ਲੁਧਿਆਣਾ: ਨਗਰ ਨਿਗਮ ਚੋਣਾਂ ਦੇ ਲਈ ਬੀਤੇ ਦਿਨੀ ਚੋਣ ਕਮਿਸ਼ਨ ਵੱਲੋਂ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਵਾਲ ਚੁੱਕਣੇ ਵੀ ਸ਼ੁਰੂ ਕਰ ਦਿੱਤੇ ਨੇ। ਇਸ ਨੂੰ ਲੈ ਕੇ ਅਕਾਲੀ ਦਲ ਨੇ ਕਿਹਾ ਕਿ ਬਹੁਤ ਮਾੜੀ ਗੱਲ ਹੈ ਕਿ ਦੋ ਸਾਲ ਤੱਕ ਪਹਿਲਾਂ ਚੋਣਾਂ ਕਰਵਾਈਆਂ ਹੀ ਨਹੀਂ ਗਈਆਂ ਅਤੇ ਜੇਕਰ ਹੁਣ ਚੋਣਾਂ ਕਰਵਾਉਣ ਦੀ ਵਾਰੀ ਆਈ ਹੈ ਤਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨਾਂ 'ਚ ਇਹ ਦਿਨ ਚੁਣੇ ਗਏ ਹਨ।
ਉਥੇ ਹੀ ਭਾਜਪਾ ਨੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਚੋਣਾਂ 'ਚ ਪ੍ਰਚਾਰ ਲਈ ਬਹੁਤ ਘੱਟ ਸਮਾਂ ਦਿੱਤਾ ਗਿਆ ਹੈ, ਘੱਟੋ-ਘੱਟ ਚੋਣ ਪ੍ਰਚਾਰ ਲਈ ਇੱਕ ਹਫਤੇ ਦਾ ਜਾਂ ਫਿਰ ਘੱਟ ਤੋਂ ਘੱਟ 10 ਦਿਨ ਦਾ ਸਮਾਂ ਜ਼ਰੂਰ ਹੋਣਾ ਹੀ ਚਾਹੀਦਾ ਹੈ।
ਘੱਟ ਸਮਾਂ ਦੇਣ ਦਾ ਵਿਰੋਧ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਹੀ ਬੰਦਿਆਂ ਨੂੰ ਕੌਂਸਲਰ ਬਣਾਉਣਾ ਸੀ ਤਾਂ ਚੋਣਾਂ ਕਰਵਾਉਣ ਦੀ ਲੋੜ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਵੇਲੇ ਵੀ ਅਜਿਹਾ ਹੀ ਕੀਤਾ ਗਿਆ ਸੀ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਐਨਓਸੀ ਸਮੇਂ ਸਿਰ ਮਿਲ ਗਈ, ਬਾਕੀਆਂ ਨੂੰ ਐਨ.ਓ.ਸੀ ਹੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਜੇਕਰ ਇਸ ਵਾਰ ਅਜਿਹਾ ਹੋਇਆ ਤਾਂ ਲੋੜ ਪੈਣ 'ਤੇ ਉਹ ਪ੍ਰਦਰਸ਼ਨ ਵੀ ਕਰਨਗੇ ਅਤੇ ਚੋਣ ਕਮਿਸ਼ਨ ਕੋਲ ਵੀ ਜਾਣਗੇ।
ਸ਼ਹੀਦੀ ਦਿਨਾਂ 'ਚ ਚੋਣਾਂ ਦਾ ਫੈਸਲਾ ਗਲਤ
ਦੂਜੇ ਪਾਸੇ ਅਕਾਲੀ ਦਲ ਨੇ ਵੀ ਕਿਹਾ ਕਿ ਪ੍ਰਚਾਰ ਲਈ ਚਾਰ ਦਿਨ ਦਾ ਸਮਾਂ ਰੱਖਿਆ ਗਿਆ ਹੈ ਜੋ ਕਿ ਬਹੁਤ ਘੱਟ ਹੈ। ਨਾਲ ਹੀ ਸ਼ਹੀਦੀ ਜੋੜ ਮੇਲ ਸਮਾਗਮਾਂ ਨੂੰ ਲੈ ਕੇ ਵੀ ਅਕਾਲੀ ਦਲ ਨੇ ਸਰਕਾਰ ਦੀ ਮੰਸ਼ਾ ਤੇ ਸਵਾਲ ਖੜੇ ਕਰਦਿਆ ਕਿਹਾ ਕਿ 15 ਦਸੰਬਰ ਤੋਂ ਬਾਅਦ ਇੱਕ ਮਹੀਨਾ ਪੰਜਾਬ ਦੇ ਵਿੱਚ ਸ਼ਹੀਦੀ ਦਿਹਾੜਿਆਂ ਵਜੋਂ ਮਨਾਇਆ ਜਾਂਦਾ ਹੈ। ਅਜਿਹੇ ਦੇ ਵਿੱਚ ਲੋਕਾਂ ਨੂੰ ਵੋਟਾਂ ਦੇ ਭੰਬਲ ਭੂਸੇ 'ਚ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਸਾਡੀ ਤਾਂ ਲੋਕਾਂ ਨੂੰ ਇਹੀ ਅਪੀਲ ਹੈ ਕਿ ਉਹ ਆਮ ਆਦਮੀ ਪਾਰਟੀ ਸਰਕਾਰ ਨੂੰ ਵੋਟਾਂ ਨਾ ਪਾਉਣ। ਉਹਨਾਂ ਕਿਹਾ ਕਿ ਇਹ ਦਿਨ ਸਿੱਖ ਭਾਵਨਾਵਾਂ ਦੇ ਲਈ ਬਹੁਤ ਮਹੱਤਵਪੂਰਨ ਹਨ। ਸਿੱਖ ਕੌਮ ਲਈ ਇਹ ਸ਼ਹੀਦੀ ਜੋੜ ਮੇਲ ਬਹੁਤ ਅਹਿਮ ਸਥਾਨ ਰੱਖਦੇ ਹਨ, ਅਜਿਹੇ ਦੇ ਵਿੱਚ ਚੋਣਾਂ ਕਰਵਾਉਣੀਆਂ ਸਹੀ ਨਹੀਂ ਹੈ। ਉਹਨਾਂ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕੀਤੀ।
ਆਪ ਦਾ ਵਿਰੋਧੀਆਂ 'ਤੇ ਪਲਟਵਾਰ
ਜਦੋਂ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਐਮਐਲਏ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਬਾਕੀ ਪਾਰਟੀਆਂ ਦੇ ਕੋਲ ਨਾ ਹੀ ਉਮੀਦਵਾਰ ਹਨ ਅਤੇ ਨਾ ਹੀ ਉਹਨਾਂ ਵੱਲੋਂ ਤਿਆਰੀ ਕੀਤੀ ਗਈ ਹੈ। ਇਸੇ ਕਰਕੇ ਉਹ ਚੋਣਾਂ ਲੇਟ ਕਰਵਾਉਣ ਲਈ ਰੌਲਾ ਪਾ ਰਹੇ ਨੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਤਿਆਰ ਹੈ। ਗੁਰਪ੍ਰੀਤ ਗੋਗੀ ਨੇ ਕਿਹਾ ਕਿ ਸਾਰੀਆਂ ਸੂਚੀਆਂ ਵੀ ਬਣ ਚੁੱਕੀਆਂ ਹਨ ਕਿਸੇ ਵੀ ਸੂਚੀ ਨੂੰ ਲੈ ਕੇ ਕੋਈ ਪਰੇਸ਼ਾਨੀ ਨਹੀਂ ਹੈ। ਜੇਕਰ ਕਿਸੇ ਨੂੰ ਸੂਚੀ ਨਹੀਂ ਮਿਲ ਰਹੀ ਹੈ ਤਾਂ ਉਹ ਵੋਟਰ ਸੂਚੀ ਮੇਰੇ ਤੋਂ ਆ ਕੇ ਲੈ ਸਕਦਾ ਹੈ ਉਹਨਾਂ ਕਿਹਾ ਕਿ ਵਿਰੋਧੀਆਂ ਦਾ ਕੰਮ ਹੀ ਹਮੇਸ਼ਾ ਕਿਸੇ ਵੀ ਗੱਲ ਦਾ ਵਿਰੋਧ ਕਰਨਾ ਹੀ ਹੁੰਦਾ ਹੈ ਪਰ ਆਮ ਆਦਮੀ ਪਾਰਟੀ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਵਿਸ਼ਵਾਸ ਦੇ ਆਧਾਰ 'ਤੇ ਆਪਣੇ ਵੱਲੋਂ ਕੀਤੇ ਗਏ ਪਿਛਲੇ ਸਾਲਾਂ ਚ ਕੰਮਾਂ ਦੇ ਆਧਾਰ 'ਤੇ ਹੀ ਲੋਕਾਂ ਦੀ ਕਚਹਿਰੀ ਚੋਂ ਉਤਰਾਂਗੇ।
- ਮਰਨ ਵਰਤ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੋ ਰਹੀ ਖ਼ਰਾਬ, ਖਨੌਰੀ ਸਰਹੱਦ ਉੱਤੇ ਸਮੂਹਿਕ ਭੁੱਖ ਹੜਤਾਲ, ਡੱਲੇਵਾਲ ਦਾ ਪੋਤਾ ਵੀ ਧਰਨੇ 'ਚ ਸ਼ਾਮਿਲ
- ਰਵਨੀਤ ਬਿੱਟੂ ਨੂੰ ਬੰਦੀ ਸਿੰਘਾਂ ਅਤੇ ਨਰਾਇਣ ਚੌੜਾ ਵਿੱਚ ਫ਼ਰਕ ਸਮਝਣ ਦੀ ਲੋੜ, ਮਹੇਸ਼ ਇੰਦਰ ਗਰੇਵਾਲ ਨੇ ਬਿੱਟੂ ਉੱਤੇ ਸਾਧਿਆ ਨਿਸ਼ਾਨਾ
- ਸੁਖਬੀਰ ਬਾਦਲ ਦੀ ਧਾਰਮਿਕ ਸਜ਼ਾ ਦਾ ਸ੍ਰੀ ਦਮਦਮਾ ਸਾਹਿਬ ਵਿੱਚ ਦੂਜਾ ਦਿਨ, ਬਲਵਿੰਦਰ ਭੂੰਦੜ ਵੀ ਮੌਜੂਦ
ਵੋਟਾਂ ਦੀ ਤਰੀਕ
ਦੱਸਣਯੋਗ ਹੈ ਕਿ 21 ਦਸੰਬਰ ਨੂੰ ਵੋਟਾਂ ਪਾਈਆਂ ਜਾਣੀਆਂ ਹਨ ਪੰਜਾਬ ਦੇ ਵਿੱਚ ਪੰਜ ਨਗਰ ਨਿਗਮਾਂ ਅਤੇ 43 ਨਗਰ ਪਰਿਸ਼ਦ ਹਨ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਿੰਗ ਹੋਣੀ ਹੈ। ਇਹਨਾਂ ਚੋਣਾਂ ਦੇ ਵਿੱਚ ਪੰਜਾਬ ਦੇ 37 ਲੱਖ ਤੋਂ ਵੱਧ ਵੋਟਰ ਹਿੱਸਾ ਲੈਣਗੇ। ਇਸ ਲਈ ਅੱਜ ਤੋਂ ਨਾਮਜਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਪਰ ਹਾਲੇ ਤੱਕ ਕਈ ਪਾਰਟੀਆਂ ਵੱਲੋਂ ਵਾਰਡਾਂ ਦੇ ਵਿੱਚ ਉਮੀਦਵਾਰ ਵੀ ਤੈਅ ਨਹੀਂ ਕੀਤੇ ਗਏ ਹਨ।