ਅੰਮ੍ਰਿਤਸਰ: ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਬਲਾਕ ਚੋਗਾਵਾਂ ਦੇ ਕਲੱਸਟਰ ਨੰਬਰ 6 ਦੇ ਰੀਟਰਨਿੰਗ ਅਫ਼ਸਰ ਵੱਲੋਂ ਮਨਮਰਜ਼ੀ ਕਰਦਿਆਂ ਕਰੀਬ 10 ਪਿੰਡਾਂ ਦੇ ਕੁਝ ਪੰਚਾਇਤੀ ਉਮੀਦਵਾਰਾਂ ਨੂੰ ਪਿਛਲੇ ਦੋ ਦਿਨਾਂ ਤੋਂ ਭਾਰੀ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਇਹ ਇਲਜ਼ਾਮ ਉਮੀਦਵਾਰਾਂ ਵਲੋਂ ਲਾਏ ਜਾ ਰਹੇ ਹਨ। ਵੱਖ-ਵੱਖ ਪਿੰਡਾਂ ਦੇ ਉੁਮੀਦਵਾਰਾਂ ਵੱਲੋਂ ਚੋਣ ਨਿਸ਼ਾਨ ਜਾਰੀ ਨਾ ਕਰਨ, ਕੁਝ ਉਮੀਦਵਾਰਾਂ ਦੇ ਬਿਨਾ ਵਜਾ ਨਾਮਜਦਗੀ ਪੱਤਰ ਰੱਦ ਕਰਨ ਅਤੇ ਕਈ ਉਮੀਦਵਾਰਾਂ ਦੀਆਂ ਵਾਰਡਾਂ ਨੂੰ ਤਬਦੀਲ ਕਰਨ ਦੇ ਇਲਜ਼ਾਮ ਲਗਾਉਂਦਿਆਂ ਰਾਜਾਸਾਂਸੀ ਵਿਖੇ ਐਸਡੀਐਮ ਦਫਤਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਰੀਟਰਨਿੰਗ ਅਫਸਰ ਨੂੰ ਘੇਰ ਕੇ ਤੁਰੰਤ ਮਸਲੇ ਹੱਲ ਕਰਨ ਲਿਆ ਕਿਹਾ ਗਿਆ ਹੈ।
ਰਿਟਰਨਿੰਗ ਅਫਸਰ ਉੱਤੇ ਕਾਨੂੰਨੀ ਕਾਰਵਾਈ ਦੀ ਮੰਗ
ਖੱਜਲ ਖੁਆਰ ਹੋ ਰਹੇ ਇਹ ਸਾਰੇ ਉੁਮੀਦਵਾਰ ਆਪਣੇ ਆਪ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਦੱਸ ਰਹੇ ਹਨ। ਉੁਮੀਦਵਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ 'ਤੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਉਮੀਦਵਾਰਾਂ ਵੱਲੋਂ ਚੋਣ ਨਿਸ਼ਾਨ ਜਾਰੀ ਕਰਨ, ਵਾਰਡਾਂ ਨੂੰ ਸਹੀ ਕਰਨ ਅਤੇ ਬਿਨਾਂ ਵਜਾ ਰੱਦ ਕੀਤੇ ਨਾਮਜਦਗੀ ਪੱਤਰ ਬਹਾਲ ਕਰਨ ਦੀ ਵੀ ਮੰਗ ਕੀਤੀ ਗਈ ਹੈ। ਉਨ੍ਹਾਂ ਵੱਲੋਂ ਸੰਬੰਧਿਤ ਰਿਟਰਨਿੰਗ ਅਫਸਰ ਉੱਤੇ ਕਾਨੂੰਨੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ ਹੈ।
ਧਰਨਾਕਾਰੀਆਂ ਨੂੰ ਸ਼ਾਂਤ ਕਰਨ ਪੁਲਿਸ ਪਹੁੰਚੀ
ਇਸ ਦੌਰਾਨ ਨਾਇਬ ਤਹਸੀਲਦਾਰ ਤਰਲੋਚਨ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਰੀਟਰਨਿੰਗ ਅਫਸਰ ਸਾਰਾ ਦਿਨ ਆਪਣੀ ਸੀਟ ਤੋਂ ਗਾਇਬ ਰਿਹਾ ਹੈ ਅਤੇ ਆਪਣੀਆਂ ਮਨਮਰਜ਼ੀ ਕਰ ਰਿਹਾ ਹੈ। ਇਸ ਦੀ ਸਬੰਧਤ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਹੈ। ਉੱਧਰ ਹੀ ਧਰਨਾਕਾਰੀਆਂ ਨੂੰ ਸਾਂਤ ਕਰਨ ਲਈ ਪੁਲਿਸ ਫੋਰਸ ਨਾਲ ਪਹੁੰਚੇ ਥਾਣਾ ਰਾਜਾਸਾਂਸੀ ਦੇ ਐਸਐਚਓ ਹਰਚੰਦ ਸਿੰਘ ਨੇ ਕਿਹਾ ਕਿ ਬਲਾਕ ਚੋਗਾਵਾਂ ਦੇ ਕਲੱਸਟਰ ਨੰਬਰ 6 ਦਾ ਰੀਟਰਨਿੰਗ ਅਫਸਰ ਦਿਮਾਗੀ ਤੌਰ 'ਤੇ ਪਰੇਸ਼ਾਨ ਹੈ, (ਮੈਂਟਲੀ ਅਪਸੈਟ) ਹੈ। ਇਸ ਦੀ ਜਾਣਕਾਰੀ ਐਸਡੀਐਮ ਨੂੰ ਦਿੱਤੀ ਗਈ ਹੈ, ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਰਾਤ ਦੇ ਸਮੇਂ ਵਿੱਚ ਨਵੇਂ ਸਿਰੇ ਤੋਂ ਰੀਟਰਨਿੰਗ ਅਫਸਰ ਨਿਯੁਕਤ ਕਰਕੇ ਸਵੇਰ 10 ਵਜੇ ਤੱਕ ਸਾਰੀਆਂ ਲਿਸਟਾਂ ਜਾਰੀ ਕਰ ਦਿੱਤੀਆਂ ਜਾਣਗੀਆਂ।