ਮਾਨਸਾ: ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੀਆਂ ਔਰਤਾਂ ਅਤੇ ਪਿੰਡ ਵਾਸੀਆਂ ਵੱਲੋਂ ਸਾਰੀ ਰਾਤ ਸਕੂਲ ਦੇ ਬਾਹਰ ਉਮੀਦਵਾਰ ਦੇ ਹੱਕ 'ਚ ਧਰਨਾ ਲਗਾ ਕੇ ਰੱਖਿਆ ਗਿਆ ਅਤੇ ਸਰਪੰਚ ਦੇ ਉਮੀਦਵਾਰ ਦਾ ਸਵੇਰੇ ਪੌਣੇ 6 ਵਜੇ ਜੇਤੂ ਐਲਾਨ ਕੀਤਾ ਗਿਆ। ਜਦੋਂ ਕਿ ਸਾਰੀ ਰਾਤ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ ਵੱਲੋਂ ਆਪਣੇ ਕਾਂਗਰਸ ਪਾਰਟੀ ਦੇ ਸਾਥੀਆਂ ਸਮੇਤ ਲੋਕਾਂ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ।
ਪੰਚਾਇਤੀ ਚੋਣਾਂ ਦੌਰਾਨ ਰੇੜਕਾ
ਕਾਬਿਲੇਗੌਰ ਹੈ ਕਿ ਬੀਤੇ ਕੱਲ ਹੋਈਆਂ ਪੰਚਾਇਤੀ ਚੋਣਾਂ ਦੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿੱਚ ਸਾਰੀ ਰਾਤ ਗਿਣਤੀ ਚੱਲਦੀ ਰਹੀ। ਜਦੋਂ ਕਿ ਪੰਚਾਇਤ ਮੈਂਬਰਾਂ ਦੇ ਡੇਢ ਵਜੇ ਤੱਕ ਰਿਜ਼ਲਟ ਐਲਾਨ ਕੀਤੇ ਗਏ ਪਰ ਸਰਪੰਚ ਉਮੀਦਵਾਰ ਦੀ ਗਿਣਤੀ ਨਾ ਹੋਣ ਦੇ ਚੱਲਦਿਆਂ ਪਿੰਡ ਵਾਸੀਆਂ ਵੱਲੋਂ ਸਰਪੰਚ ਦੇ ਹੱਕ ਵਿੱਚ ਔਰਤਾਂ ਸਮੇਤ ਪੂਰੇ ਪਿੰਡ ਨੇ ਸਕੂਲ ਨੂੰ ਚਾਰੇ ਪਾਸਿਓਂ ਘੇਰ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਪਿੰਡ ਵਾਸੀਆਂ ਨੇ ਅੱਧੀ ਰਾਤ ਨੂੰ ਲਾਇਆ ਧਰਨਾ
ਪਿੰਡ ਵਾਸੀਆਂ ਨੇ ਕਿਹਾ ਕਿ ਸਰਪੰਚ ਦੀਆਂ ਵੋਟਾਂ ਦੀ ਗਿਣਤੀ ਜਾਣ-ਬੁੱਝ ਕੇ ਟਾਲੀ ਜਾ ਰਹੀ ਹੈ ਅਤੇ ਮੌਜੂਦਾ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਆਲਾ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਹਨਾਂ ਨੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਾਢੇ ਤਿੰਨ ਵਜੇ ਦੇ ਕਰੀਬ ਸਰਪੰਚ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਕਰਵਾਈ ਗਈ।
ਜੇਤੂ ਸਰਪੰਚ ਨੇ ਧੱਕੇਸ਼ਾਹੀ ਦੇ ਲਾਏ ਦੋਸ਼
ਇਸ ਮੌਕੇ ਸਰਪੰਚ ਦੀ ਚੋਣ ਜਿੱਤੇ ਰੇਸ਼ਮ ਸਿੰਘ ਜਿੰਦਾ ਨੇ ਕਿਹਾ ਕਿ ਉਹਨਾਂ ਦੇ ਨਾਲ ਅੰਦਰ ਵੋਟਾਂ ਦੀ ਗਿਣਤੀ ਨੂੰ ਲੈ ਕੇ ਬਹੁਤ ਹੀ ਧੱਕੇਸ਼ਾਹੀ ਕੀਤੀ ਗਈ ਅਤੇ ਦੂਸਰਾ ਉਮੀਦਵਾਰ ਵੋਟਾਂ ਦੀ ਗਿਣਤੀ ਕਰਵਾਉਣ ਤੋਂ ਭੱਜਦਾ ਰਿਹਾ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਸਾਰੀ ਰਾਤ ਉਹਨਾਂ ਦਾ ਸਾਥ ਦਿੱਤਾ ਗਿਆ। ਜੇਕਰ ਪਿੰਡ ਦੇ ਲੋਕ ਧਰਨਾ ਲਗਾ ਕੇ ਨਾ ਬੈਠਦੇ ਤਾਂ ਉਹਨਾਂ ਦੇ ਨਾਲ ਧੱਕੇਸ਼ਾਹੀ ਹੋ ਸਕਦੀ ਸੀ।
ਕਾਂਗਰਸੀ ਲੀਡਰ ਨੇ ਸਰਕਾਰ ਨੂੰ ਘੇਰਿਆ
ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ ਦੇਰ ਰਾਤ ਕਰੀਬ 2 ਵਜੇ ਪਿੰਡ ਦੇ ਵਿੱਚ ਲੋਕਾਂ ਦੇ ਕੋਲ ਪਹੁੰਚੇ ਅਤੇ ਸਵੇਰੇ 6 ਵਜੇ ਤੱਕ ਲੋਕਾਂ ਦੇ ਨਾਲ ਪ੍ਰਦਰਸ਼ਨ ਕਰਦੇ ਰਹੇ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਅਜਿਹਾ ਹੋਇਆ ਹੈ ਕਿ ਸਰਪੰਚ ਦੀਆਂ ਵੋਟਾਂ ਦੀ ਗਿਣਤੀ ਨੂੰ ਜਾਣਬੁਝ ਕੇ ਟਾਲ ਮਟੋਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਉਹਨਾਂ ਨੇ ਗਿਣਤੀ ਸ਼ੁਰੂ ਕਰਵਾਈ ਹੈ। ਉਹਨਾਂ ਕਿਹਾ ਕਿ ਜੇਕਰ ਸਾਡੇ ਉਮੀਦਵਾਰ ਦੀਆਂ ਵੋਟਾਂ ਨਾਲ ਕੋਈ ਛੇੜ-ਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੰਡ ਵਾਸੀਆਂ ਦੇ ਨਾਲ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਮਜ਼ਬੂਰ ਹੋਣਗੇ।