ਬਰਨਾਲਾ: ਨੈਸ਼ਨਲ ਹਾਈਵੇ 'ਤੇ ਸਕੂਲੀ ਨੌਜਵਾਨਾਂ ਦੀ ਬੁਲਟ ਮੋਟਰਸਾਈਕਲ ਦੇ ਪਟਾਕੇ ਪਾਉਣੇ ਅਤੇ ਚਲਦੀ ਕਾਰ ਵਿਚੋਂ ਬਾਹਰ ਨਿਕਲ ਕੇ ਸਟੰਟ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਵਾਇਰਲ ਵੀਡੀਓ ਦੇ ਆਧਾਰ 'ਤੇ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ। ਸਟੰਟ ਕਰਨ ਵਾਲੇ ਨੌਜਵਾਨਾਂ ਦੇ ਤਿੰਨ ਬੁਲਟ ਮੋਟਰਸਾਈਕਲ ਅਤੇ ਦੋ ਵਾਹਨ ਜ਼ਬਤ ਕਰਕੇ ਕਾਨੂੰਨ ਅਨੁਸਾਰ ਚਲਾਨ ਕੀਤੇ ਗਏ ਹਨ ਅਤੇ ਨੌਜਵਾਨਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਪੁਲਿਸ ਪ੍ਰਸ਼ਾਸਨ ਨੇ ਨੌਜਵਾਨਾਂ ਨੂੰ ਅਜਿਹੇ ਸਟੰਟ ਕਰਨ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਅਤੇ ਸਟੰਟ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ।
ਹੁੱਲੜਬਾਜ਼ਾਂ 'ਤੇ ਪੁਲਿਸ ਨੇ ਕੱਸੀ ਨਕੇਲ: ਇਸ ਮੌਕੇ 'ਤੇ ਗੱਲਬਾਤ ਕਰਦਿਆਂ ਥਾਣਾ ਸਦਰ ਬਰਨਾਲਾ ਦੀ ਐੱਸਐੱਚਓ ਰੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਮਿਲੀ ਸੀ, ਜਿਸ 'ਚ ਸਕੂਲੀ ਵਰਦੀ 'ਚ ਕੁਝ ਬੱਚੇ ਬੁਲਟ 'ਤੇ ਪਟਾਕੇ ਵਜਾ ਰਹੇ ਸੀ ਅਤੇ ਚੱਲਦੀ ਕਾਰ ਵਿਚ ਸਟੰਟ ਕਰਕੇ ਵੀਡੀਓ ਬਣਾ ਰਹੇ ਸਨ। ਪੁਲਿਸ ਪ੍ਰਸ਼ਾਸਨ ਨੂੰ ਪਿਛਲੇ ਸਮੇਂ ਵਿੱਚ ਵੀ ਨੌਜਵਾਨਾਂ ਵੱਲੋਂ ਅਜਿਹੀਆਂ ਗਤੀਵਿਧੀਆਂ ਕਰਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਜਿਸ ਵਿੱਚ ਨੌਜਵਾਨ ਬੁਲਟ ਮੋਟਰਸਾਈਕਲ ਦੇ ਪਟਾਕੇ ਪਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਇਸ ਵਾਇਰਲ ਵੀਡੀਓ ਸਬੰਧੀ ਬਰਨਾਲਾ ਦੇ ਐੱਸਐੱਸਪੀ ਦੇ ਹੁਕਮਾਂ ਅਨੁਸਾਰ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਅਜਿਹੀ ਹੁੱਲੜਬਾਜ਼ੀ ਵਿੱਚ ਸ਼ਾਮਲ ਨੌਜਵਾਨਾਂ ਦੀ ਸ਼ਨਾਖਤ ਕੀਤੀ ਗਈ। ਜਿਸ ਤਹਿਤ ਥਾਣਾ ਸਦਰ ਬਰਨਾਲਾ ਅਧੀਨ ਪੈਂਦੀ ਪੱਖੋ ਕੈਂਚੀਆਂ ਪੁਲਿਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕਰਦਿਆਂ ਤਿੰਨ ਬੁਲਟ ਮੋਟਰਸਾਈਕਲਾਂ ਅਤੇ ਦੋ ਕਾਰਾਂ ਦੇ ਚਲਾਨ ਕੱਟੇ ਹਨ।
ਨੌਜਵਾਨਾਂ ਨੂੰ ਪੁਲਿਸ ਦੀ ਚਿਤਾਵਨੀ: ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ 'ਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਸੜਕਾਂ 'ਤੇ ਮੋਟਰਸਾਈਕਲ ਚਲਾਉਂਦੇ ਸਮੇਂ ਅਜਿਹੇ ਸਟੰਟ ਨਾ ਕਰਨ, ਜਿਸ ਨਾਲ ਉਨ੍ਹਾਂ ਦੀ ਜਾਨ ਖਤਰੇ 'ਚ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਸਟੰਟ ਦੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹਨ। ਅਜਿਹਾ ਕਰਦੇ ਸਮੇਂ ਕਈ ਵਾਰ ਵੱਡੇ ਹਾਦਸੇ ਵਾਪਰ ਜਾਂਦੇ ਹਨ। ਜਿਸ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਇਸ ਕਾਰਨ ਸਾਰੇ ਨੌਜਵਾਨਾਂ ਨੂੰ ਅਜਿਹੇ ਸਟੰਟ ਕਰਨ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੀ ਜੇਕਰ ਕੋਈ ਨੌਜਵਾਨ ਅਜਿਹਾ ਸਟੰਟ ਕਰਦਾ ਪਾਇਆ ਗਿਆ ਤਾਂ ਉਹ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨਗੇ।