ਸੰਗਰੂਰ: ਲੋਕ ਸਭਾ ਹਲਕਾ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਸੋਮਵਾਰ ਨੂੰ ਭਵਾਨੀਗੜ ਵਿਖੇ ਚੋਣ ਮੀਟਿੰਗਾਂ ਤਹਿਤ ਅਗਰਵਾਲ ਭਵਨ ਪਹੁੰਚੇ ਜਿਸ ਦੌਰਾਨ ਖੰਨਾ ਨੂੰ ਕਿਸਾਨਾਂ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾਂ ਨੇ ਭਾਜਪਾ ਦਾ ਵਿਰੋਧ ਕਰਦਿਆਂ ਅਰਵਿੰਦ ਖੰਨਾ ਨੂੰ ਕਾਲੀਆਂ ਝੰਡੀਆਂ ਦਿਖਾਉੰਦਿਆਂ ਕੇੰਦਰ ਦੀ ਮੋਦੀ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਨੇ ਘੇਰਿਆ ਰਾਹ: ਜਾਣਕਾਰੀ ਅਨੁਸਾਰ ਭਾਜਪਾ ਉਮੀਦਵਾਰ ਖੰਨਾ ਵੱਲੋਂ ਸੋਮਵਾਰ ਨੂੰ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਵਰਕਰਾਂ ਨਾਲ ਚੋਣ ਮੀਟਿੰਗਾਂ ਰੱਖੀਆਂ ਗਈਆਂ ਸਨ। ਇਸ ਸਬੰਧੀ ਪਤਾ ਲੱਗਣ 'ਤੇ ਭਾਕਿਯੂ (ਉਗਰਾਹਾਂ) ਦੀ ਅਗਵਾਈ 'ਚ ਅਗਰਵਾਲ ਭਵਨ ਦੇ ਅੱਗੇ ਇਕੱਠੇ ਹੋਏ ਕਿਸਾਨਾਂ ਨੇ ਧਰਨਾ ਦਿੰਦਿਆਂ ਹੱਥਾਂ 'ਚ ਕਾਲੇ ਝੰਡੇ ਫੜ ਕੇ ਹਾਈਵੇ ਦੀ ਸਰਵਿਸ ਰੋਡ 'ਤੇ ਧਰਨਾ ਲਾ ਦਿੱਤਾ। ਓਧਰ, ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਵੀ ਭਾਰੀ ਬਲ ਨਾਲ ਮੌਕੇ 'ਤੇ ਤਾਇਨਾਤ ਹੋ ਗਿਆ ਤੇ ਕਿਸਾਨਾਂ ਨੂੰ ਰੱਸਾ ਲਗਾ ਕੇ ਖੰਨਾ ਦੀ ਚੋਣ ਮੀਟਿੰਗ ਤੋਂ 100 ਮੀਟਰ ਦੀ ਦੂਰੀ 'ਤੇ ਰੋਕ ਕੇ ਰੱਖਿਆ ਜਿਸ ਦੌਰਾਨ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਅਰਵਿੰਦ ਖੰਨਾ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਕਿਸਾਨਾਂ ਦੇ ਹੱਕ ਵਿੱਚ ਗੱਲ ਨਹੀਂ ਕੀਤੀ : ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਭਾਜਪਾ ਨੇ ਕਿਸਾਨਾਂ ਨਾਲ ਜਿਆਦਤੀਆਂ ਕਰਕੇ ਕਰੀਬ 900 ਕਿਸਾਨਾਂ ਨੂੰ ਦਿੱਲੀ ਅਦੋਲਨ ਤੇ ਖਨੌਰੀ ਬਾਰਡਰ 'ਤੇ ਕਿਸਾਨ ਸ਼ੁਭਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਇੰਨਾਂ ਕੁੱਝ ਹੋਣ 'ਤੇ ਵੀ ਅਰਵਿੰਦ ਖੰਨਾ ਸਮੇਤ ਕਿਸੇ ਭਾਜਪਾ ਆਗੂ ਨੇ ਕਿਸਾਨਾਂ ਦੇ ਹੱਕ ਵਿੱਚ ਗੱਲ ਨਹੀਂ ਕੀਤੀ ਜਿਸ ਕਰਕੇ ਉਹ ਭਾਜਪਾ ਤੇ ਉਨ੍ਹਾਂ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਵੀ ਹਰੇਕ ਥਾਂ 'ਤੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਵੋਟਾਂ ਦੌਰਾਨ ਭਾਜਪਾ ਨੂੰ ਮੂੰਹ ਨਾ ਲਾਉਣ ਦੀ ਅਪੀਲ ਕੀਤੀ।
'ਵਿਰੋਧ ਕਰਨ ਵਾਲੇ ਕਿਸਾਨ ਨਹੀਂ...' : ਓਧਰ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਵਿੰਦ ਖੰਨਾ ਨੇ ਦਾਅਵਾ ਕੀਤਾ ਕਿ ਉਹ ਪਿਛਲੇ 15 ਸਾਲਾਂ ਤੋਂ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਹ ਕਦੇ ਵੀ ਕਿਸਾਨ ਵਿਰੋਧੀ ਨਹੀਂ, ਉਨ੍ਹਾਂ ਹਮੇਸ਼ਾ ਹੀ ਕਿਸਾਨਾਂ ਦੇ ਪੱਖ ਦੀ ਗੱਲ ਕੀਤੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਖੰਨਾ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਕਿਸਾਨ ਨਹੀਂ, ਬਲਕਿ ਯੂਨੀਅਨਾਂ ਹਨ।