ਚੰਡੀਗੜ੍ਹ : ਪੰਜਾਬ ਦੀਆਂ ਚਾਰ ਸੀਟਾਂ 'ਤੇ ਹੋਈਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਚੁਣੇ ਗਏ 4 ਵਿਧਾਇਕਾਂ ਨੇ ਸਹੁੰ ਚੁੱਕਣੀ ਸੀ ਪਰ 3 ਵਿਧਾਇਕਾਂ ਨੇ ਹੀ ਸਹੁੰ ਚੁੱਕੀ। ਜਿੰਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਇਸ਼ਾਂਕ ਚੱਬੇਵਾਲ, ਗੁਰਦੀਪ ਸਿੰਘ ਰੰਧਾਵਾ ਅਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਹੀ ਸਹੁੰ ਚੁੱਕੀ। ਜਦਕਿ ਪਹਿਲਾਂ ਆਖਿਆ ਗਿਆ ਸੀ ਕਿ ਨਵੇਂ ਚਾਰੇ ਵਿਧਾਇਕ ਸਹੁੰ ਚੁੱਕਣਗੇ ਪਰ ਚੌਥੇ ਵਿਧਾਇਕ ਵੱਲੋਂ ਸਹੁੰ ਨਹੀਂ ਚੁੱਕੀ ਗਈ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ। ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੀ ਸਮਾਗਮ ਵਿੱਚ ਮੌਜੂਦ ਰਹੇ।
ਇਸ਼ਾਂਕ ਚੱਬੇਵਾਲ ਨੇ ਚੁੱਕੀ ਸਹੁੰ
ਸਮਾਗਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਚੱਬੇਵਾਲ ਤੋਂ 'ਆਪ' ਦੇ ਨੌਜਵਾਨ ਵਿਧਾਇਕ ਇਸ਼ਾਂਕ ਚੱਬੇਵਾਲ ਨੇ ਸਹੁੰ ਚੁੱਕਣ ਮਗਰੋਂ 'ਜੈ ਭੀਮ ਜੈ ਭਾਰਤ' ਅਤੇ 'ਇਨਕਲਾਬ ਜ਼ਿੰਦਾਬਾਦ' ਦਾ ਨਾਅਰਾ ਲਾਇਆ। ਉਹ ਆਪਣੇ ਪਿਤਾ ਡਾ. ਰਾਜ ਕੁਮਾਰ ਚੱਬੇਵਾਲ ਦੇ ਮੈਂਬਰ ਪਾਰਲੀਮੈਂਟ ਬਣਨ ਮਗਰੋਂ ਖਾਲੀ ਹੋਈ ਚੱਬੇਵਾਲ ਦੀ ਸੀਟ ਤੋਂ ਵਿਧਾਇਕ ਬਣੇ ਹਨ। ਡਾ. ਰਾਜ ਕੁਮਾਰ ਚੱਬੇਵਾਲ ਪਹਿਲਾਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ, ਉਹ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ 'ਆਪ' ਵਿੱਚ ਸ਼ਾਮਿਲ ਹੋਏ ਸਨ।
ਗੁਰਦੀਪ ਸਿੰਘ ਰੰਧਾਵਾ ਨੇ ਸਹੁੰ ਚੁੱਕੀ
ਹਲਕਾ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੇ ਸਹੁੰ ਚੁੱਕੀ। ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਦਿੱਗਜ ਲੀਡਰ ਅਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦੀ ਪਤਨੀ ਜਤਿੰਦਰ ਰੰਧਾਵਾ ਨੂੰ ਹਰਾਇਆ।
ਡਿੰਪੀ ਢਿੱਲੋਂ ਨੇ ਸਹੁੰ ਚੁੱਕੀ
ਤੀਜੇ ਐਮਐਲਏ ਵੱਜੋਂ ਹਲਕਾ ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਸਹੁੰ ਚੁੱਕੀ। ਸ਼੍ਰੋਮਣੀ ਅਕਾਲੀ ਦਲ ਦੇ 4 ਦਹਾਕੇ ਤੋਂ ਵੱਧ ਸਮਾਂ ਮੈਂਬਰ ਰਹੇ ਡਿੰਪੀ ਢਿੱਲੋਂ ਜ਼ਿਮਨੀ ਚੋਣ ਤੋਂ ਕੁਝ ਸਮਾਂ ਪਹਿਲਾਂ ਹੀ ਆਪ ਵਿੱਚ ਸ਼ਾਮਿਲ ਹੋਏ ਸਨ।
ਕੁਲਦੀਪ ਸਿੰਘ ਕਾਲਾ ਢਿੱਲੋਂ
ਬਰਨਾਲਾ ਸੀਟ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਚੋਣ ਜਿੱਤ ਕੇ ਵਿਧਾਇਕ ਬਣੇ ਪਰ ਅੱਜ ਨੇ ਆਪਣੇ ਅਹੁਦੇ ਦੀ ਸਹੁੰ ਨਹੀਂ ਚੱਕੀ। ਇਸ ਲਈ ਉਹ 4 ਦਸੰਬਰ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਜ਼ਿਮਨੀ ਚੋਣਾਂ ਵਿੱਚ ਤਿੰਨ ਸੀਟਾਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਹਨ ਜਦੋਂ ਕਿ ਇੱਕ ਸੀਟ ਕਾਂਗਰਸ ਦੇ ਹਿੱਸੇ ਆਈ ਹੈ। ਤਿੰਨ ਵਿਧਾਇਕਾਂ ਦੇ ਜਿੱਤਣ ਨਾਲ 'ਆਪ' ਦੀਆਂ ਵਿਧਾਨ ਸਭਾ ਵਿੱਚ ਹੁਣ ਕੁੱਲ 95 ਸੀਟਾਂ ਹੋ ਗਈਆਂ ਹਨ।
16ਵੀਂ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਵਿਧਾਇਕ
ਪੰਜਾਬ ਦੀਆਂ ਚਾਰ ਸੀਟਾਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਵਿੱਚ ਜ਼ਿਮਨੀ ਚੋਣਾਂ ਹੋਈਆਂ ਸਨ। ਇਨ੍ਹਾਂ ਸੀਟਾਂ ਦੇ ਵਿਧਾਇਕ ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ। ਇਸ ਦੌਰਾਨ ਹੋਈਆਂ ਜ਼ਿਮਨੀ ਚੋਣਾਂ ਵਿੱਚ ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ, ਚੱਬੇਵਾਲ ਤੋਂ ਡਾ. ਇਸ਼ਾਂਕ ਚੱਬੇਵਾਲ, ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਚੋਣ ਜਿੱਤੇ ਹਨ। ਇਹ ਤਿੰਨੋ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦੇ ਹਨ। ਜਦੋਂਕਿ ਬਰਨਾਲਾ ਸੀਟ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਚੋਣ ਜਿੱਤ ਕੇ ਵਿਧਾਇਕ ਬਣੇ ਹਨ। ਹਲਾਂਕਿ ਪਹਿਲਾਂ ਇਸ ਸੀਟ 'ਤੇ ਆਪ ਦਾ ਕਬਜ਼ਾ ਸੀ। 2017 ਅਤੇ 2022 ਵਿੱਚ ਲਗਾਤਾਰ ਦੋ ਵਾਰ ਗੁਰਮੀਤ ਸਿੰਘ ਮੀਤ ਹੇਅਰ ਵਿਧਾਇਕ ਬਣੇ ਸਨ। 2022 ਵਿੱਚ ਵਿਧਾਇਕ ਬਣਨ ਤੋਂ ਬਾਅਦ ਉਹ ਸਰਕਾਰ ਵਿੱਚ ਮੰਤਰੀ ਅਹੁਦੇ ਤੇ ਵੀ ਰਹੇ।
ਢਾਈ ਸਾਲਾਂ ਵਿੱਚ 2 ਵਾਰੀ ਹਾਰੀ ਆਪ
ਆਮ ਆਦਮੀ ਪਾਰਟੀ ਦੇ ਢਾਈ ਸਾਲ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸੱਤਾਧਾਰੀ ਪਾਰਟੀ ਨੂੰ ਦੋ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਪਾਰਟੀ ਨੇ ਦੋਵੇਂ ਸੀਟਾਂ ਉਸ ਖੇਤਰ ਵਿੱਚ ਹਾਰੀਆਂ ਸਨ, ਜਿਸ ਨੂੰ ਆਪ ਦਾ ਗੜ੍ਹ ਮੰਨਿਆ ਜਾਂਦਾ ਹੈ। ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ, ਉਸ ਵੇਲੇ ਉਹ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਨ। ਇਸ ਦੌਰਾਨ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ। ਜੂਨ 2022 ਵਿੱਚ ਹੋਈ ਲੋਕ ਸਭਾ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੇ ਹਰਾਇਆ ਸੀ। ਜਦੋਂ ਕਿ ਇਸ ਵਾਰ ਬਰਨਾਲਾ ਸੀਟ ਤੇ ਹੋਈ ਜ਼ਿਮਨੀ ਚੋਣ ਵਿੱਚ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਦੋਸਤ ਹਰਿੰਦਰ ਸਿੰਘ ਧਾਲੀਵਾਰ ਨੂੰ ਹਾਰ ਸਹਿਣੀ ਪਈ। ਇਸ ਸੀਟ 'ਤੇ ਆਪ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਪਾਰਟੀ ਵਿੱਚ ਬਗ਼ਾਵਤ ਸੀ। ਆਪ ਦੇ ਪੁਰਾਣੇ ਨੇਤਾ ਗੁਰਦੀਪ ਸਿੰਘ ਬਾਠ ਨੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਉਹ 16899 ਵੋਟਾਂ ਲੈਣ ਵਿੱਚ ਕਾਮਯਾਬ ਰਹੇ। ਜਦੋਂਕਿ ਇੱਥੇ ਜਿੱਤ ਹਾਰ ਦਾ ਅੰਤਰ ਮਹਿਜ਼ 2157 ਵੋਟਾਂ ਰਿਹਾ।
ਹੁਣ ਨਗਰ ਨਿਗਮ ਚੋਣਾਂ ਦੀ ਵਾਰੀ
ਜ਼ਿਮਨੀ ਚੋਣਾਂ ਤੋਂ ਬਾਅਦ ਹੁਣ ਨਗਰ ਨਿਗਮ ਚੋਣਾਂ ਵਿੱਚ 'ਆਪ' ਦੀ ਅਗਨੀ ਪ੍ਰੀਖਿਆ ਹੋਣੀ ਹੈ। ਸੂਬੇ ਦੀਆਂ 5 ਨਗਰ ਨਿਗਮਾਂ ਦੇ ਨਾਲ-ਨਾਲ 42 ਨਗਰ ਕੌਂਸਲਾਂ ਅਤੇ ਕਮੇਟੀਆਂ ਲਈ ਵੀ ਚੋਣਾਂ ਹੋਣੀਆਂ ਹਨ। ਹੁਣ ਆਮ ਆਦਮੀ ਪਾਰਟੀ ਦਾ ਪੂਰਾ ਧਿਆਨ ਮੁਹੱਲੇ ਦੀਆਂ ਚੋਣਾਂ 'ਤੇ ਟਿਿਕਆ ਹੋਇਆ ਹੈ। ਭਗਵੰਤ ਮਾਨ ਵੱਲੋਂ ਆਪ ਦੀ ਸੂਬਾ ਇਕਾਈ ਦੀ ਪ੍ਰਧਾਨਗੀ ਛੱਡਣ ਤੋਂ ਮਗਰੋਂ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅਮਨ ਅਰੋੜਾ ਨੂੰ ਕਮਾਨ ਸੌਂਪੀ ਗਈ ਹੈ। ਹੁਣ ਵੇਖਣਾ ਹੋਵੇਗਾ ਕਿ ਨਗਰ ਨਿਗਮ ਦੀਆਂ ਚੋਣਾਂ 'ਚ ਪੰਜਾਬ ਦੇ ਲੋਕ ਕਿਸ ਦੇ ਪੱਖ ਕੇ ਫੈਸਲਾ ਸੁਣਾਉਣਗੇ।