ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਵੀ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਇਸ ਤੋਂ ਪਹਿਲਾਂ, ਕੈਪਟਨ ਵੀ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਜਾਣਕਾਰੀ ਮੁਤਾਬਕ, ਪਰਨੀਤ ਕੌਰ ਅੱਜ ਯਾਨੀ ਵੀਰਵਾਰ ਨੂੰ ਦਿੱਲੀ ਵਿਖੇ ਭਾਜਪਾ ਦੇ ਹੈਡ ਕੁਆਟਰ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕਰਨਗੇ। ਦੱਸ ਦਈਏ ਕਿ ਇਸ ਸਮੇਂ ਪਰਨੀਤ ਕੌਰ ਕਾਂਗਰਸ ਦ ਦੀ ਪਟਿਆਲਾ ਤੋਂ ਐਮਪੀ ਹੈ।
ਭਾਜਪਾ ਕੌਮੀ ਬੁਲਾਰਾ ਜੇਪੀ ਨੱਢਾ ਵਲੋਂ ਅੱਜ ਦਿੱਲੀ ਵਿਖੇ ਦੁਪਹਿਰ 2 ਵਜੇ ਪੰਜਾਬ ਭਾਜਪਾ ਸਮਿਤੀ ਨਾਲ ਮੀਟਿੰਗ ਵੀ ਕਰਨਗੇ ਜਿਸ ਵਿੱਚ ਪੰਜਾਬ ਲੋਕ ਸਭਾ ਚੋਣਾਂ ਦੌਰਾਨ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ।
ਪਟਿਆਲਾ ਤੋਂ ਲੜ ਸਕਦੇ ਨੇ ਚੋਣ !: ਦਰਅਸਲ, ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਗਲਿਆਰੇ ਵਿੱਚ ਕੈਪਟਨ ਪਰਿਵਾਰ ਵਲੋਂ ਨਵੀਂ ਖਬਰ ਨੇ ਹਲਚਲ ਮਚਾ ਦਿੱਤੀ ਹੈ। ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦੋ ਦਿਨਾਂ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਸਕਦੀ ਹੈ। ਲੋਕ ਸਭਾ ਚੋਣਾਂ ਦੇ ਜ਼ਾਬਤੇ ਤੋਂ ਪਹਿਲਾਂ ਭਾਜਪਾ 'ਚ ਸ਼ਾਮਲ ਹੋਣ ਦੀਆਂ ਖਬਰਾਂ ਹਨ। ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਬੇਟੀ ਜੈ ਇੰਦਰ ਕੌਰ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਇਹ ਵੀ ਖਬਰ ਹੈ ਕਿ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਰਨੀਤ ਕੌਰ ਪਟਿਆਲਾ ਤੋਂ ਚੋਣ ਲੜ ਸਕਦੇ ਹਨ।
1999 ਤੋਂ ਪਟਿਆਲਾ ਦੀ ਨੁਮਾਇੰਦਗੀ ਕਰ ਰਹੇ: ਪੰਜਾਬ ਦੀ ਸੰਸਦ ਮੈਂਬਰ ਪ੍ਰਨੀਤ ਨੇ 1999 ਵਿੱਚ ਪਟਿਆਲਾ ਤੋਂ ਆਪਣੀ ਪਹਿਲੀ ਚੋਣ ਜਿੱਤੀ ਸੀ। ਉਦੋਂ ਤੋਂ ਉਹ ਲੋਕ ਸਭਾ ਵਿੱਚ ਪਟਿਆਲਾ ਦੀ ਨੁਮਾਇੰਦਗੀ ਕਰ ਰਹੀ ਹੈ। ਇਸ ਤੋਂ ਬਾਅਦ ਉਹ 2004, 2009 ਅਤੇ 2019 ਵਿੱਚ ਪਟਿਆਲਾ ਤੋਂ ਸੰਸਦ ਮੈਂਬਰ ਚੁਣੀ ਗਈ। ਉਹ 2014 ਤੋਂ 2017 ਤੱਕ ਪਟਿਆਲਾ ਤੋਂ ਵਿਧਾਇਕ ਵੀ ਰਹੀ।
ਕੈਪਟਨ ਨੇ 2014 ਵਿੱਚ ਲੋਕ ਸਭਾ ਚੋਣ ਲੜੀ: ਸਾਲ 2014 ਵਿੱਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਬਣਾਇਆ ਸੀ। ਉਦੋਂ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਉਦੋਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਜੂਆ ਖੇਡਦੇ ਹੋਏ ਉਨ੍ਹਾਂ ਨੂੰ ਮੈਦਾਨ 'ਚ ਉਤਾਰਿਆ ਸੀ। ਕੈਪਟਨ ਯੇ ਨੇ ਆਸਾਨੀ ਨਾਲ ਭਾਰੀ ਬਹੁਮਤ ਨਾਲ ਸੀਟ ਜਿੱਤ ਲਈ ਸੀ।
ਕੈਪਟਨ ਦੀ ਜੇਪੀ ਨੱਡਾ ਨਾਲ ਮੁਲਾਕਾਤ : ਇਸ ਤੋਂ ਪਹਿਲਾਂ, ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਮੰਗਲਵਾਰ ਨੂੰ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਹੈ। ਜਿਸ ਬਾਰੇ ਉਨ੍ਹਾਂ ਨੇ ਟਵੀਟ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ।
ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕੈਪਟਨ ਦੀ ਧੀ ਜੈ ਇੰਦਰ ਕੌਰ ਨੇ ਕਿਹਾ ਸੀ ਕਿ ਉਨ੍ਹਾਂ ਵਲੋਂ ਚੋਣ ਲੜਨ ਦੀ ਵਾਰੀ ਸ਼ਾਇਦ 2-3 ਸਾਲਾਂ ਬਾਅਦ ਆਵੇਗੀ। ਉਨ੍ਹਾਂ ਦਾ ਇਸ਼ਾਰਾ ਸਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵੱਲ ਸੀ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕੀ ਪਰਨੀਤ ਕੌਰ ਪਟਿਆਲਾ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ। ਉਹ ਜਲਦ ਹੀ ਭਾਜਪਾ ਵਿੱਚ ਸ਼ਾਮਲ ਹੋਣਗੇ।
ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡਣ ਤੋਂ ਬਾਅਦ ਆਪਣੀ ਪਾਰਟੀ ਬਣਾਈ ਸੀ ਜਿਸ ਦਾ ਭਾਜਪਾ ਨਾਲ ਗਠਜੋੜ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਹੀ ਭਾਜਪਾ ਜੁਆਇਨ ਕਰ ਲਈ ਸੀ। ਉਸ ਤੋਂ ਬਾਅਦ ਲਗਾਤਾਰ, ਪਰਨੀਤ ਕੌਰ ਵਲੋਂ ਵੀ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ।