ਹੈਦਰਾਬਾਦ ਡੈਸਕ : ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਲੋਕ ਸਭਾ ਚੋਣਾਂ ਲਈ ਇਸ ਵਾਰ ਅੰਤਿਮ ਤੇ 7 ਗੇੜ ਵਿੱਚ ਵੋਟਿੰਗ ਹੋ ਰਹੀ ਹੈ। ਵੱਖ-ਵੱਖ ਸੂਬਿਆਂ ਵਿੱਚ ਤਿੰਨ ਗੇੜ ਲਈ ਵੋਟਿੰਗ ਸੰਪਨ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਨਾਮਜ਼ਦਗੀਆਂ ਭਰਨ ਦਾ ਦੌਰ ਜ਼ੋਰਾਂ ਨਾਲ ਜਾਰੀ ਰਿਹਾ। ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਚੋਣ ਮੈਦਾਨ ਵਿੱਚ ਉਤਰੇ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਅਕਾਲੀ ਦਲ, ਬਸਪਾ ਤੇ ਆਜ਼ਾਦ ਉਮੀਦਵਾਰਾਂ ਵਲੋਂ ਵਾਰੋ-ਵਾਰੀ ਨਾਮਜ਼ਦਗੀਆਂ ਦਾਖਲ ਕੀਤੀਆਂ। ਜਿਵੇਂ-ਜਿਵੇਂ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਹਨ, ਉਵੇਂ ਹੀ ਉਨ੍ਹਾਂ ਦੀਆਂ ਜਾਇਦਾਦ ਦਾ ਵੇਰਵਾ ਵੀ ਸਾਹਮਣੇ ਆਇਆ।
ਆਓ ਦੇਖਦੇ ਤੁਹਾਡੇ ਹਲਕੇ ਦੇ ਉਮੀਦਵਾਰ ਕੋਲੋ ਕਿੰਨੀ ਜਾਇਦਾਦ ਹੈ ਅਤੇ ਬੈਂਕ ਖਾਤੇ ਵਿੱਚ ਪੈਸਾ ਜਮਾਂ ਹੈ। ਦੱਸ ਦਈਏ ਕਿ ਹੇਠ ਦਿੱਤੀ ਜਾਣਕਾਰੀ ਵਿੱਚ ਐਲਾਨੇ ਗਏ ਕੁਝ ਉਮੀਦਵਾਰਾਂ ਦੀ ਜਾਇਦਾਦ ਦੇ ਵੇਰਵੇ ਪਤਨੀ ਦੀ ਸੰਪਤੀ ਮਿਲਾ ਕੇ ਹੈ।
ਆਮ ਆਦਮੀ ਪਾਰਟੀ ਦੇ ਉਮੀਦਵਾਰ:-
- ਕਰਮਜੀਤ ਅਨਮੋਲ, ਆਮ ਆਦਮੀ ਪਾਰਟੀ ਦੇ ਉਮੀਦਵਾਰ: ਕਰਮਜੀਤ ਅਨਮੋਲ ਪੰਜਾਬੀ ਸਿਨੇਮਾ ਦੇ ਐਕਟਰ ਤੇ ਹਾਸਰਸ ਕਲਾਕਾਰ ਵਜੋਂ ਕਾਫੀ ਪ੍ਰਸਿੱਧ ਹਨ। ਉਨ੍ਹਾਂ ਦੀ ਪੰਜਾਬ ਦੇ ਸੀਐਮ ਭਗਵੰਤ ਮਾਨ ਨਾਲ ਕਾਫੀ ਨੇੜਤਾ ਹੈ, ਕਿਉਂਕਿ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਇਹ ਦੋਵੇਂ ਹਾਸਰਸ ਨਾਟਕ ਕਰਦੇ ਸਨ। ਕਰਮਜੀਤ ਅਨਮੋਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਜ਼ਦੀਕੀ ਰਹੇ ਹਨ, ਉਹ ਭਗਵੰਤ ਮਾਨ ਦੀ ਚੋਣਾਂ ਵਿੱਚ ਵੀ ਖੁੱਲ੍ਹ ਕੇ ਸਪੋਰਟ ਕਰਦੇ ਆ ਰਹੇ ਹਨ। ਕਰਮਜੀਤ ਅਨਮੋਲ ਨੂੰ ਆਮ ਆਦਮੀ ਪਾਰਟੀ ਨੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਬਣਾਇਆ ਹੈ।
- ਡਾ. ਬਲਬੀਰ ਸਿੰਘ, ਆਮ ਆਦਮੀ ਪਾਰਟੀ ਦੇ ਉਮੀਦਵਾਰ: ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ, ਡਾ. ਬਲਬੀਰ ਸਿੰਘ ਐਸੋਸੀਏਟ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ ਸਨ। ਉਹ ਇਸ ਸਮੇਂ ਵਿੱਚ ਪਟਿਆਲਾ ਵਿਖੇ ਇੱਕ ਅੱਖਾਂ ਦੇ ਸਰਜਨ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਨੇ 1979 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐਮ.ਬੀ.ਬੀ.ਐਸ.ਕੀਤੀ। ਬਲਬੀਰ ਸਿੰਘ ਨੇ ਛੋਟੀ ਉਮਰ ਵਿੱਚ, 1974 ਵਿੱਚ ਜੇਪੀ ਅੰਦੋਲਨ ਅਤੇ 2011 ਵਿੱਚ ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚ ਵੀ ਹਿੱਸਾ ਲਿਆ। 2014 ਦੀਆਂ ਭਾਰਤੀ ਆਮ ਚੋਣਾਂ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਵਜੋਂ ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ।
- ਕੁਲਦੀਪ ਸਿੰਘ ਧਾਲੀਵਾਲ, ਆਮ ਆਦਮੀ ਪਾਰਟੀ ਦੇ ਉਮੀਦਵਾਰ: ਕੁਲਦੀਪ ਧਾਲੀਵਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 43,555 ਵੋਟਾਂ ਹਾਸਿਲ ਕਰਕੇ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਅਜਨਾਲਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ। ਧਾਲੀਵਾਲ ਨੇ 19 ਮਾਰਚ ਨੂੰ ਚੰਡੀਗੜ੍ਹ ਵਿੱਚ ਪੰਜਾਬ ਰਾਜ ਭਵਨ ਦੇ ਗੁਰੂ ਨਾਨਕ ਦੇਵ ਆਡੀਟੋਰੀਅਮ ਵਿੱਚ ਨੌਂ ਹੋਰ ਵਿਧਾਇਕਾਂ ਦੇ ਨਾਲ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।
- ਗੁਰਮੀਤ ਸਿੰਘ ਖੁੱਡੀਆਂ, ਆਮ ਆਦਮੀ ਪਾਰਟੀ ਦੇ ਉਮੀਦਵਾਰ: ਗੁਰਮੀਤ ਸਿੰਘ ਖੁੱਡੀਆਂ ਦਾ ਸਿਆਸੀ ਸਫ਼ਰ 2024 ਵਿੱਚ ਕਾਂਗਰਸ ਨਾਲ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ 2021 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਆਪ ਨੇ ਵਿਧਾਨ ਸਭਾ ਚੋਣਾਂ ਦੌਰਾਨ ਬਾਦਲਾਂ ਦੇ ਗੜ੍ਹ ਲੰਬੀ ਤੋਂ ਉਮੀਦਵਾਰ ਐਲ਼ਾਨਿਆ ਅਤੇ ਖੁੱਡੀਆਂ ਨੇ ਸੀਟ ਜਿੱਤ ਕੇ ਆਪ ਦੀ ਝੋਲੀ ਪਾਈ। ਇਸ ਸਮੇਂ ਉਹ ਪੰਜਾਬ ਕੈਬਨਿਟ ਵਿੱਚ ਖੇਤੀਬਾੜੀ ਮੰਤਰੀ ਹਨ। ਇਸ ਵਾਰ ਲੋਕ ਸਭਾ ਚੋਣਾਂ ਲਈ ਹਲਕਾ ਬਠਿੰਡਾ ਤੋਂ ਆਪ ਵਲੋਂ ਹੀ ਚੋਣ ਮੈਦਾਨ ਵਿੱਚ ਹਨ।
- ਰਾਜ ਕੁਮਾਰ ਚੱਬੇਵਾਲ, ਆਮ ਆਦਮੀ ਪਾਰਟੀ ਦੇ ਉਮੀਦਵਾਰ: ਰਾਜ ਕੁਮਾਰ ਚੱਬੇਵਾਲ ਕਾਂਗਰਸ ਪਾਰਟੀ ਚੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਆਪ ਨੇ ਰਾਜ ਕੁਮਾਰ ਚੱਬੇਵਾਲ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਪਣਾ ਉਮੀਦਵਾਰ ਐਲਾਨਿਆਂ ਹੈ।
ਕਾਂਗਰਸ ਪਾਰਟੀ ਦੇ ਉਮੀਦਵਾਰ:-
- ਰਾਜਾ ਵੜਿੰਗ, ਕਾਂਗਰਸ ਉਮੀਦਵਾਰ: ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਪੰਜਾਬੀ ਸਿਆਸਤਦਾਨ ਹੈ। ਇਹ ਕਾਂਗਰਸ ਪਾਰਟੀ ਦਾ ਕਾਰਕੁੰਨ ਹੈ ਅਤੇ ਗਿੱਦੜਬਾਹਾ ਹਲਕੇ ਤੋਂ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਰਾ ਕੇ ਜਿੱਤੇ ਸਨ। ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹਨ। ਵੜਿੰਗ ਦਸੰਬਰ 2014 ਤੋਂ ਮਈ 2018 ਤੱਕ ਇੰਡੀਅਨ ਨੈਸ਼ਨਲ ਕਾਂਗਰਸ ਦੇ ਯੂਥ ਡਿਵੀਜ਼ਨ, ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ।
- ਗੁਰਜੀਤ ਔਜਲਾ, ਕਾਂਗਰਸ ਉਮੀਦਵਾਰ: ਗੁਰਜੀਤ ਸਿੰਘ ਔਜਲਾ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਅਤੇ ਪੰਜਾਬ ਵਿੱਚ ਅੰਮ੍ਰਿਤਸਰ ਲਈ ਮੌਜੂਦਾ ਸੰਸਦ ਮੈਂਬਰ ਹਨ। ਸਾਲ 2017 ਨੂੰ ਔਜਲਾ ਨੇ ਲੋਕ ਸਭਾ ਸੀਟ ਲਈ ਉਪ ਚੋਣ ਜਿੱਤੀ ਜੋ ਕਿ 2016 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਕਾਰਨ ਖਾਲੀ ਹੋਈ ਸੀਟ ਕਾਰਨ ਜ਼ਰੂਰੀ ਸੀ। ਗੁਰਜੀਤ ਸਿੰਘ ਔਜਲਾ ਨੇ ਭਾਜਪਾ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ 197,491 ਵੋਟਾਂ ਦੇ ਫਰਕ ਨਾਲ ਹਰਾਇਆ। 'ਆਪ' ਉਮੀਦਵਾਰ ਉਪਕਾਰ ਸਿੰਘ ਸੰਧੂ 149,160 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਹੇ। ਗੁਰਜੀਤ ਸਿੰਘ ਔਜਲਾ ਨੇ 2019 ਦੀਆਂ ਭਾਰਤੀ ਆਮ ਚੋਣਾਂ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਹਰਾ ਕੇ ਅੰਮ੍ਰਿਤਸਰ ਲੋਕ ਸਭਾ ਸੀਟ ਮੁੜ ਜਿੱਤੀ। ਔਜਲਾ ਨੂੰ 444,052 (51.78%) ਵੋਟਾਂ ਮਿਲੀਆਂ, ਜਦਕਿ ਪੁਰੀ 344,049 (40.19%) ਵੋਟਾਂ ਨਾਲ ਦੂਜੇ ਸਥਾਨ 'ਤੇ ਰਹੇ।
- ਚਰਨਜੀਤ ਸਿੰਘ ਚੰਨੀ, ਕਾਂਗਰਸ ਉਮੀਦਵਾਰ: ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਵਲੋਂ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਐਲਾਨਿਆਂ ਗਿਆ ਹੈ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ, ਹਾਲਾਂਕਿ ਇਹ ਸਫ਼ਰ ਕੁਝ ਮਹੀਨਿਆਂ ਦਾ ਹੀ ਸੀ। ਕੈਪਟਨ ਸਰਕਾਰ ਵੇਲ੍ਹੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਉਹ ਚਮਕੌਰ ਸਾਹਿਬ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ।
- ਸੁਖਪਾਲ ਖਹਿਰਾ, ਕਾਂਗਰਸ ਉਮੀਦਵਾਰ: ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਦਾ ਨੇਤਾ ਹਨ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੈਂਬਰ ਰਹੇ ਅਤੇ ਭੁਲੱਥ, ਜ਼ਿਲ੍ਹਾ ਕਪੂਰਥਲਾ ਤੋਂ ਪੰਜਾਬ ਵਿਧਾਨ ਸਭਾ ਦਾ ਵੀ ਮੈਂਬਰ ਰਹੇ।
- ਕੁਲਬੀਰ ਜ਼ੀਰਾ: ਕੁਲਬੀਰ ਸਿੰਘ ਦਾ ਜਨਮ 12 ਅਪ੍ਰੈਲ 1980 ਵਿੱਚ ਹੋਇਆ। ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ, ਪੰਜਾਬ ਤੋਂ ਵਿਧਾਨ ਸਭਾ ਮੈਂਬਰ ਰਹੇ ਹਨ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਯੂਥ ਡਿਵੀਜ਼ਨ, ਪੰਜਾਬ ਯੂਥ ਕਾਂਗਰਸ ਦਾ ਚੁਣਿਆ ਹੋਇਆ ਮੀਤ ਪ੍ਰਧਾਨ ਵੀ ਹਨ। ਮਈ 2017 ਵਿੱਚ ਉਹ ਵਿਧਾਇਕ ਚੁਣੇ ਗਏ।
ਭਾਜਪਾ ਦੇ ਉਮੀਦਵਾਰ:-
- ਸੰਜੇ ਟੰਡਨ, ਚੰਡੀਗੜ੍ਹ ਤੋਂ ਉਮੀਦਵਾਰ: ਸੰਜੇ ਟੰਡਨ ਦਾ ਜਨਮ 10 ਸਤੰਬਰ, 1963 ਨੂੰ ਹੋਇਆ। ਸੰਜੇ ਬਲਰਾਮਜੀ ਦਾਸ ਟੰਡਨ ਦੇ ਪੁੱਤਰ ਹਨ। ਇਹ ਪਹਿਲੀ ਵਾਰ ਚੋਣ ਲੜ ਰਹੇ ਹਨ। ਉਹ ਚੰਡੀਗੜ੍ਹ ਵਿੱਚ 2024 ਦੀਆਂ ਭਾਰਤੀ ਆਮ ਚੋਣਾਂ ਲਈ ਭਾਜਪਾ ਉਮੀਦਵਾਰ ਹਨ। ਉਸ ਦੇ ਪਿਤਾ ਪੰਜਾਬ ਦੇ ਭਾਜਪਾ ਆਗੂ ਸਨ, ਜਿਨ੍ਹਾਂ ਨੇ 14 ਸਾਲ ਪੰਜਾਬ ਵਿੱਚ ਨਗਰ ਕੌਂਸਲਰ ਵਜੋਂ ਸੇਵਾ ਕੀਤੀ ਅਤੇ ਪੰਜਾਬ ਵਿੱਚ 6 ਵਿਧਾਨ ਸਭਾ ਚੋਣਾਂ ਜਿੱਤੀਆਂ।
- ਰਵਨੀਤ ਸਿੰਘ ਬਿੱਟੂ, ਭਾਜਪਾ ਉਮੀਦਵਾਰ: ਰਵਨੀਤ ਸਿੰਘ ਬਿੱਟੂ ਲੋਕ ਸਭਾ ਹਲਕਾ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਹਨ। ਉਨ੍ਹਾਂ ਨੇ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਆਪਣੇ ਨਾਤੇ ਨੂੰ ਤੋੜ ਕੇ ਇਸ ਵਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਪੱਲਾ ਫੜ੍ਹ ਲਿਆ ਗਿਆ। ਭਾਜਪਾ ਜੁਆਇਨ ਕਰਦੇ ਹੀ, ਪਾਰਟੀ ਵਲੋਂ ਬਿੱਟੂ ਨੂੰ ਲੁਧਿਆਣਾ ਤੋਂ ਉਮੀਦਵਾਰ ਐਲਾਨਿਆ ਗਿਆ। ਰਵਨੀਤ ਬਿੱਟੂ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ, ਜੋ ਕਾਂਗਰਸ ਲੀਡਰ ਸੀ।
- ਸੁਭਾਸ਼ ਸ਼ਰਮਾ, ਭਾਜਪਾ ਉਮੀਦਵਾਰ: ਸੁਭਾਸ਼ ਸ਼ਰਮਾ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਹਨ।
- ਪ੍ਰਨੀਤ ਕੌਰ, ਭਾਜਪਾ ਉਮੀਦਵਾਰ: ਪਰਨੀਤ ਕੌਰ ਭਾਰਤ ਸਰਕਾਰ ਵਿੱਚ 2009 ਤੋਂ 2014 ਤੱਕ ਵਿਦੇਸ਼ ਮੰਤਰਾਲੇ ਵਿੱਚ ਰਾਜ ਮੰਤਰੀ ਵਜੋਂ ਸੇਵਾ ਨਿਭਾਈ। ਉਨ੍ਹਾਂ ਦਾ ਵਿਆਹ ਅਮਰਿੰਦਰ ਸਿੰਘ ਨਾਲ ਹੋਇਆ ਹੈ, ਜੋ ਪੰਜਾਬ ਦੇ 15ਵੇਂ ਮੁੱਖ ਮੰਤਰੀ ਸਨ। ਉਹ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ, ਜਿਸ ਨਾਲ ਉਨ੍ਹਾਂ ਦਾ ਪਤੀ ਸਬੰਧਤ ਸੀ, ਅਤੇ ਪਟਿਆਲਾ ਹਲਕੇ ਤੋਂ ਵਾਰ-ਵਾਰ ਸੰਸਦੀ ਚੋਣਾਂ ਲੜੀਆਂ। ਫਰਵਰੀ 2023 ਵਿੱਚ, ਉਨ੍ਹਾਂ ਨੂੰ ਭਾਜਪਾ ਨੇਤਾ ਅਤੇ ਉਨ੍ਹਾਂ ਦੇ ਪਤੀ ਅਮਰਿੰਦਰ ਸਿੰਘ ਦਾ ਸਮਰਥਨ ਕਰਨ ਲਈ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ। ਉਨ੍ਹਾਂ ਨੇ 1999, 2004 ਅਤੇ 2009 ਦੀਆਂ ਚੋਣਾਂ ਜਿੱਤੀਆਂ, ਪਰ 2014 ਦੀਆਂ ਚੋਣਾਂ ਵਿੱਚ ਆਪਣੀ ਸੀਟ ਹਾਰੇ ਅਤੇ 2019 ਵਿੱਚ ਦੁਬਾਰਾ ਜਿੱਤ ਕੇ ਵਾਪਸੀ ਕੀਤੀ।
- ਹੰਸ ਰਾਜ ਹੰਸ, ਭਾਜਪਾ ਉਮੀਦਵਾਰ: ਹੰਸ ਰਾਜ ਹੰਸ ਇੱਕ ਭਾਰਤੀ ਗਾਇਕ ਅਤੇ ਸਿਆਸਤਦਾਨ ਹੈ। ਉਹ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹਨ ਅਤੇ ਪਦਮ ਸ਼੍ਰੀ ਦੇ ਨਾਗਰਿਕ ਸਨਮਾਨ ਦਾ ਪ੍ਰਾਪਤਕਰਤਾ ਹੈ। ਉਹ ਪੰਜਾਬੀ ਲੋਕ ਅਤੇ ਸੂਫ਼ੀ ਸੰਗੀਤ ਦੇ ਨਾਲ-ਨਾਲ ਫ਼ਿਲਮਾਂ ਵਿੱਚ ਵੀ ਗਾਉਂਦੇ ਹਨ ਅਤੇ ਆਪਣੀਆਂ 'ਪੰਜਾਬੀ-ਪੌਪ' ਐਲਬਮਾਂ ਵੀ ਰਿਲੀਜ਼ ਕਰ ਚੁੱਕੇ ਹਨ।
- ਤਰਨਜੀਤ ਸਿੰਘ ਸੰਧੂ, ਭਾਜਪਾ ਉਮੀਦਵਾਰ : ਤਰਨਜੀਤ ਸਿੰਘ ਸੰਧੂ ਇੱਕ ਸੇਵਾਮੁਕਤ ਭਾਰਤੀ ਡਿਪਲੋਮੈਟ ਹਨ ਜਿਨ੍ਹਾਂ ਨੇ ਸ਼੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤ ਦੇ 28ਵੇਂ ਰਾਜਦੂਤ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਨੂੰ ਭਾਜਪਾ ਨੇ ਅੰਮ੍ਰਿਤਸਰ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।
ਸ਼੍ਰੋਮਣੀ ਅਕਾਲੀ ਦਲ:-
- ਹਰਸਿਮਰਤ ਕੌਰ ਬਾਦਲ, ਅਕਾਲੀ ਦਲ ਉਮੀਦਵਾਰ: ਹਰਸਿਮਰਤ ਕੌਰ ਬਾਦਲ ਭਾਰਤ ਸਰਕਾਰ ਵਿੱਚ ਫੂਡ ਪ੍ਰੋਸੈਸਿੰਗ ਉਦਯੋਗਾਂ ਦੀ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਲੋਕ ਸਭਾ ਵਿੱਚ ਬਠਿੰਡਾ ਤੋਂ ਸੰਸਦ ਮੈਂਬਰ ਹਨ। ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮੈਂਬਰ ਹੈ। ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ। ਉਨ੍ਹਾਂ ਨੇ 17 ਸਤੰਬਰ 2020 ਨੂੰ ਕੁਝ ਕਿਸਾਨ ਸੰਬੰਧੀ ਆਰਡੀਨੈਂਸਾਂ ਅਤੇ ਕਾਨੂੰਨਾਂ ਦਾ ਵਿਰੋਧ ਕਰਨ ਲਈ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ। ਹੁਣ ਅਕਾਲੀ ਦਲ ਵਲੋਂ ਬਠਿੰਡਾ ਤੋਂ ਉਮੀਦਵਾਰ ਹਨ।
- ਐਨਕੇ ਸ਼ਰਮਾ, ਅਕਾਲੀ ਦਲ ਉਮੀਦਵਾਰ: ਨਰਿੰਦਰ ਕੁਮਾਰ ਸ਼ਰਮਾ ਇੱਕ ਭਾਰਤੀ ਸਿਆਸਤਦਾਨ ਅਤੇ ਸ਼੍ਰੋਮਣੀ ਅਕਾਲੀ ਦਲ ਆਗੂ ਹਨ। ਉਹ 2022 ਤੱਕ ਪੰਜਾਬ ਦੇ ਡੇਰਾਬੱਸੀ ਤੋਂ ਵਿਧਾਨ ਸਭਾ ਦਾ ਮੈਂਬਰ ਰਹੇ। ਉਹ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੁਬਾਰਾ ਚੁਣੇ ਗਏ, ਪਰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਾਰ ਗਿਆ। ਉਹ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਖਜ਼ਾਨਚੀ ਹਨ। ਪਹਿਲੀ ਵਾਰ 2012 ਵਿੱਚ ਅਤੇ ਫਿਰ 2017 ਵਿੱਚ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ। ਪੰਜਾਬ ਸਰਕਾਰ ਵਿੱਚ ਮੁੱਖ ਸੰਸਦੀ ਸਕੱਤਰ ਰਹੇ; ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਐਸ.ਏ.ਐਸ.ਨਗਰ; ਸਰਪੰਚ ਪਿੰਡ ਲੋਹਗੜ੍ਹ ਅਤੇ ਜ਼ੀਰਕਪੁਰ ਦੇ ਪ੍ਰਧਾਨ ਐਮ.ਸੀ. ਰਹੇ।
ਆਜ਼ਾਦ ਉਮੀਦਵਾਰ :-
- ਅੰਮ੍ਰਿਤਪਾਲ ਸਿੰਘ, ਆਜ਼ਾਦ ਉਮੀਦਵਾਰ: ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ੍ਹਨ ਦਾ ਐਲ਼ਾਨ ਕੀਤਾ ਹੈ। ਇਸ ਸਮੇਂ ਅੰਮ੍ਰਿਤਪਾਲ ਸਿੰਘ ਐਨਐਸਏ ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਇਸ ਤੇ ਬਾਵਜੂਦ ਉਸ ਵਲੋਂ ਆਪਣੀ ਨਾਮਜ਼ਦਗੀ ਦਾਖਲ ਕੀਤੀ ਗਈ ਹੈ। ਅੰਮ੍ਰਿਤਪਾਲ ਦੇ ਪਰਿਵਾਰ ਵਲੋਂ ਉਸ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।