ਲੁਧਿਆਣਾ: ਉਭਰਦੇ ਸਿਤਾਰੇ ਲਵਿਸ਼ ਤਲਵਾਰ ਵੱਲੋਂ ਆਪਣਾ ਦੂਜਾ ਗਾਣਾ ਕਿਸਾਨੀ ਅੰਦੋਲਨ 'ਤੇ ਲਾਂਚ ਕਰ ਦਿੱਤਾ ਗਿਆ ਹੈ ਜਿਸ ਨੂੰ ਲੁਧਿਆਣਾ ਆਤਮ ਨਗਰ ਤੋਂ ਐਮਐਲਏ ਕੁਲਵੰਤ ਸਿੰਘ ਸਿੱਧੂ ਵੱਲੋਂ ਲਾਂਚ ਕੀਤਾ ਗਿਆ ਹੈ। ਅੱਜ ਇੱਕ ਸਮਾਗਮ ਦੇ ਦੌਰਾਨ ਇਹ ਗਾਣਾ ਲਾਂਚ ਕੀਤਾ ਗਿਆ ਜਿਸ ਵਿੱਚ ਕਿਸਾਨੀ ਕਿਸਾਨੀ ਅੰਦੋਲਨ ਅਤੇ ਸਰਕਾਰਾਂ ਦੀ ਕਿਸਾਨਾਂ ਪ੍ਰਤੀ ਰਵਈਏ ਨੂੰ ਦਰਸ਼ਾਇਆ ਗਿਆ ਹੈ। ਇਸ ਦੇ ਸਾਰੇ ਬੋਲ ਵੀ ਖੁਦ 17 ਸਾਲ ਦੇ ਨੌਜਵਾਨ ਲਵਿਸ਼ ਨੇ ਲਿਖੇ ਹਨ।
ਇਸ ਤੋਂ ਪਹਿਲਾਂ, ਲਵਿਸ਼ ਨੇ 'ਮੈਂ ਪੰਜਾਬ ਬੋਲਦਾ ਹਾਂ' ਗਾਣਾ ਵੀ ਗਾਇਆ ਸੀ, ਜੋ ਯੂਟਿਊਬ 'ਤੇ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਉਹ ਜਿਆਦਾਤਰ ਗਾਣੇ ਪੰਜਾਬ ਦੇ ਮੌਜੂਦਾ ਹਾਲਾਤਾਂ ਪੰਜਾਬ ਦੇ ਮੁੱਦਿਆਂ, ਪੰਜਾਬ ਦੇ ਸੱਭਿਆਚਾਰ, ਪੰਜਾਬ ਦੇ ਵਿਰਸੇ, ਪੰਜਾਬ ਦੇ ਨੌਜਵਾਨਾਂ ਆਦਿ ਨੂੰ ਲੈ ਕੇ ਹੀ ਲਿਖਦਾ ਹੈ।
ਲਵਿਸ਼ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਿਦਆ ਕਿਹਾ ਕਿ ਇਹ ਗਾਣਾ ਉਸ ਨੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਕੀਤਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੱਧੂ ਨੇ ਵੀ ਨੌਜਵਾਨ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਉਹ ਲੁਧਿਆਣਾ ਦਾ ਉਭਰਦਾ ਸਿਤਾਰਾ ਹੈ ਤੇ ਉਹ ਕਾਮਨਾ ਕਰਦੇ ਹਨ ਕਿ ਸਰਸਵਤੀ ਹਮੇਸ਼ਾ ਉਸ ਦੇ ਗਲੇ ਵਿੱਚ ਰਹੇ ਅਤੇ ਉਹ ਆਉਣ ਵਾਲੇ ਦਿਨਾਂ ਵਿੱਚ ਸਿਰਫ ਲੁਧਿਆਣੇ ਦਾ ਹੀ ਨਹੀਂ, ਸਗੋਂ ਪੂਰੇ ਪੰਜਾਬ, ਪੂਰੇ ਦੇਸ਼ ਦਾ ਨਾਂ ਰੋਸ਼ਨ ਕਰੇ।
ਖੁਦ ਲਿਖਿਆ ਗਾਣਾ: ਲਵਿਸ਼ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਰੈਪ ਦਾ ਸ਼ੌਂਕ ਹੈ ਅਤੇ ਹੁਣ ਉਹ ਗਾਇਕੀ ਵੀ ਸਿੱਖ ਰਿਹਾ ਹੈ। ਇਸ ਤੋਂ ਇਲਾਵਾ, ਲਵਿਸ਼ ਨੇ ਦੱਸਿਆ ਕਿ ਉਸ ਨੇ ਪਹਿਲਾਂ ਵੀ ਦੋ ਮਹੀਨੇ ਪਹਿਲਾਂ ਇੱਕ ਗਾਣਾ 'ਮੈਂ ਪੰਜਾਬ ਬੋਲਦਾ' ਲਾਂਚ ਕੀਤਾ ਸੀ ਜਿਸ ਨੂੰ ਯੂਟਿਊਬ ਉੱਤੇ ਲੋਕਾਂ ਨੇ ਚੰਗਾ ਸਮਰਥਨ ਦਿੱਤਾ। ਟੀਮ ਨਾਲ ਗੱਲ ਕਰਦੇ ਹੋਏ, ਲਵਿਸ਼ ਨੇ ਉਸ ਗਾਣੇ ਦੇ ਵੀ ਬੋਲ ਸੁਣਾਏ ਅਤੇ ਨਵੇਂ ਗਾਣੇ ਦੇ ਵੀ ਬੋਲ ਸਾਂਝੇ ਕੀਤੇ।
ਲਵਿਸ਼ ਨੇ ਦੱਸਿਆ ਕਿ ਉਸ ਨੇ ਸਾਰਾ ਹੀ ਗਾਣਾ ਖੁਦ ਹੀ ਲਿਖਿਆ ਹੈ ਅਤੇ ਮਹਿਜ਼ ਦੋ ਦਿਨ ਵਿੱਚ ਇਹ ਗਾਣਾ ਪੂਰਾ ਤਿਆਰ ਕੀਤਾ ਗਿਆ ਹੈ। ਉਸ ਦੇ ਉਸਤਾਦ, ਪਿਤਾ ਅਤੇ ਉਸ ਦੇ ਸਾਥੀਆਂ ਦਾ ਇਸ ਵਿੱਚ ਸਹਿਯੋਗ ਰਿਹਾ ਹੈ। ਲਵਿਸ਼ ਨੇ ਦੱਸਿਆ ਕਿ ਉਹ ਰੈਪਰ ਬਣਨਾ ਚਾਹੁੰਦਾ ਹੈ। ਇਸ ਤੋਂ ਇਲਾਵਾ ਉਸ ਦੇ ਕੋਈ ਹੋਰ ਜਿਆਦਾ ਸ਼ੌਂਕ ਨਹੀਂ ਹਨ।
ਖੇਤੀ ਨਾਲ ਸਬੰਧ: ਲਵਿਸ਼ ਤਲਵਾਰ ਦੇ ਪਿਤਾ ਵਿਕਾਸ ਤਲਵਾਰ ਨੇ ਦੱਸਿਆ ਕਿ ਉਸ ਦੇ ਪਿਤਾ ਵੀ ਖੇਤੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਸਾਡਾ ਪਿਛੋਕੜ ਹਰਿਦੁਆਰ ਦੇ ਨਾਲ ਸੰਬੰਧਿਤ ਹੈ ਅਤੇ ਉੱਥੇ ਅੱਜ ਵੀ ਸਾਡੇ ਪਰਿਵਾਰ ਦੇ ਬਾਕੀ ਮੈਂਬਰ ਖੇਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਕੋਈ ਨਾ ਕੋਈ ਖੇਤੀ ਦੇ ਨਾਲ ਸਿੱਧੇ ਜਾਂ ਫਿਰ ਅਸਿੱਧੇ ਤੌਰ ਦੇ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਅਸੀਂ ਕਿਸਾਨਾਂ ਦੇ ਨਾਲ ਹਾਂ ਅਤੇ ਕਿਸਾਨਾਂ ਨੂੰ ਸਮਰਥਨ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਘੱਟੋ ਘੱਟ ਮੇਰਾ ਬੇਟਾ ਜੋ ਗਾ ਰਿਹਾ ਹੈ, ਉਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਸਮਾਜ ਦੇ ਮੁੱਦਿਆਂ ਨੂੰ ਲੈ ਕੇ ਗਾ ਰਿਹਾ ਹੈ, ਹੋਰਾਂ ਵਾਂਗ ਨਸ਼ੇ ਨੂੰ ਲੈ ਕੇ ਜਾਂ ਫਿਰ ਹਥਿਆਰਾਂ ਨੂੰ ਲੈ ਕੇ ਗਾਣੇ ਨਹੀਂ ਗਾ ਰਿਹਾ। ਇਸ ਨੂੰ ਲੈ ਕੇ ਉਨ੍ਹਾਂ ਵਿੱਚ ਖੁਸ਼ੀ ਹੈ। ਲਵਿਸ਼ ਦੇ ਉਸਤਾਦ ਨੇ ਵੀ ਦੱਸਿਆ ਕਿ ਉਹ ਚੰਗਾ ਗਾਉਂਦਾ ਹੈ ਅਤੇ ਉਹ ਉਮੀਦ ਕਰਦੇ ਹਾਂ ਕਿ ਉਹ ਅੱਗੇ ਜਾ ਕੇ ਪੰਜਾਬ ਦਾ ਨਾਂ ਰੋਸ਼ਨ ਕਰੇਗਾ।
ਕਿਸਾਨਾਂ ਨੂੰ ਸਮਰਪਿਤ ਰੈਪ ਗੀਤਾ: ਲਵਿਸ਼ ਨੇ ਦੱਸਿਆ ਕਿ ਭਾਵੇਂ ਉਹ ਸ਼ਹਿਰ ਵਿੱਚ ਰਹਿੰਦੇ ਹਨ, ਪਰ ਕਣਕ ਅਤੇ ਚੌਲ ਉਹ ਵੀ ਖਾਂਦੇ ਹਨ। ਉਸ ਦੇ ਦਾਦਾ ਜੀ ਖੇਤੀ ਕਰਦੇ ਹੁੰਦੇ ਸਨ। ਇਸ ਕਰਕੇ ਉਨ੍ਹਾਂ ਦਾ ਪਿਛੋਕੜ ਖੇਤੀ ਨਾਲ ਜੁੜਿਆ ਹੈ। ਲਵਿਸ਼ ਨੇ ਕਿਹਾ ਕਿ ਜਦੋਂ ਪਿਛਲੀ ਵਾਰ ਕਿਸਾਨ ਅੰਦੋਲਨ ਹੋਇਆ ਸੀ, ਤਾਂ ਸ਼੍ਰੀ ਬਰਾੜ ਦੇ ਗਾਣਿਆਂ ਨੇ ਕਿਸਾਨੀ ਅੰਦੋਲਨ ਨੂੰ ਨਵੀਂ ਦਿਸ਼ਾ ਦੇ ਦਿੱਤੀ ਸੀ। ਪੰਜਾਬੀ ਦੇ ਵੱਡੇ ਵੱਡੇ ਗਾਇਕਾਂ ਨੇ ਕਿਸਾਨੀ ਨਾਲ ਸੰਬੰਧਿਤ ਗਾਣੇ ਗਾਏ ਸਨ। ਇਸ ਕਰਕੇ ਹੁਣ ਉਸ ਨੇ ਵੀ ਕਿਸਾਨਾਂ ਲਈ ਰੈਪ ਸਮਰਪਿਤ ਕੀਤਾ ਹੈ। ਲਵਿਸ਼ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਇਸ ਨੂੰ ਚੰਗਾ ਸਮਰਥਨ ਮਿਲੇਗਾ। ਅੱਗੇ ਜਾ ਕੇ ਵੀ ਇਸੇ ਤਰ੍ਹਾਂ ਦੇ ਗਾਣੇ ਗਾਏਗਾ, ਜੋ ਲੋਕਾਂ ਦੇ ਨਾਲ ਜੁੜੇ ਹੋਣ ਸਮਾਜ ਦੇ ਮੁੱਦਿਆਂ ਨੂੰ ਉਜਾਗਰ ਕਰਦੇ ਹੋਣ।