ਚੰਡੀਗੜ੍ਹ: ਨੈਸ਼ਨਲ ਸੁਰੱਖਿਆ ਐਕਟ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਦਰਅਸਲ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਪਾਲ ਦੇ ਵਿਰੁੱਧ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਵਿਕਰਮਜੀਤ ਸਿੰਘ ਨੇ ਸਾਂਸਦ ਦੀ ਚੋਣ ਰੱਦ ਕਰਨ ਲਈ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੋਈ ਹੈ। ਹੁਣ ਦੂਜੀ ਵਾਰ ਇਸ ਪਟੀਸ਼ਨ 'ਤੇ ਹਾਈਕੋਰਟ ਨੇ ਅੰਮ੍ਰਿਤਪਾਲ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ।
ਅੰਮ੍ਰਿਤਪਾਲ ਨੂੰ ਮੁੜ ਨੋਟਿਸ ਜਾਰੀ
ਹਾਈਕੋਰਟ ਦੇ ਜਸਟਿਸ ਅਨਿਲ ਖੇਤਰਪਾਲ ਨੇ ਇਹ ਹੁਕਮ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਅਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਦੀ ਪਟੀਸ਼ਨ 'ਤੇ ਜਾਰੀ ਕੀਤੇ ਹਨ। ਪਿਛਲੀ ਸੁਣਵਾਈ 'ਤੇ ਵਿਕਰਮਜੀਤ ਨੇ ਇਸ ਮਾਮਲੇ 'ਚ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਲੜ ਰਹੇ ਸਾਰੇ 24 ਉਮੀਦਵਾਰਾਂ ਨੂੰ ਪਾਰਟੀ ਬਣਾਇਆ ਸੀ। ਅੰਮ੍ਰਿਤਪਾਲ ਸਿੰਘ ਇਸ ਸਮੇਂ ਐੱਨਐੱਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ, ਇਸ ਲਈ ਹਾਈਕੋਰਟ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
- ਪਠਾਨਕੋਟ 'ਚ ਪਿਓ-ਧੀ ਨਾਲ ਵਾਪਰਿਆ ਹਾਦਸਾ; ਨਹਿਰ 'ਚ ਡਿੱਗੀ ਗੱਡੀ, ਧੀ ਦੀ ਮੌਤ ਤੇ ਪਿਤਾ ਜ਼ਖ਼ਮੀ, ਪੁਲਿਸ ਪਿਓ ਤੋਂ ਕਰ ਰਹੀ ਪੁੱਛ-ਗਿੱਛ
- ਸਰਪੰਚ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਅਨੁਸਾਰ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ, ਪਿੰਡ ਦੇ ਗ੍ਰੰਥੀ ਸਿੰਘ ਤੋਂ ਰਖਵਾਈ ਨੀਂਹ
- ਬਹੁਤ ਹੀ ਖਾਸ ਹੈ ਅੰਮ੍ਰਿਤਸਰ 'ਚ ਚੰਨਾ ਚੂੜੇ ਵਾਲਾ ਦੀ ਇਹ ਦੁਕਾਨ, ਹੇਮਾ ਮਾਲਿਨੀ ਸਮੇਤ ਬਾਲੀਵੁੱਡ ਦੀਆਂ ਇਹ ਮਸ਼ਹੂਰ ਹਸਤੀਆਂ ਖਰੀਦ ਚੁੱਕੀਆਂ ਨੇ ਚੂੜਾ
ਪਟੀਸ਼ਨ 'ਚ ਇਹ ਹਨ ਇਲਜ਼ਾਮ
ਪਟੀਸ਼ਨਰ ਵਿਕਰਮਜੀਤ ਸਿੰਘ ਨੇ ਆਪਣੀ ਪਟੀਸ਼ਨ ਵਿੱਚ ਇਲਜ਼ਾਮ ਲਾਇਆ ਹੈ ਕਿ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਸੀਟ ਤੋਂ ਚੋਣ ਲੜਿਆ ਸੀ ਪਰ ਉਸ ਨੇ ਨਾਮਜ਼ਦਗੀ ਪੱਤਰਾਂ ਵਿੱਚ ਕਈ ਅਹਿਮ ਜਾਣਕਾਰੀਆਂ ਛੁਪਾਈਆਂ ਹਨ, ਉਸ ਨੇ ਆਪਣੇ ਚੋਣ ਖਰਚੇ ਦਾ ਵੀ ਪੂਰਾ ਵੇਰਵਾ ਨਹੀਂ ਦਿੱਤਾ ਹੈ। ਚੋਣਾਂ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਵਿੱਚ ਰੋਜ਼ਾਨਾਂ ਕਈ ਮੀਟਿੰਗਾਂ ਕੀਤੀਆਂ ਗਈਆਂ, ਗੱਡੀਆਂ ਅਤੇ ਚੋਣ ਸਮੱਗਰੀ ਦੀ ਵਰਤੋਂ ਕੀਤੀ ਗਈ ਪਰ ਇਸ ਦਾ ਕੋਈ ਵੇਰਵਾ ਨਹੀਂ ਦਿੱਤਾ ਗਿਆ। ਇਹ ਖਰਚ ਕਿੱਥੋਂ ਹੋਇਆ ਅਤੇ ਉਸ ਨੂੰ ਮਿਲੇ ਫੰਡਾਂ ਬਾਰੇ ਵੀ ਨਹੀਂ ਜਾਣਕਾਰੀ ਦਿੱਤੀ ਗਈ। ਇਹ ਵੀ ਆਖਿਆ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਵਿੱਚ ਧਾਰਮਿਕ ਸਥਾਨਾਂ ਦੀ ਵੀ ਵਰਤੋਂ ਕੀਤੀ ਗਈ ਅਤੇ ਬਿਨਾਂ ਇਜਾਜ਼ਤ ਲਏ ਸੋਸ਼ਲ ਮੀਡੀਆ 'ਤੇ ਪ੍ਰਚਾਰ ਕੀਤਾ ਗਿਆ। ਇਸ ਲਈ ਹਾਈਕੋਰਟ ਤੋਂ ਉਸ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਗਈ ਹੈ।