ਚੰਡੀਗੜ੍ਹ: ਇੱਕ ਪਾਸੇ ਜਿਥੇ ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ ਅਤੇ ਦਿੱਲੀ ਕੂਚ ਲਈ ਵਜਿੱਦ ਹਨ ਤਾਂ ਦੂਜੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਮੈਂ ਸ਼ੁੱਭਕਰਨ ਨੂੰ ਉਨ੍ਹਾਂ ਦੀ ਮੌਤ 'ਤੇ ਸ਼ਰਧਾਂਜਲੀ ਦਿੰਦਾ ਹਾਂ। ਸ਼ੁੱਭਕਰਨ ਦੀ ਮੌਤ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਸ਼ੁੱਭਕਰਨ ਦੀ ਮੌਤ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਸ਼ੁੱਭਕਰਨ ਨੂੰ ਸ਼ਰਧਾਂਜਲੀ: ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਕਿਹਾ ਕਿ ਮੈਂ ਉਸ ਵਿਸ਼ਵਾਸ ਦਾ ਸਤਿਕਾਰ ਕਰਦਾ ਹਾਂ ਜਿਸ ਨਾਲ ਸ਼ੁਭਕਰਨ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਇਆ, ਉਸਨੇ ਆਪਣੇ ਕਿਸਾਨ ਨੇਤਾਵਾਂ ਦੀਆਂ ਗੱਲਾਂ 'ਤੇ ਭਰੋਸਾ ਕੀਤਾ ਅਤੇ ਵਿਸ਼ਵਾਸ ਕੀਤਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਸਾਡੀ ਸੱਚੀ ਸ਼ਰਧਾਂਜਲੀ ਤਾਂ ਹੀ ਹੋਵੇਗੀ ਜਦੋਂ ਜੋ ਲੋਕ ਆਪਣੇ ਆਪ ਨੂੰ ਨੇਤਾ ਕਹਾਉਂਦੇ ਹਨ, ਉਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਕੋਈ ਹੋਰ ਸ਼ੁੱਭਕਰਨ ਇਸ ਤਰ੍ਹਾਂ ਆਪਣੀ ਜਾਨ ਦੀ ਕੁਰਬਾਨੀ ਨਾ ਦੇਵੇ।
ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਦੀ ਲੋੜ: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਮੈਂ ਕਿਸਾਨ ਹੋਣ ਦੇ ਨਾਤੇ ਇੱਕ ਗੱਲ ਲੈਕੇ ਆਇਆ ਕਿ ਸਾਨੂੰ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਸਮਝਣਾ ਚਾਹੀਦਾ ਹੈ ਕਿ ਅਸਲ ਸੰਕਟ ਕੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕਿਸਾਨ ਆਗੂਆਂ ਨੂੰ ਵੀ ਇਸ ਗੱਲ 'ਤੇ ਚਾਨਣਾ ਪਾਉਣਾ ਚਾਹੀਦਾ ਹੈ। ਸੁਨੀਲ ਜਾਖੜ ਨੇ ਕਿਹਾ ਕਿ 23 ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦੇਣ ਦੀ ਗੱਲ ਚੱਲ ਰਹੀ ਹੈ ਪਰ ਕਿਸਾਨਾਂ ਅਤੇ ਮੰਤਰੀਆਂ ਦਰਮਿਆਨ ਹੋਈ ਪਿਛਲੀ ਮੀਟਿੰਗ ਵਿੱਚ ਸਰਕਾਰ ਨੇ ਇਸ ਖੇਤਰ ਵਿੱਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੇਣ ਦੀ ਹਾਮੀ ਭਰੀ ਸੀ। ਜਾਖੜ ਨੇ ਕਿਹਾ ਕਿ ਕਣਕ ਅਤੇ ਝੋਨੇ 'ਤੇ ਐਮਐਸਪੀ ਪਹਿਲਾਂ ਹੀ ਉਪਲਬਧ ਹੈ।
- " class="align-text-top noRightClick twitterSection" data="">
ਜੇ ਗਰੰਟੀ ਮਿਲਦੀ ਤਾਂ ਛੱਡਣਗੇ ਝੋਨੇ ਦਾ ਖਹਿੜਾ: ਫ਼ਸਲਾਂ ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ 23 ਫਸਲਾਂ ਦੀ ਗਾਰੰਟੀ ਮਿਲ ਜਾਂਦੀ ਹੈ ਤਾਂ ਕਿਹੜਾ ਕਿਸਾਨ ਝੋਨਾ ਛੱਡ ਕੇ ਬਾਜਰੇ, ਮੂੰਗੀ ਅਤੇ ਜੂਟ ਦੀ ਖੇਤੀ ਕਰੇਗਾ। ਜਾਖੜ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਖੇਤੀ ਖਤਰੇ ਵਿੱਚ ਹੈ। ਅੱਜ ਦੇਸ਼ ਵਿੱਚ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜਿੱਥੇ ਕਣਕ-ਝੋਨੇ ਦੀ ਫਸਲ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦੀ ਜਾਂਦੀ ਹੈ, ਜਿਸ ਕਰਕੇ ਪੰਜਾਬ ਦੂਜੇ ਰਾਜਾਂ ਦੀ ਅੱਖਾਂ 'ਚ ਰੜਕਦਾ ਹੈ।
ਪੰਜਾਬੀਆਂ ਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ: ਸੁਨੀਲ ਜਾਖੜ ਨੇ ਕਿਹਾ ਕਿ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹੋਰ ਰਾਜਾਂ ਵਿੱਚ MSP ਉਪਲਬਧ ਨਹੀਂ ਹੈ ਪਰ ਪੰਜਾਬ ਦੇ ਮੋਢੇ 'ਤੇ ਰੱਖ ਕੇ ਬੰਦੂਕ ਕਿਉਂ ਚਲਾਈ ਜਾ ਰਹੀ ਹੈ, ਆਖਿਰ ਪੰਜਾਬ ਕੁਰਬਾਨੀ ਕਿਉਂ ਦੇਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਮੁੱਖ ਤੌਰ 'ਤੇ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਹਨ। ਪੰਜਾਬ ਦੇ ਲੋਕਾਂ ਨੂੰ ਮਰਵਾਉਣਾ ਬੰਦ ਕੀਤਾ ਜਾਣਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ਅਸੀਂ ਪੰਜਾਬੀ ਬਹਾਦਰ ਹਾਂ, ਸਾਨੂੰ ਕਿਸੇ ਤੋਂ ਇਸ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।
ਪੰਜਾਬ ਦੇ ਕਿਸਾਨਾਂ ਨੂੰ ਆਮਦਨ ਦੀ ਗਾਰੰਟੀ: ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਕਿਹਾ ਕਿ ਦੂਜੇ ਰਾਜਾਂ ਦੇ ਲੋਕ ਆਪਣੀਆਂ ਸਰਹੱਦਾਂ 'ਤੇ ਜਾ ਕੇ ਕਿਉਂ ਨਹੀਂ ਬੈਠਦੇ। 2014 ਤੋਂ ਲੈ ਕੇ ਹੁਣ ਤੱਕ 60 ਲੱਖ ਟਨ ਹੋਰ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਕੀਤੀ ਜਾ ਚੁੱਕੀ ਹੈ ਤੇ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਵਿੱਚ 40 ਹਜ਼ਾਰ ਕਰੋੜ ਰੁਪਏ ਆ ਚੁੱਕੇ ਹਨ। ਜਾਖੜ ਨੇ ਕਿਹਾ ਕਿ ਜਿਸ ਟਾਹਣੀ 'ਤੇ ਅਸੀਂ ਬੈਠਦੇ ਹਾਂ ਉਸ ਨੂੰ ਵੱਡਣਾ ਨਹੀਂ ਚਾਹੀਦਾ। ਇਸ ਦੇ ਨਾਲ ਹੀ ਜਾਖੜ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਆਮਦਨ ਦੀ ਗਾਰੰਟੀ ਚਾਹੀਦੀ ਹੈ, ਉਨ੍ਹਾਂ ਦੀ ਆਮਦਨ ਸੁਰੱਖਿਅਤ ਹੋਣੀ ਚਾਹੀਦੀ ਹੈ।
ਪਿੰਡ-ਪਿੰਡ ਜਾ ਕੇ ਕਿਸਾਨਾਂ ਨਾਲ ਗੱਲ ਕਰਨ ਦੀ ਲੋੜ: ਸੁਨੀਲ ਜਾਖੜ ਨੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ 23 ਫਸਲਾਂ ਦੀ ਗਰੰਟੀ ਦੇ ਦਿੰਦੀ ਹੈ ਤਾਂ ਕੀ ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਪਿੰਡ-ਪਿੰਡ ਜਾ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨੀਆਂ ਚਾਹੀਦੀਆਂ ਹਨ ਤੇ ਉਨ੍ਹਾਂ ਨੂੰ ਐਮਐਸਪੀ ਤੋਂ ਵੀ ਅੱਗੇ ਵੱਧ ਕੇ ਕੁਝ ਜ਼ਰੂਰੀ ਚਾਹੀਦਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਪਿਛਲੀ ਵਾਰ ਵੀ ਸ਼ਾਂਤਮਈ ਅੰਦੋਲਨ ਰਾਹੀਂ ਸਫਲਤਾ ਹਾਸਲ ਕੀਤੀ ਗਈ ਸੀ। ਹੁਣ ਕਿਸਾਨ ਕਹਿ ਰਹੇ ਹਨ ਕਿ ਇਹ ਚੰਗੀ ਗੱਲ ਹੈ ਕਿ ਉਹ ਬੱਸ ਅਤੇ ਰੇਲ ਰਾਹੀਂ ਦਿੱਲੀ ਜਾਣਗੇ।
ਰਾਕੇਸ਼ ਟਿਕੈਤ 'ਤੇ ਵੀ ਚੁੱਕੇ ਸਵਾਲ: ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਕੁਰਬਾਨੀ ਦੇਣ ਵਾਲਾ ਨਹੀਂ ਹੈ ਤੇ ਆਖਿਰ ਕੁਰਬਾਨੀਆਂ ਲਈ ਪੰਜਾਬ ਹੀ ਅੱਗੇ ਕਿਉਂ ਹੋਵੇ। ਜਾਖੜ ਨੇ ਕਿਹਾ ਕਿ ਜਿਹੜੇ ਲੋਕ ਬਾਹਰੋਂ ਆ ਕੇ ਕਹਿੰਦੇ ਹਨ ਕਿ ਪੰਜਾਬੀ ਬਹੁਤ ਬਹਾਦਰ ਹਨ, ਉਹ ਬੈਰੀਕੇਡ ਤੋੜ ਦੇਣਗੇ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਖੁਦ ਕਿਉਂ ਨਹੀਂ ਤੋੜ ਲੈਂਦੇ ਬੈਰੀਕੇਡ, ਇਸ ਲਈ ਸਾਨੂੰ ਪੰਜਾਬੀਆਂ ਨੂੰ ਹੀ ਅੱਗੇ ਕਿਉਂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਰਾਕੇਸ਼ ਟਿਕੈਤ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਟਿਕੈਤ ਵੱਡੇ ਲੀਡਰ ਹਨ ਤਾਂ ਲਖੀਮਪੁਰ ਖੀਰੀ ਜਾ ਕੇ ਅੰਦੋਲਨ ਕਿਉਂ ਨਹੀਂ ਕਰਦੇ।