ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਜ਼ਿਲ੍ਹਾ ਬਰਨਾਲਾ ਵਿੱਚ ਦੋ ਥਾਵਾਂ ਉੱਪਰ ਕਿਸਾਨਾਂ ਦੀਆਂ ਪ੍ਰਾਪਟੀਆਂ ਦੀ ਬੈਂਕ ਵੱਲੋਂ ਕੀਤੀ ਜਾਣ ਵਾਲੀ ਕੁਰਕੀ ਨੂੰ ਰੋਕਿਆ ਗਿਆ। ਪਿੰਡ ਮਹਿਲ ਕਲਾਂ ਦੇ ਕਿਸਾਨ ਸੁਖਵਿੰਦਰ ਸਿੰਘ ਦੀ ਪੀਐਨਬੀ ਬੈਂਕ ਵੱਲੋਂ ਅਤੇ ਪਿੰਡ ਵਜੀਦਕੇ ਕਲਾਂ ਦੇ ਕਿਸਾਨ ਜਗਮੋਹਨ ਸਿੰਘ ਦੀ ਐਸਬੀਆਈ ਬੈਂਕ ਵੱਲੋਂ ਕੁਰਕੀ ਕੀਤੀ ਜਾਣੀ ਸੀ। ਜਿਸਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿੱਚ ਬੀਕੇਯੂ ਉਗਰਾਹਾਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਮੌਕੇ ’ਤੇ ਪੁੱਜ ਕੇ ਵਿਰੋਧ ਕੀਤਾ ਗਿਆ।
ਅਧਿਕਾਰੀਆਂ ਨਾਲ ਤਹਿਸੀਲਦਾਰ ਭਾਰੀ ਪੁਲਿਸ ਬਲ ਵੀ ਹਾਜ਼ਰ: ਜਾਣਕਾਰੀ ਅਨੁਸਾਰ ਪਿੰਡ ਮਹਿਲ ਕਲਾਂ ਦੇ ਕਿਸਾਨ ਸੁਖਵਿੰਦਰ ਸਿੰਘ ਵੱਲੋਂ ਪੀਐਨਬੀ ਬੈਂਕ ਤੋਂ ਕੋਈ ਲੋਨ ਕਰਵਾਇਆ ਸੀ। ਜਿਸਦਾ ਕਰੀਬ ਸਾਢੇ ਸੱਤ ਲੱਖ ਰੁਪਏ ਦਾ ਕਰਜ਼ਾ ਉਕਤ ਕਿਸਾਨ ਦਾ ਬੈਂਕ ਵੱਲ ਖੜਾ ਹੈ। ਜਿਸਨੂੰ ਲੈ ਕੇ ਅੱਜ ਬੈਂਕ ਦੇ ਅਧਿਕਾਰੀ ਕਿਸਾਨ ਦੀ ਪ੍ਰਾਪਰਟੀ ਦੀ ਕੁਰਕੀ ਕਰਨ ਪੁੱਜੀ ਸੀ। ਇਸ ਦੌਰਾਨ ਬੈਂਕ ਦੇ ਅਧਿਕਾਰੀਆਂ ਨਾਲ ਤਹਿਸੀਲਦਾਰ ਭਾਰੀ ਪੁਲਿਸ ਬਲ ਵੀ ਹਾਜ਼ਰ ਸਨ, ਜਿਨ੍ਹਾਂ ਦਾ ਕਿਸਾਨਾਂ ਨੇ ਵਿਰੋਧ ਕੀਤਾ।
ਕੁਰਕੀ ਦਾ ਵਿਰੋਧ : ਉੱਥੇ ਪਿੰਡ ਵਜੀਦਕੇ ਕਲਾਂ ਵਿਖੇ ਦੇ ਕਿਸਾਨ ਜਗਮੋਹਨ ਸਿੰਘ ਦੇ ਪਿਤਾ ਤੇ ਉਸ ਭਰਾਵਾਂ ਨੇ ਸਾਂਝਾ ਕਰਜ਼ਾ ਐਸਬੀਆਈ, ਬੈਕ ਤੋਂ ਲਿਆ ਸੀ। ਆਰਥਿਕ ਤੰਗੀ ਦੇ ਕਾਰਨ ਕਿਸਾਨ ਪਰਿਵਾਰ ਇਹ ਕਰਜ਼ਾ ਭਰ ਨਹੀਂ ਸਕਿਆ। ਜਿਸ ਕਰਕੇ ਅੱਜ ਬੈਂਕ ਵੱਲੋਂ ਉਸਦੀ ਪ੍ਰਾਪਰਟੀ ਦੀ ਕੁਰਕੀ ਕੀਤੀ ਜਾਣੀ ਸੀ। ਜਿਸ ਤੋਂ ਬਾਅਦ ਮੌਕੇ ਉੱਪਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਪਹੁੰਚ ਕੇ ਕੁਰਕੀ ਦਾ ਵਿਰੋਧ ਕੀਤਾ। ਕਿਸਾਨ ਯੂਨੀਅਨ ਦੇ ਵਿਰੋਧ ਦੇ ਚੱਲਦਿਆਂ ਕੋਈ ਵੀ ਬੈਂਕ ਅਧਿਕਾਰੀ ਜਾਂ ਪ੍ਰਸ਼ਾਸ਼ਨ ਵੱਲੋਂ ਕੁਰਕੀ ਕਰਨ ਨਹੀਂ ਪੁੱਜਿਆ।
ਕਿਸਾਨਾਂ ਦੇ ਹਾਲਾਤ ਬਹੁਤ ਮਾੜੇ: ਇਸ ਮੌਕੇ ਕਿਸਾਨ ਜੱਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ ਨੇ ਕਿਹਾ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਜਾਂ ਪ੍ਰਾਪਰਟੀ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰਜ਼ੇ ਕਾਰਨ ਕਿਸਾਨਾਂ ਦੇ ਹਾਲਾਤ ਬਹੁਤ ਮਾੜੇ ਹਨ। ਸਰਕਾਰਾਂ ਵਲੋਂ ਕਾਰਪੋਰੇਟ ਧਨਾੜ ਲੋਕਾਂ ਦੇ ਕਰੋੜਾਂ ਅਰਬਾਂ ਦੇ ਕਰਜ਼ੇ ਮੁਆਫ਼ ਕਰ ਦਿੱਤੇ ਜਾਂਦੇ ਹਨ। ਪਰ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਤੋਂ ਸਰਕਾਰਾਂ ਪਿੱਛੇ ਹੱਟ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਿਸੇ ਵੀ ਕੀਮਤ ’ਤੇ ਕੁਰਕੀ ਨਹੀਂ ਹੋਣ ਦੇਵਾਂਗੇ। ਬਲਾਕ ਪ੍ਰਧਾਨ ਜੱਜ ਸਿੰਘ, ਮੀਤ ਪ੍ਰਧਾਨ ਰਾਮ ਸਿੰਘ ਸੰਘੇੜਾ, ਕੁਲਜੀਤ ਸਿੰਘ ਵਜੀਦਕੇ, ਨਾਹਰ ਸਿੰਘ ਗੁੰਮਟੀ, ਨਾਜ਼ਰ ਸਿੰਘ ਠੁੱਲੀਵਾਲ, ਜ਼ਿਲ੍ਹਾ ਔਰਤ ਕਨਵੀਨਰ ਕਮਲਜੀਤ ਕੌਰ ਬਰਨਾਲਾ, ਲਖਵੀਰ ਕੌਰ ਧਨੌਲਾ, ਸਰਬਜੀਤ ਕੌਰ, ਕੁਲਵਿੰਦਰ ਕੌਰ, ਸੁਖਵਿੰਦਰ ਕੌਰ, ਨਸੀਬ ਕੌਰ, ਪਰਮਜੀਤ ਕੌਰ ਆਦਿ ਆਗੂ ਇਸ ਮੌਕੇ ਹਾਜ਼ਰ ਸਨ।
- ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਣੀ ਪਈ ਮਹਿੰਗੀ, ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ - Punjab Vigilance Bureau Action
- ਪੰਜਾਬ ਨੂੰ ਦਿਨੋ-ਦਿਨ ਕਾਲਾ ਕਰ ਰਿਹਾ ਹੈ ਚਿੱਟਾ, ਹੁਣ ਹੋਈ 16 ਸਾਲ ਦੇ ਬੱਚੇ ਦੀ ਮੌਤ, ਮਾਂ ਨੇ ਹੌਂਕਿਆ ਨਾਲ ਦੱਸੀ ਹੱਡਬੀਤੀ - Punjab drug news
- ਅੰਮ੍ਰਿਤਪਾਲ 'ਤੇ ਲੱਗੇ NSA 'ਚ ਵਾਧਾ: ਪਿਤਾ ਬੋਲੇ- ਜੇਕਰ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦਾ ਮਾਹੌਲ ਠੀਕ ਰਹੇ ਤਾਂ ਨਹੀਂ ਲੈਣੇ ਚਾਹੀਦੇ ਅਜਿਹੇ ਫੈਸਲੇ, ਕਰਾਂਗੇ ਸੰਘਰਸ਼ - Increase on NSA on Amritpal