ਬਠਿੰਡਾ: ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਭਾਵੇਂ ਇਨ੍ਹਾਂ ਚੋਣਾਂ ਦੌਰਾਨ ਵੱਖ-ਵੱਖ ਤਰ੍ਹਾਂ ਦੇ ਰੰਗ ਵੇਖਣ ਨੂੰ ਮਿਲ ਰਹੇ ਹਨ, ਪਰ ਉਨ੍ਹਾਂ ਵਿੱਚੋਂ ਇੱਕ ਰੰਗ ਅਜਿਹਾ ਵੀ ਹੈ ਕਿ ਚੋਣਾਂ ਲੜਨ ਵਾਲੇ ਬਹੁਤੇ ਉਮੀਦਵਾਰ ਜਾਂ ਤਾਂ ਕਰੋੜਪਤੀ ਹਨ, ਜਾਂ ਅਜਿਹੇ ਹਨ, ਜਿਨ੍ਹਾਂ ਕੋਲ ਕੋਈ ਸੰਪਤੀ ਨਹੀਂ ਅਤੇ ਕਈਆਂ ਦੇ ਸਿਰ ਤਾਂ ਕਰਜ਼ੇ ਦੀ ਪੰਡ ਵੀ ਹੈ। ਜੇਕਰ 2004 ਤੋਂ ਲੈ ਕੇ 2019 ਤੱਕ ਹੋਈਆਂ ਲੋਕ ਸਭਾ ਚੋਣਾਂ ਦੀ ਵੇਰਵੇ ਇਕੱਠੇ ਕਰਨ ਉੱਤੇ ਕਈ ਅਹਿਮ ਖੁਲਾਸੇ ਹੋਏ।
ਇਨ੍ਹਾ ਨੇਤਾਵਾਂ ਕੋਲ ਇੰਨੀ ਸੰਪਤੀ ਰਹੀ: 2004 ਵਿੱਚ ਜਲੰਧਰ ਲੋਕ ਸਭਾ ਚੋਣ ਲੜਨ ਵਾਲੇ ਰਾਣਾ ਗੁਰਜੀਤ ਸਿੰਘ 20 ਕਰੋੜ ਦੀ ਸੰਪਤੀ ਦੇ ਮਾਲਕ ਸਨ। 2004 ਵਿੱਚ ਹੀ ਪਟਿਆਲਾ ਤੋਂ ਲੋਕ ਸਭਾ ਚੋਣ ਲੜਨ ਵਾਲੀ ਪ੍ਰਨੀਤ ਕੌਰ 41 ਕਰੋੜ ਰੁਪਏ ਦੀ ਸੰਪਤੀ ਦੀ ਮਾਲਕਣ ਸੀ। 2009 ਵਿੱਚ ਅੰਮ੍ਰਿਤਸਰ ਸਾਹਿਬ ਤੋਂ ਚੋਣ ਲੜਨ ਵਾਲੇ ਨਵਜੋਤ ਸਿੰਘ ਸਿੱਧੂ 14 ਕਰੋੜ ਰੁਪਏ ਦੀ ਸੰਪਤੀ ਦੇ ਮਾਲਕ ਸਨ। 2009 ਵਿੱਚ ਹੀ ਬਠਿੰਡਾ ਤੋਂ ਚੋਣ ਲੜਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਨਿੰਦਰ ਸਿੰਘ 14 ਕਰੋੜ ਰੁਪਏ ਦੀ ਸੰਪਤੀ ਦੇ ਮਾਲਕ ਸਨ। ਇਸੇ ਤਰ੍ਹਾਂ 2014 ਵਿੱਚ ਸ੍ਰੀ ਅੰਮ੍ਰਿਤਸਰ ਤੋਂ ਚੋਣ ਲੜਨ ਵਾਲੇ ਅਰੁਣ ਜੇਤਲੀ ਦੀ ਪਾਸ 113 ਕਰੋੜ ਰੁਪਏ ਦੀ ਸੰਪਤੀ ਰਹੀ। 2014 ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਵਾਲੀ ਅੰਬਿਕਾ ਸੋਨੀ 118 ਕਰੋੜ ਰੁਪਏ ਦੀ ਮਾਲਕ ਸੀ। 2019 ਸੰਗਰੂਰ ਤੋਂ ਚੋਣ ਲੜਨ ਵਾਲੇ ਕੇਵਲ ਢਿੱਲੋਂ 131 ਕਰੋੜ ਰੁਪਏ ਦੇ ਮਾਲਕ ਸਨ। 2019 ਫਿਰੋਜ਼ਪੁਰ ਤੋਂ ਚੋਣ ਲੜਨ ਵਾਲੇ ਸੁਖਬੀਰ ਸਿੰਘ ਬਾਦਲ 217.99 ਕਰੋੜ ਰੁਪਏ ਦੇ ਮਾਲਕ ਸਨ।
ਜੇਕਰ ਪੰਜਾਬ ਦੇ ਕੁੱਲ ਲੋਕ ਸਭਾ ਹਲਕਿਆਂ ਵਿੱਚ ਖੜੇ ਹੋਏ ਉਮੀਦਵਾਰਾਂ ਦੀ ਗੱਲ ਕਰੀਏ, ਤਾਂ 2004 ਵਿੱਚ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ 71 ਉਮੀਦਵਾਰ ਖੜੇ ਹੋਏ ਸਨ। 2009 ਵਿੱਚ ਪੰਜਾਬ ਦੇ ਕੁੱਲ 13 ਲੋਕ ਸਭਾ ਹਲਕਿਆਂ 'ਤੇ 202 ਉਮੀਦਵਾਰਾਂ ਵੱਲੋਂ ਚੋਣ ਲੜੀ ਗਈ ਸੀ ਲੋਕ ਸਭਾ ਚੋਣਾਂ 2014 ਵਿੱਚ ਪੰਜਾਬ ਵਿੱਚ 253 ਉਮੀਦਵਾਰਾਂ ਚੋਣ ਲੜੀ ਗਈ ਸੀ ਅਤੇ 219 ਦੀਆਂ ਲੋਕ ਸਭਾ ਚੋਣਾਂ ਵਿੱਚ 277 ਉਮੀਦਵਾਰ ਮੈਦਾਨ ਵਿੱਚ ਉਤਰੇ ਸਨ।
ਇਨ੍ਹਾਂ ਕੋਲ ਨਹੀਂ ਸੀ ਕੋਰੜਾਂ ਦੀ ਸੰਪਤੀ: ਹੁਣ ਗੱਲ ਕਰਦੇ ਹਾਂ 2004 ਤੋਂ 2019 ਦੇ ਕਾਰਜਕਾਰ ਦੌਰਾਨ ਅਜਿਹੇ ਉਮੀਦਵਾਰਾਂ ਦੀ ਜਿਨ੍ਹਾਂ ਕੋਲ ਕੋਈ ਸੰਪਤੀ ਨਹੀਂ ਸੀ, ਪਰ ਉਹ ਫਿਰ ਵੀ ਚੋਣ ਮੈਦਾਨ ਵਿੱਚ ਡਟੇ ਰਹੇ। ਇਨ੍ਹਾਂ ਵਿੱਚ ਪ੍ਰਮੁੱਖ ਤੌਰ ਉੱਤੇ ਬਠਿੰਡਾ ਤੋਂ ਚੋਣ ਲੜਨ ਵਾਲੇ ਭਗਵੰਤ ਸਿੰਘ ਸਮਾਓ ਦਾ ਨਾਂ ਆਉਂਦਾ ਹੈ, ਜੋ 2004 ਤੋਂ ਲਗਾਤਾਰ 2019 ਤੱਕ ਲੋਕ ਸਭਾ ਚੋਣਾਂ ਲੜਦਾ ਆ ਰਿਹਾ ਹੈ, ਸਮਾਓ ਕੋਲ ਕੋਈ ਸੰਪਤੀ ਨਹੀਂ ਸੀ। ਉਹ 15 ਹਜ਼ਾਰ ਰੁਪਏ ਦਾ ਕਰਜ਼ਾਈ ਸੀ। ਇਸੇ ਤਰ੍ਹਾਂ ਅੰਮ੍ਰਿਤਸਰ ਸਾਹਿਬ ਤੋਂ 2004 ਵਿੱਚ ਲੋਕ ਸਭਾ ਚੋਣ ਲੜਨ ਵਾਲੀ ਗੀਤਾ ਕੋਲ ਕੋਈ ਸੰਪਤੀ ਨਹੀਂ ਸੀ। ਫਿਰੋਜ਼ਪੁਰ ਤੋਂ 2004 ਵਿੱਚ ਚੋਣ ਲੜਨ ਵਾਲੇ ਅਜੇ ਡੈਨੀਅਲ ਕੋਲ ਵੀ ਕੋਈ ਸੰਪਤੀ ਨਹੀਂ ਸੀ।
2009 ਵਿੱਚ ਖੰਡੂਰ ਸਾਹਿਬ ਤੋਂ ਚੋਣ ਲੜਨ ਵਾਲੇ ਰਜਿੰਦਰ ਸਿੰਘ ਪਾਸ ਵੀ ਕੋਈ ਸੰਪਤੀ ਨਹੀਂ ਸੀ। 2009 ਵਿੱਚ ਹੀ ਲੁਧਿਆਣਾ ਤੋਂ ਚੋਣ ਲੜਨ ਵਾਲੇ ਗੁਰਚਰਨ ਸਿੰਘ ਪਾਸ ਵੀ ਕੋਈ ਸੰਪਤੀ ਨਹੀਂ ਸੀ। ਲੁਧਿਆਣਾ ਤੋਂ ਹੀ ਆਜ਼ਾਦ ਚੋਣ ਲੜਨ ਵਾਲੇ ਸੁਰਿੰਦਰ ਪਾਲ ਸਿੰਘ ਕੋਲ ਮਾਤਰ 609 ਰੁਪਏ ਸਨ। ਬਠਿੰਡਾ ਤੋਂ ਚੋਣ ਲੜਨ ਵਾਲੇ ਆਜਾਦ ਉਮੀਦਵਾਰ ਰਜਨੀਸ਼ ਕੁਮਾਰ ਕੋਲ ਸਿਰਫ 1200 ਰੁਪਏ ਸਨ।
ਜਿਨ੍ਹਾਂ ਦੀ ਸੰਪਤੀ 2000 ਰੁਪਏ ਤੋਂ ਵੀ ਘੱਟ: 2014 ਵਿੱਚ ਜਲੰਧਰ ਤੋਂ ਚੋਣ ਲੜਨ ਵਾਲੇ ਕੁਲਦੀਪ ਸਿੰਘ ਕੋਲ ਵੀ ਕੋਈ ਸੰਪਤੀ ਨਹੀਂ ਸੀ। 2014 ਵਿੱਚ ਗੁਰਦਾਸਪੁਰ ਤੋਂ ਚੋਣ ਲੜਨ ਵਾਲੇ ਸਿਕੰਦਰ ਸਿੰਘ ਕੋਲ ਸਿਰਫ 1500 ਦੀ ਕੁੱਲ ਪੂੰਜੀ ਸੀ। 2014 ਵਿੱਚ ਬਠਿੰਡਾ ਤੋਂ ਚੋਣ ਲੜਨ ਵਾਲੀ ਗੀਤਾ ਰਾਣੀ ਕੋਲ ਵੀ ਕੋਈ ਸੰਪਤੀ ਨਹੀਂ ਸੀ। 2019 ਵਿੱਚ ਸੰਗਰੂਰ ਤੋਂ ਚੋਣ ਲੜਨ ਵਾਲੇ ਪੱਪੂ ਕੋਲ ਕੋਈ ਸੰਪਤੀ ਨਹੀਂ ਸੀ। ਇਸੇ ਤਰ੍ਹਾਂ ਜਲੰਧਰ ਤੋਂ 2019 ਵਿੱਚ ਚੋਣ ਲੜਨ ਵਾਲੀ ਉਰਮਲਾ 295 ਰੁਪਏ ਸੀ। ਅੰਮ੍ਰਿਤਸਰ ਤੋਂ ਚੋਣ ਲੜਨ ਵਾਲੇ ਚੈਨ ਸਿੰਘ ਪਾਸ ਸਿਰਫ 3000 ਸਨ, ਜਦੋਂ ਉਹ ਚੋਣ ਮੈਦਾਨ ਵਿੱਚ ਨਿਤਰੇ ਹੋਏ ਸਨ।
ਹੁਣ ਵੇਖਣਾ ਹੋਏਗਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਿੰਨੇ ਕਰੋੜਪਤੀ ਵਜੋਂ ਚੋਣ ਮੈਦਾਨ ਵਿੱਚ ਉਤਰਦੇ ਹਨ ਅਤੇ ਕਿੰਨੇ ਅਜਿਹੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰਦੇ ਹਨ, ਜਿਨ੍ਹਾਂ ਕੋਲ ਕੋਈ ਸੰਪਤੀ ਨਹੀਂ ਜਾਂ ਜਿਨ੍ਹਾਂ ਦੇ ਸਿਰ ਉੱਤੇ ਕਰਜ਼ਾ ਹੈ, ਕਿਉਂਕਿ ਹਾਲੇ ਤੱਕ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਦਾਖਲ ਕਰਨੇ ਸ਼ੁਰੂ ਨਹੀਂ ਕੀਤੇ ਗਏ। ਨਾਮਜ਼ਦਗੀ ਪੱਤਰ ਭਰਨ ਉਪਰੰਤ ਹੀ ਉਮੀਦਵਾਰਾਂ ਦੀ ਜਾਇਦਾਦ ਸਬੰਧੀ ਦਾ ਵੇਰਵਾ ਚੋਣ ਕਮਿਸ਼ਨ ਪਾਸ ਉਪਲਬਧ ਹੋਵੇਗਾ।