੀਡੀਆ ਇਨਫਲੂਏਂਸਰ ਨੇ ਸ਼ੇਅਰ ਕੀਤੀ ਵੀਡੀਓ: ਸੋਸ਼ਲ ਮੀਡੀਆ ਪ੍ਰਭਾਵਕ ਧਰੁਵ ਰਾਠੀ ਨੇ ਇਸ ਇੰਟਰਵਿਊ ਨੂੰ ਰੀਟਵੀਟ ਕਰਕੇ ਕੰਗਨਾ ਰਣੌਤ 'ਤੇ ਨਿਸ਼ਾਨਾ ਸਾਧਿਆ ਹੈ ਅਤੇ ਸੀਆਈਐਸਐਫ ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਵਲੋਂ ਮਾਰੇ ਥੱਪੜ ਨੂੰ ਮੁੜ ਯਾਦ ਕਰਵਾਇਆ ਹੈ। ਸੁਣੋ ਕੰਗਨਾ ਦਾ ਬਿਆਨ ਤੇ ਰਾਠੀ ਦਾ ਰਿਐਕਸ਼ਨ-
अभी थप्पड़ का निशान गया नहीं फिर वही बात कह गयी
— Dhruv Rathee Parody (@Dhruv_Rathee20) August 25, 2024
अब फिर कोई बेटी उठ खड़ी हुई तो दोनों गाल पर थप्पड़ जड़ कर जायेगी #KanganaRanaut तेरी हरकत हर बार थप्पड़ खाने वाला ही होता है
अब इस पर भाजपाई क्या बोलेंगे
प्रधानमंत्री जी क्या कहना है आपको इस पर pic.twitter.com/6CrNfx9sLN
ਕੰਗਨਾ ਨੂੰ ਡਿਬਰੂਗੜ੍ਹ ਜੇਲ ਭੇਜ ਦੇਣਾ ਚਾਹੀਦਾ: ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਕੰਗਨਾ ਦੇ ਬਿਆਨ ਦੀ ਨਿਖੇਧੀ ਕਰਦਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਜਾਂਚ ਕਰਵਾਉਣ ਅਤੇ ਕੰਗਨਾ ਵਿਰੁੱਧ ਮਾਮਲਾ ਦਰਜ ਕਰਕੇ, ਇਸ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੰਗਨਾ ਬੇਲਗਾਮ ਹੋ ਕੇ ਤਾਂ ਹੀ ਬੋਲਦੀ ਹੈ, ਕਿਉਂਕਿ ਉਸ ਨੂੰ ਪਿੱਛੀ ਭਾਜਪਾ ਦਾ ਸਮਰਥਨ ਹੈ ਅਤੇ ਇਹ ਸਭ ਭਾਜਪਾ ਵਲੋਂ ਹੀ ਕਰਵਾਇਆ ਜਾਂਦਾ ਹੈ।
ਕੰਗਨਾ ਦੇ ਬੋਲਣ 'ਤੇ ਲਗਾਮ ਲਗਾਓ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਭਾਜਪਾ ਸੰਸਦ ਕੰਗਨਾ ਰਣੌਤ ਦੇ ਵਿਵਾਦਿਤ ਬਿਆਨਾਂ ਲਈ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਬਿਆਨ ਦੇ ਰਹੀ ਹੈ। ਨੀਲ ਗਰਗ ਨੇ ਕਿਹਾ ਕਿ ਕੰਗਨਾ ਰਣੌਤ ਕਦੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਵਾਲੇ ਬਿਆਨ ਦਿੰਦੀ ਹੈ ਅਤੇ ਕਦੇ ਪੰਜਾਬੀਆਂ ਨੂੰ ਅੱਤਵਾਦੀ ਦੱਸਦੀ ਹੈ। ਉਨ੍ਹਾਂ ਦੇ ਬਿਆਨਾਂ ਤੋਂ ਇੰਝ ਜਾਪਦਾ ਹੈ ਕਿ ਉਨ੍ਹਾਂ ਨੂੰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦਾ ਸਮਰਥਨ ਹਾਸਲ ਹੈ ਜਾਂ ਪਾਰਟੀ ਵਲੋਂ ਜਾਣਬੁੱਝ ਕੇ ਉਨ੍ਹਾਂ ਨੂੰ ਅਜਿਹੇ ਬਿਆਨ ਦੇਣ ਲਈ ਕਿਹਾ ਜਾ ਰਿਹਾ ਹੈ।
ਗਰਗ ਨੇ ਕਿਹਾ ਕਿ ਭਾਜਪਾ ਕਿਸਾਨ ਅੰਦੋਲਨ ਦੇ ਸਮੇਂ ਤੋਂ ਹੀ ਪੰਜਾਬ ਨੂੰ ਨਿਸ਼ਾਨਾ ਬਣਾ ਰਹੀ ਹੈ, ਜੋ ਵੀ ਮੋਦੀ ਸਰਕਾਰ ਵਿਰੁੱਧ ਆਵਾਜ਼ ਉਠਾਉਂਦਾ ਹੈ, ਉਸ ਨੂੰ ਕੇਂਦਰ ਸਰਕਾਰ ਵੱਲੋਂ ਬਦਨਾਮ ਕਰਨ ਜਾਂ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੰਜਾਬ ਨਾਲ ਵੀ ਅਜਿਹਾ ਹੀ ਕੀਤਾ ਜਾ ਰਿਹਾ ਹੈ। ਆਪ' ਨੇਤਾ ਨੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਕੰਗਨਾ ਦੇ ਵਿਵਾਦਿਤ ਬਿਆਨਾਂ 'ਤੇ ਕਾਬੂ ਪਾਉਣ ਦੀ ਅਪੀਲ ਕੀਤੀ।
ਕੰਗਨਾ ਖਿਲਾਫ 295 ਏ ਦਾ ਮਾਮਲਾ ਦਰਜ ਹੋਵੇ: ਸੰਸਦ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਅਤੇ ਪੰਜਾਬ ਬਾਰੇ ਦਿੱਤੇ ਬਿਆਨ ਉੱਤੇ ਟਿੱਪਣੀ ਕਰਦੇ ਹੋਏ ਸਾਬਕਾ ਸਾਂਸਦ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਸਾਂਸਦ ਕੰਗਣਾ ਰਣੌਤ ਦੂਜੇ ਧਰਮਾਂ ਦੇ ਖਿਲਾਫ ਬੋਲਦੀ ਹੈ, ਉਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, 295 ਏ ਦਾ ਮਾਮਲਾ ਦਰਜ ਉਨ੍ਹਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ। ਪਰ, ਸਰਕਾਰ ਹੀ ਉਨ੍ਹਾਂ ਦੇ ਨਾਲ ਹਨ ਇਹ ਸਭ ਸਰਕਾਰ ਦੀ ਸ਼ਾਇਦ ਇਹ ਹੋ ਰਿਹਾ ਹੈ ਅਤੇ ਅਜਿਹੇ ਬਿਆਨਾਂ ਨਾਲ ਦੇਸ਼ ਦਾ ਮਾਹੌਲ ਖਰਾਬ ਹੁੰਦਾ ਹੈ।
ਭਾਜਪਾ ਆਗੂ ਨੇ ਕਿਹਾ - ਸੈਂਸਟਿਵ ਮੁੱਦਿਆਂ ਉੱਤੇ ਟਿੱਪਣੀਆਂ ਨਹੀਂ ਕਰਨੀ ਚਾਹੀਦੀ: ਹਿਮਾਚਲ ਪ੍ਰਦੇਸ਼ ਤੋਂ ਸਾਂਸਦ ਕੰਗਨਾ ਰਣੌਤ ਦੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਭਾਜਪਾ ਦੇ ਨੇਤਾ ਹਰਜੀਤ ਸਿੰਘ ਗਰੇਵਾਲ ਇਨ੍ਹਾਂ ਬਿਆਨਾਂ ਤੋਂ ਕਿਨਾਰਾ ਕਰਦੇ ਹੋਏ ਕਿਹਾ ਕਿ ਕੰਗਨਾ ਰਣੌਤ ਨੂੰ ਅਜਿਹੇ ਸੈਂਸਟਿਵ ਮੁੱਦਿਆਂ ਉੱਤੇ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਹੈ। ਪੰਜਾਬ ਬਾਰਡਰ ਸਟੇਟ ਹੈ ਅਤੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਹੀ ਕਿਸਾਨ ਬਿਲਾਂ ਨੂੰ ਵਾਪਸ ਲੈ ਲਿਆ ਹੈ, ਤਾਂ ਕੰਗਣਾ ਰਣੌਤ ਨੂੰ ਇਸ ਉੱਪਰ ਟਿੱਪਣੀ ਨਹੀਂ ਕਰਨੀ ਚਾਹੀਦੀ।
ਹਰਜੀਤ ਗਰੇਵਾਲ ਨੇ ਕਿਹਾ ਕਿ ਅਜਿਹੇ ਬਿਆਨ ਸੋਚ ਸਮਝ ਕੇ ਦਿੱਤੇ ਜਾਣੇ ਚਾਹੀਦੇ ਹਨ, ਕਿਉਂਕਿ ਕਿਸਾਨ ਅੰਦੋਲਨ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਿਸਾਨ ਇਸ ਦੇਸ਼ ਦੇ ਹਨ ਅਤੇ ਇਨ੍ਹਾਂ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਟੱਪਣੀ ਨਹੀਂ ਕੀਤੀ ਜਾਣੀ ਚਾਹੀਦੀ। ਹਰਜੀਤ ਨੇ ਕਿਹਾ ਕਿ ਨਾ ਤਾਂ ਇਹ ਮੁੱਦਾ ਕੰਗਨਾ ਰਣੌਤ ਕੋਲ ਹੈ ਅਤੇ ਨਾ ਹੀ ਉਸ ਨੂੰ ਇਹ ਅਜਿਹੇ ਮੁੱਦਿਆਂ ਉੱਤੇ ਬੋਲਣਾ ਚਾਹੀਦਾ ਹੈ । ਸਾਡੇ ਪੀਐਮ ਮੋਦੀ ਕਿਸਾਨ ਹਿਤ ਹਨ, ਉਹ ਰਹਿੰਦੀਆਂ ਕਿਸਾਨਾਂ ਦੀਆਂ ਮੰਗਾਂ ਵੀ ਮੰਨ ਲੈਣਗੇ।
ਕੰਗਨਾ ਦੀ ਫਿਲਮ ਐਮਰਜੈਂਸੀ ਦਾ ਵੀ ਵਿਰੋਧ: ਉਧਰ ਦੂਜੇ ਪਾਸੇ, ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਸਖ਼ਤ ਇਤਰਾਜ ਜਾਹਿਰ ਕੀਤਾ ਜਾ ਰਿਹਾ ਹੈ। ਇਸ ਫਿਲਮ ਉੱਤੇ ਬੈਨ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਵਿੱਚ ਕੁਝ ਅਜਿਹੇ ਸੀਨ ਫਿਲਮਾਂ ਗਏ ਹਨ ਜਿਸ ਨਾਲ ਸਿੱਖ ਧਰਮ ਅਤੇ ਸਿੱਖਾਂ ਦੀ ਛਵੀ ਨੂੰ ਠੇਸ ਪਹੁੰਚਦੀ ਹੈ ਅਤੇ ਲਗਾਤਾਰ ਇਸ ਮਾਮਲੇ ਵਿੱਚ ਕੇਂਦਰ ਦੇ ਦਖਲ ਦੀ ਮੰਗ ਕੀਤੀ ਜਾ ਰਹੀ ਹੈ।