ਲੁਧਿਆਣਾ: ਪੰਜਾਬ ਭਰ ਦੇ ਵਿੱਚ ਪੰਚਾਇਤੀ ਚੋਣਾਂ ਦੇ ਲਈ ਕੱਲ ਵੋਟਿੰਗ ਦੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ ਅਤੇ ਅੱਜ ਚੋਣ ਅਮਲੇ ਨੂੰ ਆਪੋ ਆਪਣੇ ਵਾਰਡਾਂ ਦੇ ਲਈ ਬੈਲਟ ਪੇਪਰ ਅਲਾਟ ਕਰ ਦਿੱਤੇ ਗਏ ਹਨ। ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਅਤੇ ਉਸੇ ਦਿਨ ਨਤੀਜੇ ਵੀ ਐਲਾਨ ਦਿੱਤੇ ਜਾਣਗੇ। ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੁੱਲ 941 ਪਿੰਡਾਂ ਦੇ ਲਈ ਵੋਟਿੰਗ ਹੋਣੀ ਹੈ। ਜਿੰਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਪਿੰਡ ਲੁਧਿਆਣਾ ਵਨ ਅਤੇ ਲੁਧਿਆਣਾ ਟੂ ਦੇ ਵਿੱਚ ਹਨ।
ਕਿਸ-ਕਿਸ ਦੇ ਕਾਗਜ਼ ਹੋਏ ਰੱਦ
ਇਹਨਾਂ 941 ਪਿੰਡਾਂ ਦੇ ਲਈ ਕੁੱਲ 3779 ਸਰਪੰਚ ਉਮੀਦਵਾਰ ਲਈ ਅਤੇ 13 ਹਜ਼ਾਰ 168 ਪੰਚ ਉਮੀਦਵਾਰਾਂ ਵੱਲੋਂ ਦਸਤਾਵੇਜ਼ ਦਾਖਲ ਕੀਤੇ ਗਏ ਸਨ। ਜਿਨਾਂ ਦੇ ਵਿੱਚੋਂ 134 ਸਰਪੰਚ ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਅਤੇ ਕੁੱਲ 537 ਪੰਜ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਕੁੱਲ ਚੋਣ ਮੈਦਾਨ ਦੇ ਵਿੱਚ 3645 ਸਰਪੰਚ ਉਮੀਦਵਾਰ ਅਤੇ 12 ਹਜ਼ਾਰ 631 ਪੰਜ ਉਮੀਦਵਾਰ 941 ਪਿੰਡਾਂ ਲਈ ਚੋਣ ਮੈਦਾਨ ਦੇ ਵਿੱਚ ਹਨ।
ਪੂਰੀਆਂ ਤਿਆਰੀਆਂ ਮੁਕੰਮਲ
ਚੋਣ ਅਮਲੇ ਨੇ ਕਿਹਾ ਕਿ ਉਹਨਾਂ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਪਰ ਉਹਨਾਂ ਨੇ ਨਾਲ ਹੀ ਕਿਹਾ ਹੈ ਕਿ ਅਸੀਂ ਪ੍ਰਸ਼ਾਸਨ ਨੂੰ ਇਹ ਕਿਹਾ ਸੀ ਕਿ ਉਸੇ ਦਿਨ ਵੋਟਾਂ ਦੇ ਨਤੀਜੇ ਨਾ ਕੱਢੇ ਜਾਣ ਕਿਉਂਕਿ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਤਣਾਅਪੂਰਨ ਹਾਲਾਤ ਪੈਦਾ ਹੋ ਜਾਂਦੇ ਹਨ, ਜਿਸ ਨੂੰ ਲੈ ਕੇ ਸੁਰੱਖਿਆ ਦੇ ਸਵਾਲ ਖੜੇ ਹੋ ਜਾਂਦੇ ਹਨ।
ਉਹਨਾਂ ਕਿਹਾ ਕਿ ਜਿਸ ਤਰ੍ਹਾਂ ਨਾਮਜ਼ਦਗੀਆਂ ਭਰਨ ਵੇਲੇ ਜੋ ਮਾਹੌਲ ਬਣਿਆ ਸੀ। ਅਜਿਹਾ ਮਾਹੌਲ ਨਤੀਜਿਆਂ ਵੇਲੇ ਵੀ ਬਣ ਜਾਂਦਾ ਹੈ ਇਸ ਕਰਕੇ ਹਾਰ ਜਿੱਤ ਬਹੁਤ ਘੱਟ ਵੋਟਾਂ ਨਾਲ ਹੁੰਦੀ ਹੈ। ਇਸ ਲਈ ਉਹਨਾਂ ਨੇ ਕਿਹਾ ਕਿ ਬਲੋਕ ਪੱਧਰ ਤੇ ਵੋਟਾਂ ਦੀ ਗਿਣਤੀ ਹੋਣੀ ਚਾਹੀਦੀ ਹੈ, ਜਿਸ ਨਾਲ ਸੁਰੱਖਿਆ ਵੀ ਲੋੜਿੰਦੀ ਹੋ ਜਾਵੇਗੀ ਅਤੇ ਨਤੀਜੇ ਵੀ ਸਹੀ ਢੰਗ ਨਾਲ ਸਾਹਮਣੇ ਆਉਣਗੇ ਪਰ ਉਹਨਾਂ ਕਿਹਾ ਕਿ ਇਸ ਲਈ ਇੱਕ ਦਿਨ ਦਾ ਸਮਾਂ ਘੱਟੋ ਘੱਟ ਵਿੱਚ ਜਰੂਰ ਰੱਖਣਾ ਚਾਹੀਦਾ ਹੈ ਅਗਲੇ ਦਿਨ ਵੋਟਾਂ ਦੀ ਗਿਣਤੀ ਕੀਤੀ ਜਾਣੀ ਚਾਹੀਦੀ ਹੈ।