ਬਰਨਾਲਾ: ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਉਪਰ ਦਰਜ਼ ਪੁਲਿਸ ਮੁਲਾਜ਼ਮ ਦੇ ਕਤਲ ਮਾਮਲੇ ਦਾ ਕੇਸ ਢਾਈ ਮਹੀਨੇ ਬਾਅਦ ਵੀ ਠੰਢਾ ਨਹੀਂ ਪਿਆ ਹੈ। ਅੱਜ ਇਸ ਸਬੰਧੀ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਅਤੇ ਜੱਥੇਬੰਦੀਆਂ ਵਲੋਂ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਅਤੇ ਸਰਕਾਰ ਉਪਰ ਧੱਕੇਸਾ਼ਹੀ ਦੇ ਦੋਸ਼, ਪੁਲਿਸ ਪ੍ਰਸ਼ਾਸ਼ਨ ਉਪਰ ਵਾਰ ਵਾਰ ਸਮਾਂ ਲੈ ਕੇ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ। ਕਬੱਡੀ ਖਿਡਾਰੀਆਂ ਉਪਰ ਦਰਜ਼ ਕਤਲ ਕੇਸ ਰੱਦ ਕਰਵਾਉਣ ਲਈ ਮੀਤ ਹੇਅਰ ਦੀ ਕੋਠੀ ਅੱਗੇ ਪੱਕਾ ਮੋੁਰਚਾ ਲਗਾਉਣ ਦੀ ਦਿੱਤੀ ਚੇਤਾਵਨੀ।
'ਝੂਠਾ ਕਤਲ ਕੇਸ ਪਾ ਕੇ ਜੇਲ੍ਹ ਵਿੱਚ ਬੰਦ': ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ ਢਾਈ ਮਹੀਨੇ ਪਹਿਲਾਂ ਪੁਲਿਸ ਪ੍ਰਸ਼ਾਸ਼ਨ ਨੇ ਚਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਨੂੰ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਮਾਮਲੇ ਵਿੱਚ ਝੂਠਾ ਕਤਲ ਕੇਸ ਪਾ ਕੇ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਲਗਾਤਾਰ ਪਿੰਡ ਵਾਸੀ, ਪੀੜਤ ਕਬੱਡੀ ਖਿਡਾਰੀਆਂ ਦੇ ਪਰਿਵਾਰ ਅਤੇ ਇਨਸਾਫ਼ਪਸੰਦ ਲੋਕ ਕਰਦੇ ਆ ਰਹੇ ਹਨ। ਪੁਲਿਸ ਪ੍ਰਸ਼ਾਸ਼ਨ ਅਤੇ ਸਰਕਾਰ ਇਸ ਮਾਮਲੇ ਵਿੱਚ ਕੋਈ ਗੱਲ ਸੁਨਣ ਨੂੰ ਤਿਆਰੀ ਨਹੀਂ ਹੈ।
'26 ਫ਼ਰਵਰੀ ਦਾ ਸਮਾਂ ਲੈ ਕੇ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਸੀ': ਜਿਸ ਕਰਕੇ ਰੋਸ ਵਜੋਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸਤੋਂ ਪਹਿਲਾਂ ਜਦੋਂ ਉਹਨਾਂ ਨੇ ਮੰਤਰੀ ਮੀਤ ਹੇਅਰ ਦੀ ਕੋਠੀ ਤੱਕ ਰੋਸ ਮਾਰਚ ਕੱਢਿਆ ਸੀ, ਉਸ ਵੇਲੇ ਪੁਲਿਸ ਪ੍ਰਸ਼ਾਸ਼ਨ ਨੇ 26 ਫ਼ਰਵਰੀ ਦਾ ਸਮਾਂ ਲੈ ਕੇ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਸੀ। ਪਰ ਅਜੇ ਤੱਕ ਕੋਈ ਗੱਲ ਨਹੀਂ ਸੁਣੀ ਗਈ। ਹੁਣ ਵੀ ਪ੍ਰਸ਼ਾਸ਼ਨ ਮੁੜ 20 ਮਾਰਚ ਤੱਕ ਦਾ ਸਮਾਂ ਮੰਗ ਰਿਹਾ ਹੈ।
ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਨਾਲ ਇਸ ਮਾਮਲੇ ਵਿੱਚ ਬੇਹੱਦ ਧੱਕਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜਿੰਨ੍ਹਾਂ ਸਮਾਂ ਇਸ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲਦਾ, ਉਹ ਆਪਣਾ ਸੰਘਰਸ਼ ਰੋਕਣ ਵਾਲੇ ਨਹੀਂ ਹਨ। ਕਬੱਡੀ ਖਿਡਾਰੀਆਂ ਉਪਰ ਦਰਜ਼ ਕਤਲ ਦਾ ਪਰਚਾ ਰੱਦ ਕਰਵਾ ਕੇ ਹੀ ਦਮ ਲੈਣਗੇ। ਉਥੇ ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਕਿ ਅੱਜ ਸਿਰਫ਼ ਇੱਕ ਦਿਨ ਦਾ ਮੰਤਰੀ ਮੀਤ ਹੇਅਰ ਦੀ ਕੋਠੀ ਦਾ ਘਿਰਾਉ ਕੀਤਾ ਗਿਆ ਹੈ, ਜਦਕਿ ਆਉਣ ਵਾਲੇ ਦਿਨਾਂ ਵਿੱਚ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।