ਰੂਪਨਗਰ: ਚਾਈਨਾ ਡੋਰ ਦਾ ਕਹਿਰ ਰੂਪਨਗਰ ਵਿੱਚ ਅਜੇ ਵੀ ਜਾਰੀ ਹੈ। ਸ਼ਹਿਰ ਵਿੱਚ ਇੱਕ ਵਿਅਕਤੀ ਪਲਾਸਟਿਕ ਡੋਰ ਦਾ ਸ਼ਿਕਾਰ ਹੋ ਗਿਆ। ਉਕਤ ਵਿਅਕਤੀ ਮੂਲ ਰੂਪ ਤੋਂ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਰੋਜ਼ੀ-ਰੋਟੀ ਕਮਾਉਣ ਲਈ ਪੰਜਾਬ ਆਇਆ ਹੋਇਆ ਹੈ। ਰੂਪਨਗਰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਬ੍ਰਾਹਮਣਮਾਜਰਾ ਵਿੱਚ ਇੱਕ ਸ਼ੈਲਰ ਵਿੱਚ ਕੰਮ ਕਰਦੇ ਲਾਲਕੂ ਸਾਦਾ ਦੇ ਪੁੱਤਰ ਬਾਰਹੂ ਸਾਦਾ ਦੇ ਗਲੇ ਵਿੱਚ ਪਲਾਸਟਿਕ ਦੀ ਡੋਰ (ਚਾਈਨਾ ਡੋਰ) ਲਿਪਟ ਗਈ ਅਤੇ ਡੂੰਘਾ ਜਖ਼ਮ ਹੋ ਗਿਆ। ਸਥਾਨਕ ਸਾਂਘਾ ਹਸਪਤਾਲ ਦੇ ਡਾ. ਜੇਪੀਐੱਸ ਸੰਘਾ ਨੇ ਜ਼ਖ਼ਮੀ ਬਾਰਹੂ ਸਾਦਾ ਦੀ ਗਦਰਨ ਵਿੱਚ 20 ਟਾਂਕੇ ਲਗਾ ਕੇ ਖੂਨ ਵਗਣਾ ਬੰਦ ਕਰ ਦਿੱਤਾ। ਉਨ੍ਹਾਂ ਮੁਤਾਬਕ, ਇਸ ਹਾਦਸੇ ਵਿੱਚ ਫੂਡ ਪਾਈਪ ਕੱਟਣ ਤੋਂ ਬਚਾਅ ਹੋ ਗਿਆ।
ਪ੍ਰਸ਼ਾਸਨ ਦੇ ਦਾਅਵੇ: ਇੱਕ ਪਾਸੇ, ਸਰਕਾਰ ਵੱਲੋਂ ਚਾਈਨਾ ਡੋਰ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਵੀ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਰ, ਜ਼ਮੀਨੀ ਪੱਧਰ ਉੱਤੇ ਜੇਕਰ ਦੇਖਿਆ ਜਾਵੇ ਤਾਂ ਇਹ ਕੇਵਲ ਵਾਅਦੇ ਹੀ ਅਤੇ ਦਾਅਵੇ ਹੀ ਦਿਖਾਈ ਦੇ ਰਹੇ ਹਨ। ਅਜੇ ਵੀ ਖੁੱਲ੍ਹੇਆਮ ਸੜਕਾਂ ਅਤੇ ਦੁਕਾਨਾਂ 'ਤੇ ਲੁਕਾ ਕੇ ਚਾਈਨਾ ਡੋਰ ਦੀ ਵਿਕਰੀ ਧੜੱਲੇ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਲੋਕ ਵੀ ਇਸ ਨੂੰ ਖਰੀਦਣ ਤੋਂ ਗੁਰੇਜ਼ ਨਹੀ ਕਰ ਰਹੇ। ਇਸ ਦਾ ਖਾਮਿਆਜਾ ਰਾਹ ਜਾਂਦੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ।
ਪ੍ਰਸ਼ਾਸਨ ਵਲੋਂ ਚਲਾਏ ਜਾਂਦੇ ਜਾਗਰੂਕਤਾ ਅਭਿਆਨ: ਪ੍ਰਸ਼ਾਸਨ ਵੱਲੋਂ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਭਾਵੇਂ ਕਿ ਪਿਛਲੇ ਦਿਨਾਂ ਦੌਰਾਨ ਵੱਖ-ਵੱਖ ਚੈਕਿੰਗ ਅਭਿਆਨ ਚਲਾਏ ਗਏ ਹਨ ਜਿਸ ਵਿੱਚ ਉਨ੍ਹਾਂ ਵੱਲੋਂ ਪੁਲਿਸ ਪਾਰਟੀ ਨੂੰ ਲੈ ਕੇ ਪਤੰਗਾਂ ਦੀਆਂ ਦੁਕਾਨਾਂ ਵੇਚਣ ਵਾਲਿਆਂ ਦੇ ਨਾਲ ਰਾਬਤਾ ਵੀ ਕਾਇਮ ਕੀਤਾ ਜਾ ਰਿਹਾ ਹੈ ਕਿ ਚਾਈਨਾ ਡੋਰ ਨਾ ਵੇਚੀ ਜਾਵੇ। ਇਸ ਦੇ ਬਾਵਜੂਦ, ਫਿਰ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਤਾਂ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਅਭਿਆਨਾਂ ਅਤੇ ਮੀਟਿੰਗਾਂ ਉੱਤੇ ਸਵਾਲ ਪੈਦਾ ਹੋ ਜਾਂਦੇ ਹਨ।
ਮਨੁੱਖ ਤੇ ਪੰਛੀਆਂ ਲਈ ਜਾਨਲੇਵਾ: ਪਤੰਗ ਵੇਚਣ ਵਾਲੀਆਂ ਦੁਕਾਨਾਂ ਉੱਤੇ ਚਾਈਨਾ ਡੋਰ ਦੀ ਉਪਲਬਧਤਾ ਬਹੁਤ ਵੱਡੇ ਸਵਾਲ ਪੈਦਾ ਕਰਦੀ ਹੈ। ਜਿੱਥੇ ਕਿ ਸਰਕਾਰ ਵੱਲੋਂ ਇਸ ਡੋਰ ਨੂੰ ਬੈਨ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਵੀ ਇਸ ਉੱਤੇ ਬਰਾਮਦਗੀ ਹੋਣ ਉੱਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ, ਪਰ ਦੁਕਾਨਦਾਰਾਂ ਵੱਲੋਂ ਇਸ ਦੀ ਵਿਕਰੀ ਅਜੇ ਵੀ ਜਾਰੀ ਹੈ। ਥੋੜੇ ਜਿਹੇ ਮੁਨਾਫੇ ਲਈ ਇਸ ਦੀ ਵਿਕਰੀ ਕੀਤੀ ਜਾ ਰਹੀ ਹੈ ਜਿਸ ਦਾ ਅਸਰ ਆਮ ਲੋਕਾਂ ਉੱਤੇ ਸਿੱਧੇ ਤੌਰ ਉੱਤੇ ਪੈ ਰਿਹਾ ਹੈ। ਚਾਈਨਾ ਡੋਰ ਦੇ ਨਾਲ ਜਿੱਥੇ ਮਨੁੱਖ ਨੂੰ ਕਈ ਵਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਲੋਕਾਂ ਦੀ ਤਾਂ ਇਸ ਡੋਰ ਦੇ ਨਾਲ ਗਲੇ ਵਿੱਚ ਫਸਣ ਤੋਂ ਬਾਅਦ ਜਾਨ ਵੀ ਚਲੇ ਜਾਂਦੇ ਹੈ। ਦੂਜੇ ਪਾਸੇ ਪਸ਼ੂ ਪੰਛੀ ਵੀ ਇਸ ਡੋਰ ਦੀ ਚਪੇਟ ਵਿੱਚ ਆਉਣ ਨਾਲ ਬੜੀ ਜਖਮੀ ਜਾਂ ਮਾਰੇ ਜਾਂਦੇ ਹਨ।