ਬਠਿੰਡਾ: ਅਕਸਰ ਕਿਹਾ ਜਾਂਦਾ ਜੋ ਖੁਦ ਜਲ ਕੇ ਰੋਸ਼ਨੀ ਕਰਦੇ ਨੇ ਉਨ੍ਹਾਂ ਦਾ ਕਰਜ਼ਾ ਕੋਈ ਨਹੀਂ ਉਤਾਰ ਸਕਦਾ। ਅਜਿਹਾ ਹੀ ਦੀਪ ਅਧਿਆਪਕ ਹੁੰਦੇ ਨੇ ਜੋ ਆਪ ਤਾਂ ਬਹੁਤ ਸਾਰੀਆਂ ਚੁਣੋਤੀਆਂ ਦਾ ਸਾਹਮਣਾ ਕਰਦੇ ਨੇ ਪਰ ਆਪਣੇ ਵਿਦਿਆਰਥੀਆਂ ਨੂੰ ਪੜਾਉਣ ਅਤੇ ਇੱਕ ਚੰਗਾ ਇਨਸਾਨ ਬਣਾਉਣ 'ਚ ਮਦਦ ਕਰਦੇ ਹਨ। ਅਜਿਹਾ ਹੀ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਸਕੂਲ ਦੇ ਈਟੀਟੀ ਅਧਿਆਪਕ ਰਾਜਿੰਦਰ ਸਿੰਘ ਰਾਜੂ ਨੇ ਕੀਤਾ ਅਤੇ ਆਪਣੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਲਈ ਅਹਿਮ ਯੋਗਦਾਨ ਪਾਇਆ ਹੈ। ਸਕੂਲ ਵਿੱਚ ਵਿਦਿਆਰਥੀਆਂ ਨੂੰ ਪੱਕੀ ਵਰਦੀ ਲਵਾਉਣ ਦਾ ਕੰਮ ਵੀ ਰਾਜਿੰਦਰ ਹੋਰਾਂ ਨੇ ਹੀ ਕੀਤਾ ਹੈ। ਕਾਬਲੇਜ਼ਿਕਰ ਹੈ ਕਿ ਵਿਦਿਆਰਥੀਆਂ ਲਈ ਕੰਪਿਊਟਰ, ਸਮਾਰਟ ਕਲਾਸਰੂਮ ਇਹ ਸਭ ਉਪਲਬਧ ਕਰਵਾਉਣ ਲਈ ਰਾਜਿੰਦਰ ਸਿੰਘ ਪਿੱਛਲੇ 8 ਸਾਲਾਂ ਤੋਂ ਮਿਹਨਤ ਕਰ ਰਹੇ ਹਨ ਇਸ ਸਭ ਕੰਮ ਲਈ ਉਨ੍ਹਾਂ ਨੂੰ ਵਿੱਤੀ ਯੋਗਦਾਨ ਪਿੰਡ ਵਾਲਿਆਂ, ਦੋਸਤਾਂ, ਪਰਵਾਸੀ ਪੰਜਾਬੀਆਂ ਵੱਲੋਂ ਮਿਲਦਾ ਰਿਹਾ ਹੈ।
ਪੁਰਸਕਾਰ ਲਈ ਚੋਣ:
ਅਧਿਆਪਕ ਰਾਜਿੰਦਰ ਸਿੰਘ ਮੁਤਾਬਕ, "ਰਾਸ਼ਟਰੀ ਪੁਰਸਕਾਰ ਲਈ ਚੋਣ ਕਰਨ ਲਈ ਤਿੰਨ ਪੜਾਅ ਹੁੰਦੇ ਹਨ। ਕੋਈ ਵੀ ਅਧਿਆਪਕ ਆਨਲਾਈਨ ਫਾਰਮ ਭਰ ਸਕਦਾ ਹੈ।" "ਉਸ ਤੋਂ ਬਾਅਦ ਜ਼ਿਲ੍ਹੇ ਵਿੱਚ ਇੱਕ ਪ੍ਰਸ਼ਾਸ਼ਨਿਕ ਟੀਮ ਸਾਰੇ ਉਮੀਦਵਾਰਾਂ ਦੀ ਫਾਰਮ ਮੁਤਾਬਕ ਜਾਂਚ ਕਰਦੀ ਹੈ। ਟੀਮ ਇਹ ਪਤਾ ਲਗਾਉਂਦੀ ਹੈ ਕਿ ਇੱਕ ਉਮੀਦਵਾਰ ਵੱਲੋਂ ਵਿੱਦਿਆ ਦੇ ਖੇਤਰ ਵਿੱਚ ਕੀ ਯੋਗਦਾਨ ਪਾਇਆ ਗਿਆ?" "ਜਿਸ ਮਗਰੋਂ ਜ਼ਿਲ੍ਹੇ ਤੋਂ ਰਿਪੋਰਟ ਤਿਆਰ ਕਰਕੇ ਸੂਬਾ ਪੱਧਰੀ ਜਿਊਰੀ ਨੂੰ ਭੇਜੀ ਜਾਂਦੀ ਹੈ।ਇਸ ਤੋਂ ਬਾਅਦ ਸੂਬੇ ਦੀ ਟੀਮ ਕੇਂਦਰੀ ਸਿੱਖਿਆ ਵਿਭਾਗ ਨੂੰ ਇਹ ਸੂਚੀ ਭੇਜਦੀ ਹੈ ਉਸ ਤੋਂ ਬਾਅਦ ਪੂਰੇ ਦੇਸ਼ ਵਿੱਚੋਂ ਅਧਿਆਪਕਾਂ ਦੀ ਚੋਣ ਰਾਸ਼ਟਰੀ ਪੁਰਸਕਾਰ ਲਈ ਕੀਤੀ ਜਾਂਦੀ ਹੈ।"
ਰਾਜਿੰਦਰ ਸਿੰਘ ਰਾਜੂ ਕੌਣ ਹਨ?
ਰਾਸ਼ਟਰੀ ਪੁਰਸਕਾਰ ਲਈ ਚੁਣੇ ਗਏ ਰਾਜਿੰਦਰ ਸਿੰਘ ਰਾਜੂ ਨੇ 2004 ਤੋਂ ਸਰਕਾਰੀ ਅਧਿਆਪਕ ਦੇ ਤੌਰ 'ਤੇ ਨੌਕਰੀ ਸ਼ੁਰੂ ਕੀਤੀ ਸੀ। ਉਹ ਹੁਣ ਤੱਕ ਚਾਰ ਸਕੂਲਾਂ ਵਿੱਚ ਪੜ੍ਹਾ ਚੁੱਕੇ ਹਨ। 2015 ਵਿੱਚ ਉਨ੍ਹਾਂ ਨੇ ਆਪਣੇ ਚੌਥੇ ਸਕੂਲ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਸੀ, ਉਸ ਵੇਲੇ ਇਸ ਸਕੂਲ ਦੀ ਹਾਲਤ ਬਹੁਤ ਤਰਸਯੋਗ ਸੀ। ਪਿੰਡ ਕੋਠੇ ਇੰਦਰ ਸਿੰਘ ਵਾਲਾ ਬਠਿੰਡਾ ਦੇ ਗੋਨੇਆਣਾ ਨੇੜੇ 550 ਦੇ ਲਗਭਗ ਦੀ ਆਬਾਦੀ ਵਾਲਾ ਛੋਟਾ ਜਿਹਾ ਪਿੰਡ ਹੈ। ਪਿੰਡ ਵਿੱਚ ਹੀ ਸਰਕਾਰੀ ਪ੍ਰਾਇਮਰੀ ਸਕੂਲ ਹੈ, ਜਿੱਥੇ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਬੱਚੇ ਪੜ੍ਹਦੇ ਹਨ। ਜਦੋਂ ਰਾਜਿੰਦਰ ਸਿੰਘ ਦੀ ਪੋਸਟਿੰਗ ਇੱਥੇ ਹੋਈ ਤਾਂ ਉਨ੍ਹਾਂ ਸਾਹਮਣੇ ਇੱਕ ਵੱਡੀ ਚੁਣੌਤੀ ਸਕੂਲ ਦੀ ਖ਼ਸਤਾ ਹਾਲਤ ਸੀ।

ʻਬੰਦ ਹੁੰਦਾ ਸਕੂਲ ਬਚਾ ਲਿਆʼ:
ਰਾਜਿੰਦਰ ਸਿੰਘ ਰਾਜੂ ਕਹਿੰਦੇ ਹਨ, "2015 ਵਿੱਚ ਸਕੂਲ ਵਿੱਚ 33 ਵਿਦਿਆਰਥੀ ਸਨ ਅਤੇ ਸਿਰਫ਼ ਇੱਕ ਅਧਿਆਪਕ ਸੀ ਉਹ ਵੀ ਮੈਂ। ਸਕੂਲ ਦੀ ਇਮਾਰਤ ਬੇਰੰਗ ਸੀ, ਕੰਧਾਂ ਟੁੱਟੀਆਂ ਹੋਈਆਂ ਸਨ। ਸਕੂਲ ਦਿਨ ਪ੍ਰਤੀ ਦਿਨ ਬੰਦ ਹੋਣ ਵੱਲ ਵੱਧ ਰਿਹਾ ਸੀ।" "ਪਰ ਮੈਂ ਸਕੂਲ ਨੂੰ ਬਚਾਉਣ ਲਈ ਇੱਕ ਕੋਸ਼ਿਸ਼ ਹੀ ਕੀਤੀ ਸੀ, ਜੋ ਰੰਗ ਲੈ ਕੇ ਆਈ। ਸਕੂਲ ਖੁੱਲ੍ਹਣ ਦਾ ਸਮਾਂ ਹੁੰਦਾ ਸੀ ਪਰ ਬੰਦ ਹੋਣ ਦਾ ਕੋਈ ਸਮਾਂ ਨਹੀਂ ਸੀ। ਦਿਨ ਰਾਤ ਇੱਥੇ ਪੜ੍ਹਾਈ ਹੁੰਦੀ ਸੀ।" "ਰੰਗ-ਰੋਗਨ ਦਾ ਕੰਮ, ਪਲੰਮਬਰ ਦਾ ਕੰਮ ਮੈਂ ਆਪਣੇ ਹੱਥੀਂ ਵੀ ਕਰਦਾ ਅਤੇ ਦੂਜਿਆਂ ਦੀ ਮਦਦ ਵੀ ਲੈਂਦਾ ਸੀ ਫੇਰ ਹੌਲੀ-ਹੌਲੀ ਪਿੰਡ ਵਾਲਿਆਂ ਅਤੇ ਦਾਨੀ ਲੋਕਾਂ ਦੇ ਸਹਿਯੋਗ ਨਾਲ ਸਕੂਲ ਦੀ ਇਮਾਰਤ ਬਦਲਣ, ਬੈਂਚ ਲਾਉਣ, ਵਿਦਿਆਰਥੀਆਂ ਨੂੰ ਵਰਦੀ ਲਾਉਣ, ਕੰਪਿਊਟਰ ਰੱਖਣ, ਇੰਟਰਕੈਟਿਵ ਪੈਨਲ ਕਮਰਿਆਂ ਵਿੱਚ ਲਾਉਣ ਦਾ ਹਰ ਕੰਮ ਪੂਰਾ ਕਰ ਲਿਆ ਗਿਆ।"
ਰਾਸ਼ਟਰੀ ਐਵਾਰਡ ਲਈ ਕਿਉਂ ਚੁਣੇ ਗਏ ਆ ਅਧਿਆਪਕ? ਪੁਰਸਕਾਰ ਲਈ ਕਿਵੇਂ ਚੋਣ ਹੋਈ? ਦੇਸ਼ ਦੇ ਰਾਸ਼ਟਰਪਤੀ ਸਨਮਾਨਿਤ ਕਰਨਗੇ, ਪੜ੍ਹੋ ਖਾਸ ਰਿਪੋਰਟ (etv bharat)
ʻਪਿੰਡ ਦੇ ਸਰਪੰਚ ਦਾ ਬੱਚਾ ਵੀ ਸਰਕਾਰੀ ਸਕੂਲ ਵਿੱਚ ਪੜ੍ਹਦਾ':
ਰਾਜਿੰਦਰ ਸਿੰਘ ਨੇ ਦੱਸਿਆ, "ਸਾਡੀ ਮਿਹਨਤ ਤੋਂ ਬਾਅਦ ਹੁਣ ਸਾਡੇ ਇਸ ਸਕੂਲ ਵਿੱਚ 16 ਪਿੰਡਾਂ ਦੇ 240 ਬੱਚੇ ਇੱਥੇ ਪੜ੍ਹਨ ਲਈ ਆ ਰਹੇ ਹਨ। 40 ਬੱਚੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਹਨ ਅਤੇ 200 ਬੱਚੇ ਬਾਹਰੀ ਪਿੰਡਾਂ ਦੇ ਹਨ।" "ਸਾਡਾ ਪ੍ਰਾਇਮਰੀ ਸਕੂਲ ਇਲਾਕੇ ਦੇ ਕਾਨਵੈਂਟ ਸਕੂਲਾਂ ਦੀ ਪੜ੍ਹਾਈ ਨੂੰ ਟੱਕਰ ਦੇ ਰਿਹਾ ਹੈ। ਸਕੂਲ ਦੇ ਵਿੱਚ ਗਰੀਬ ਪਰਿਵਾਰਾਂ ਤੋਂ ਇਲਾਵਾ ਜ਼ਿਮੀਂਦਾਰਾਂ ਦੇ ਬੱਚੇ ਵੀ ਪੜ੍ਹਦੇ ਹਨ। ਪਿੰਡ ਦੇ ਸਰਪੰਚ ਦਾ ਬੱਚਾ ਵੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਦਾ ਹੈ।" ਰਾਜਿੰਦਰ ਸਿੰਘ ਨੂੰ ਇਸ ਤੋਂ ਪਹਿਲਾਂ ਸੂਬਾ ਪੱਧਰੀ ਵੀ ਸਨਮਾਨ ਮਿਲ ਚੁੱਕਿਆ ਹੈ ਪਰ ਇਸ ਵਾਰ ਪੂਰੇ ਦੇਸ਼ ਦੇ ਸਰਵੋਤਮ ਅਧਿਆਪਕਾਂ ਵਿੱਚ ਉਨ੍ਹਾਂ ਦਾ ਨਾਮ ਆਇਆ ਹੈ।
- ਵਿਦੇਸ਼ ਜਾ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੱਡਾ ਝਟਕਾ, 1 ਤੋਂ ਡੇਢ ਲੱਖ ਵਿਦਿਆਰਥੀਆਂ ਆਉਣਗੇ ਵਾਪਸ ! ਇਸ ਰਿਪੋਰਟ 'ਚ ਦੇਖੋ ਕੌਣ ਹੋਵੇਗਾ ਪ੍ਰਭਾਵਿਤ... - students studying abroad
- ਰੱਬ ਨੂੰ ਮਿਲ ਕੇ ਆਈ ਇਹ ਔਰਤ, 93 ਸਾਲ ਦੀ ਬੇਬੇ ਮਰ ਕੇ ਹੋਈ ਜਿਊਂਦੀ - woman came alive after death
- ਪੰਜਾਬ ਸਰਕਾਰ ਦੇ ਸਿੱਖਿਆ ਪੱਧਰ ਨੂੰ ਉੱਚਾ ਚੱਕਣ ਦੇ ਦਾਅਵਿਆਂ ਦੀ ਨਿਕਲੀ ਫੂਕ, RTI ਰਾਹੀ ਹੋਏ ਵੱਡੇ ਖੁਲਾਸੇ - Punjab Higher Education