ਲੁਧਿਆਣਾ: ਡਾਕਟਰਾਂ ਵੱਲੋਂ ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਹੜਤਾਲ ਕੀਤੀ ਜਾ ਰਹੀ ਸੀ ਅਤੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਓਪੀਡੀ ਸੇਵਾਵਾਂ ਬੰਦ ਰੱਖੀਆਂ ਜਾ ਰਹੀਆਂ ਸਨ। ਪਰ, ਅੱਜ ਡਾਕਟਰਾਂ ਵੱਲੋਂ ਪੂਰੇ ਦਿਨ ਲਈ ਓਪੀਡੀ ਸੇਵਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਡਾਕਟਰਾਂ ਨੇ ਕਿਹਾ ਹੈ ਕਿ ਸਾਡੀ ਗੱਲਬਾਤ ਜ਼ਰੂਰ ਮਹਿਕਮੇ ਦੇ ਅਫ਼ਸਰਾਂ ਦੇ ਨਾਲ ਚੱਲ ਰਹੀ ਹੈ, ਪਰ ਉਹ ਹਰ ਵਾਰ ਸਾਨੂੰ ਗੋਲੀਆਂ ਪਾ ਦਿੰਦੇ ਹਨ। ਉਸ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ। ਇਸ ਕਰਕੇ ਸਾਡੇ ਨਾਲ ਉਨ੍ਹਾਂ ਦੀ ਮੀਟਿੰਗ ਤਾਂ ਹੋ ਚੁੱਕੀ ਹੈ, ਉਹ ਸਾਡੀਆਂ ਮੰਗਾਂ ਮੰਨਣ ਲਈ ਵੀ ਤਿਆਰ ਹਨ, ਪਰ ਸਾਨੂੰ ਲਿਖਤੀ ਵਿੱਚ ਨਹੀਂ ਦੇ ਰਹੇ ਹਨ ਜਿਸ ਕਰਕੇ ਉਨ੍ਹਾਂ ਵੱਲੋਂ ਅੱਜ ਹੜਤਾਲ ਕੀਤੀ ਗਈ ਹੈ।
ਸੁੱਰਖਿਆ, ਸਭ ਤੋਂ ਵੱਡਾ ਮੁੱਦਾ
ਪ੍ਰਦਰਸ਼ਨਕਾਰੀ ਡਾਕਟਰਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਾ ਮੰਨੀਆਂ ਗਈਆਂ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਵੀ ਹੜਤਾਲ ਜਾਰੀ ਰੱਖਾਂਗੇ।ਮਹਿਲਾ ਡਾਕਟਰਾਂ ਦੇ ਨਾਲ ਵੀ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਦਾ ਇੱਕ ਵੱਡਾ ਮੁੱਦਾ ਹੈ, ਜੇਕਰ ਹਸਪਤਾਲ ਦੇ ਵਿੱਚ ਸੁਰੱਖਿਆ ਨਹੀਂ ਹੋਵੇਗੀ, ਤਾਂ ਉਹ ਕਿਸ ਤਰ੍ਹਾਂ ਸੇਵਾਵਾਂ ਨਿਭਾਉਣਗੇ? ਉਨ੍ਹਾਂ ਨੇ ਕਿਹਾ ਕਿ ਅਸੀਂ ਕੋਈ ਨਾਜਾਇਜ਼ ਮੰਗਾਂ ਨਹੀਂ ਮੰਗ ਰਹੇ, ਸਗੋਂ ਸਾਡੀਆਂ ਸਾਰੀਆਂ ਹੀ ਮੰਗਾਂ ਬੜੀਆਂ ਜਾਇਜ਼ ਹਨ।
ਹਸਪਤਾਲ ਵਿੱਚ ਐਮਰਜੈਂਸੀ ਸਣੇ ਇਹ ਸੇਵਾਵਾਂ ਜਾਰੀ
ਮਹਿਲਾ ਡਾਕਟਰਾਂ ਨੇ ਕਿਹਾ ਕਿ ਚਾਰ ਦਿਨ ਹੋਣ ਦੇ ਬਾਵਜੂਦ ਅਸੀਂ ਲਗਾਤਾਰ ਮਰੀਜ਼ਾਂ ਦਾ ਧਿਆਨ ਰੱਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੱਚਾ ਬੱਚਾ ਵਾਰਡ ਵਿੱਚ ਵੀ ਅਸੀਂ ਸੇਵਾਵਾਂ ਨਿਭਾ ਰਹੇ ਹਨ ਅਤੇ ਨਾਲ ਹੀ ਆਪਰੇਸ਼ਨ ਆਦਿ ਵੀ ਲਗਾਤਾਰ ਚੱਲ ਰਹੇ ਹਨ। ਉਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਹੀਂ ਆਉਣ ਦਿੱਤਾ ਜਾ ਰਿਹਾ ਹੈ। ਐਮਰਜੈਂਸੀ ਸੇਵਾਵਾਂ ਵੀ ਚੱਲ ਰਹੀਆਂ ਹਨ।
ਮਰੀਜ ਹੋ ਰਹੇ ਪ੍ਰੇਸ਼ਾਨ
ਲਗਾਤਾਰ ਡਾਕਟਰ ਏਸੀਪੀ ਅਤੇ ਨਾਲ ਹੀ ਸੁਰੱਖਿਆ ਨੂੰ ਲੈ ਕੇ ਮੰਗ ਕਰ ਰਹੇ ਹਨ। ਉਧਰ ਮਰੀਜ਼ਾਂ ਨਾਲ ਵੀ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਸ਼ਿਮਲਾਪੁਰੀ ਤੋਂ ਆਏ ਇੱਕ ਬਜ਼ੁਰਗ ਮਰੀਜ਼ ਨੇ ਦੱਸਿਆ ਕਿ ਉਨ੍ਹਾਂ ਦੀ ਧਰਮ ਪਤਨੀ ਨੂੰ ਪਰੇਸ਼ਾਨੀ ਹੈ, ਉਹ ਬਿਮਾਰ ਹੈ ਅਤੇ ਹਸਪਤਾਲ ਦੇ ਵਿੱਚ ਦਾਖਲ ਹੈ, ਪਰ ਉਸ ਵਾਰਡ ਵਿੱਚ ਕੋਈ ਵੀ ਡਾਕਟਰ ਰਾਊਂਡ ਲਾਉਣ ਲਈ ਨਹੀਂ ਆ ਰਿਹਾ ਹੈ, ਕਿਉਂਕਿ ਡਾਕਟਰ ਸਾਰੇ ਹੜਤਾਲ ਉੱਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦੋ ਤਿੰਨ ਦਿਨਾਂ ਤੋਂ ਖੱਜਲ ਹੋ ਰਹੇ ਹਾਂ। ਸਰਕਾਰ ਨੂੰ ਇਨ੍ਹਾਂ ਦੀ ਮੰਗਾਂ ਵੱਲ ਧਿਆਨ ਦੇਣ ਦੀ ਲੋੜ ਹੈ ਨਹੀਂ ਤਾਂ ਸਾਨੂੰ ਹੋਰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।