ਫ਼ਰੀਦਕੋਟ/ਮੋਗਾ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਅੱਜ ਪੋਲਿੰਗ ਹੋ ਰਹੀ ਹੈ। ਅੱਜ ਪੰਜਾਬ ਦੇ 2 ਕਰੋੜ ਤੋਂ ਵੱਧ ਵੋਟਰ ਚੋਣ ਮੈਦਾਨ ਵਿੱਤ ਉਤਰੇ 328 ਉਮੀਦਵਾਰਾਂ ਦੀ ਕਿਸਮਤ ਨੂੰ ਈਵੀਐਮ ਮਸ਼ੀਨਾਂ ਵਿੱਚ ਕੈਦ ਕਰਨਗੇ। ਪੰਜਾਬ ਦੇ ਪੋਲਿੰਗ ਸਟੇਸ਼ਨਾਂ ਉੱਤੇ ਉਮੀਦਵਾਰਾਂ ਸਣੇ ਆਮ ਜਨਤਾ ਵਿੱਚ ਵੀ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਦਿਨ ਚੜ੍ਹਦੇ ਹੀ ਲੋਕਾਂ ਸਣੇ ਉਮੀਦਵਾਰ ਵੀ ਵੋਟ ਪਾਉਣ ਪਹੁੰਚੇ ਹਨ।
ਲੁਧਿਆਣਾ ਤੋਂ ਰਾਜਾ ਵੜਿੰਗ ਨੇ ਭੁਗਤਾਈ ਵੋਟ: ਕਾਂਗਰਸ ਦੇ ਪੰਜਾਬ ਪ੍ਰਧਾਨ ਤੇ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਵੋਟ ਪਾਈ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਬੂਥ ਨੰਬਰ 118 ਉੱਤੇ ਮੌਜੂਦ ਰਹੇ।
ਲੁਧਿਆਣਾ ਲੋਕ ਸਭਾ ਸੀਟ ਬਾਰੇ: ਲੁਧਿਆਣਾ ਵਿੱਚ ਮੁੱਖ ਮੁਕਾਬਲਾ ਚਾਰ ਪਾਰਟੀਆਂ ਵਿਚਾਲੇ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਰਣਜੀਤ ਸਿੰਘ ਢਿੱਲੋ, ਭਾਜਪਾ ਤੋਂ ਰਵਨੀਤ ਬਿੱਟੂ, ਕਾਂਗਰਸ ਤੋਂ ਅਮਰਿੰਦਰ ਰਾਜਾ ਵੜਿੰਗ ਅਤੇ ਆਮ ਆਦਮੀ ਪਾਰਟੀ ਤੋਂ ਅਸ਼ੋਕ ਪਰਾਸ਼ਰ ਚੋਣ ਮੈਦਾਨ ਵਿੱਚ ਹੈ।
ਲੁਧਿਆਣਾ ਦੀ ਸੀਟ ਵੈਸੇ ਕਾਂਗਰਸ ਅਤੇ ਅਕਾਲੀ ਦਲ ਦੀ ਰਿਵਾਇਤੀ ਸੀਟ ਰਹੀ ਹੈ, ਪਰ, ਇਸ ਵਾਰ ਸਮੀਕਰਨ ਰਵਨੀਤ ਬਿੱਟੂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਬਦਲ ਚੁੱਕੇ ਹਨ। ਦੂਜੇ ਪਾਸੇ, ਕਾਂਗਰਸ ਨੇ ਇਸ ਵਾਰ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ ਅਤੇ ਦੂਜੇ ਪਾਸੇ ਆਪ ਉਮੀਦਵਾਰ ਅਸ਼ੋਕ ਪੱਪੀ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਰਹੇ ਹਨ।
ਰਾਜਾ ਵੜਿੰਗ ਦੀ ਜਾਇਦਾਦ : ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਪੰਜਾਬੀ ਸਿਆਸਤਦਾਨ ਹਨ। ਇਹ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਹਨ। ਵੜਿੰਗ ਦਸੰਬਰ 2014 ਤੋਂ ਮਈ 2018 ਤੱਕ ਇੰਡੀਅਨ ਨੈਸ਼ਨਲ ਕਾਂਗਰਸ ਦੇ ਯੂਥ ਡਿਵੀਜ਼ਨ, ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ। ਜਾਇਦਾਦ ਦਾ ਵੇਰਵਾ ਹੇਠ ਅਨੁਸਾਰ -
ਹਲਕਾ ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਨੇ ਆਪਣੀ ਵੋਟ ਪਾਈ। ਉੱਥੇ ਹੀ ਦੂਜੇ ਪਾਸੇ, ਦਿਨ ਚੜਦੇ ਹੀ ਲੋਕਾਂ ਵਿੱਚ ਵੀ ਆਪਣੀ ਵੋਟ ਪੋਲ ਕਰਨ ਦਾ ਦੇਖਿਆ ਜਾ ਰਿਹਾ ਹੈ। ਭਾਰੀ ਉਤਸ਼ਾਹ ਦਿਨ ਚੜਦੇ ਹੀ ਲੋਕਾਂ ਦੀਆਂ ਪੋਲਿੰਗ ਬੂਥਾਂ ਉੱਤੇ ਲੰਬੀਆਂ ਲਾਈਨਾਂ ਲੱਗੀਆਂ ਹਨ।
ਲੋਕਾਂ ਨੂੰ ਅਪੀਲ : ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸੀ ਉਮੀਦਵਾਰ ਬੀਬੀ ਸਾਹੋਕੇ ਨੇ ਕਿਹਾ ਕਿ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਅੱਜ ਉਹ ਦਿਨ ਆ ਹੀ ਗਿਆ ਹੈ ਜਿਸ ਦਿਨ ਪੰਜਾਬ ਵਿੱਚ ਵੋਟਾਂ ਪੈ ਰਹੀਆਂ ਹਨ। ਸਾਡੇ ਸਾਰੇ ਵਰਕਰਾਂ ਨੇ ਹਲਕਾ ਇੰਚਾਰਜਾਂ ਨੇ ਪੰਚ ਸਰਪੰਚਾਂ ਨੇ ਬਹੁਤ ਹੀ ਮਿਹਨਤ ਕੀਤੀ ਹੈ। ਬਹੁਤ ਦਿਨਾਂ ਤੋਂ ਚੋਣ ਪ੍ਰਚਾਰ ਚੱਲ ਰਿਹਾ ਸੀ, ਪਰ ਅੱਜ ਵੋਟ ਪਾਉਣ ਦਾ ਦਿਨ ਆ ਗਿਆ ਹੈ ਤੇ ਸਾਰੇ ਲੋਕ ਵੱਧ ਚੜ੍ਹ ਕੇ ਆਪਣੀ ਵੋਟ ਪਾਉਣ ਤਾਂ ਕਿ ਆਪਾਂ ਦੇਸ਼ ਵਿੱਚ ਇੱਕ ਚੰਗੀ ਸਰਕਾਰ ਚੁਣ ਸਕੀਏ।
ਉਨ੍ਹਾਂ ਕਿਹਾ ਕਿ, "ਮੈਂ ਅੱਜ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਪਹੁੰਚੀ ਹਾਂ। ਮੇਰੇ ਨਾਲ ਮੇਰੇ ਪਤੀ ਭੁਪਿੰਦਰ ਸਾਹੋਕੇ ਤੇ ਮੇਰਾ ਬੇਟਾ ਤੇ ਮੇਰੇ ਰਿਸ਼ਤੇਦਾਰ ਵੋਟ ਪਾਉਣ ਪਹੁੰਚੇ ਹਨ। ਮੈਂ ਲੋਕਾਂ ਨੂੰ ਵੀ ਅਪੀਲ ਕਰਦੀ ਹਾਂ ਕਿ ਵੱਧ ਤੋਂ ਵੱਧ ਵੋਟਾਂ ਪਾਉਣ ਤੇ ਆਪਣੇ ਦੇਸ਼ ਲਈ ਇੱਕ ਚੰਗੀ ਸਰਕਾਰ ਚੁਣਨ ਵਿੱਚ ਆਪਣਾ ਯੋਗਦਾਨ ਪਾਉਣ।"
ਫ਼ਰੀਦਕੋਟ ਸੀਟ ਬਾਰੇ : ਫ਼ਰੀਦਕੋਟ ਵਿੱਚ ਇਸ ਵਾਰ ਮੁਕਾਬਲਾ ਬੇਹਦ ਦਿਲਚਸਪ ਰਹਿਣ ਵਾਲਾ ਹੈ। ਕਾਂਗਰਸ ਵੱਲੋਂ ਅਮਰਜੀਤ ਕੌਰ, ਆਮ ਆਦਮੀ ਪਾਰਟੀ ਵੱਲੋਂ ਫਿਲਮ ਅਦਾਕਾਰ ਕਰਮਜੀਤ ਅਨਮੋਲ, ਭਾਜਪਾ ਵੱਲੋਂ ਹੰਸ ਰਾਜ ਹੰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਰੰਧਾਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਕਰਮਜੀਤ ਅਨਮੋਲ ਭਗਵੰਤ ਮਾਨ ਦੇ ਕਾਫੀ ਕਰੀਬੀ ਹਨ ਅਤੇ ਉਨ੍ਹਾਂ ਦੇ ਭਗਵੰਤ ਮਾਨ ਨਾਲ ਪੁਰਾਣੇ ਸੰਬੰਧ ਹਨ। ਕਾਂਗਰਸ ਵੱਲੋਂ ਅਮਰਜੀਤ ਕੌਰ ਨੂੰ ਦੂਜੀ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦਕਿ ਅਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਪਹਿਲੀ ਵਾਰ ਚੋਣ ਮੈਦਾਨ ਵਿੱਚ ਹਨ। ਦੂਜੇ ਪਾਸੇ, ਭਾਜਪਾ ਦੇ ਹੰਸ ਰਾਜ ਹੰਸ ਵੀ ਚੋਣ ਮੈਦਾਨ ਦੇ ਵਿੱਚ ਹਨ।