ਅੰਮ੍ਰਿਤਸਰ: ਤੁਸੀ ਅਕਸਰ ਅਜਿਹੇ ਵਿਅਕਤੀਆਂ ਜਾਂ ਕਹਿ ਲਓ ਸ਼ੌਂਕੀਨੀ ਰੱਖਣ ਵਾਲੇ ਲੋਕ ਦੇਖੇ ਹੋਣਗੇ ਜੋ ਪੁਰਾਣੇ ਸਿੱਕਿਆ, ਕਰੰਸੀਆਂ, ਵਿਰਾਸਤੀ ਵਸਤਾਂ ਜਾਂ ਭਾਂਡਿਆਂ ਦੀ ਕੁਲੈਕਸ਼ਨ ਕਰਦੇ ਹਨ। ਪਰ, ਅੱਜ ਤੁਹਾਨੂੰ ਉਸ ਸਖ਼ਸ਼ ਨਾਲ ਮਿਲਾਉਣ ਜਾ ਰਹੇ ਹਾਂ, ਜੋ ਪੁਰਾਤਨ ਦੋ ਪਹੀਆਂ ਵਾਹਨਾਂ ਦੀ ਕੁਲੈਕਸ਼ਨ ਕਰ ਰਿਹਾ ਹੈ। ਜੀ ਹਾਂ, ਹਲਕਾ ਜੰਡਿਆਲਾ ਦੇ ਗਗਨ ਵਿਰਕ ਨਾਮ ਦਾ ਇੱਕ ਨੌਜਵਾਨ ਜਿਸ ਨੂੰ ਵੱਖਰਾ ਹੀ ਸ਼ੌਂਕ ਹੈ। ਉਹ ਹੁਣ ਤੱਕ ਕਰੀਬ 40 ਦੋ ਪਹੀਆਂ ਵਾਹਨ ਇੱਕਠੇ ਕਰ ਚੁੱਕਾ ਹੈ, ਜੋ ਸਾਲ 1980 ਤੱਕ ਦੇ ਪੁਰਾਣੇ ਸਕੂਟਰ ਤੇ ਮੋਟਰ ਸਾਇਕਲ ਹਨ।
ਪ੍ਰੋਫੈਸਰ ਰਹਿ ਚੁੱਕਾ ਨੌਜਵਾਨ: ਗਗਨ ਵਿਰਕ ਨੇ ਦੱਸਿਆ ਕਿ ਉਹ ਪੋਸਟ ਗ੍ਰੈਜੂਏਟ ਹੈ ਅਤੇ ਦੋ ਸਾਲ ਉਨ੍ਹਾਂ ਨੇ ਪ੍ਰੋਫੈਸਰ ਦੀ ਨੌਕਰੀ ਵੀ ਕੀਤੀ। ਫਿਰ ਬਾਅਦ ਵਿੱਚ ਉਸ ਦੇ ਮਨ ਵਿੱਚ ਅਜਿਹਾ ਸ਼ੌਂਕ ਪੈਦਾ ਹੋਇਆ ਕਿ ਉਸ ਨੇ ਖਾਸ ਧਿਆਨ ਆਪਣਾ ਸ਼ੌਂਕ ਪੂਰਾ ਕਰਨ ਵੱਲ ਹੀ ਲਾਇਆ। ਉਨ੍ਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ 2011 ਤੋਂ ਇਹ ਕੰਮ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਨੂੰ ਪੁਰਾਣੀਆਂ ਚੀਜ਼ਾਂ ਸੰਦਾ ਦਾ ਬਹੁਤ ਸ਼ੌਂਕ ਸੀ, ਉਹ ਵੀ ਇਹ ਸਾਂਭ ਸੰਭਾਲ ਰੱਖਦੇ ਸਨ। ਜਿਸ ਦੇ ਚੱਲਦੇ ਉਨ੍ਹਾਂ ਨੂੰ ਵੀ ਸ਼ੌਂਕ ਪੈਦਾ ਹੋ ਗਿਆ। ਉਨ੍ਹਾਂ ਕਿਹਾ ਕਿਹਾ ਕਿ ਸੱਭ ਤੋਂ ਪਹਿਲਾਂ ਮੈ ਉਹ ਸਕੂਟਰ ਖ਼ਰੀਦਿਆ, ਜੋ ਉਨ੍ਹਾਂ ਦੇ ਪਿਤਾ ਜੀ ਕੋਲ ਹੁੰਦਾ ਸੀ। ਇਹ ਸਕੂਟਰ ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਇੱਕ ਦੁਕਾਨ ਤੋਂ ਖਰੀਦਿਆ ਸੀ।
40 ਕਰੀਬ ਸਕੂਟਰਾਂ ਤੇ ਬਾਈਕਸ ਕੁਲੈਕਸ਼ਨ: ਗਗਨ ਵਿਰਕ ਨੇ ਦੱਸਿਆ ਕਿ ਫਿਰ ਉਨ੍ਹਾਂ ਨੇ ਚੇਤਕ ਸਕੂਟਰ ਖ਼ਰੀਦਿਆ। ਫਿਰ, ਇੱਕ ਤੋਂ ਬਾਅਦ ਇੱਕ 1980 ਤੱਕ ਦੇ ਪੁਰਾਣੇ ਸਕੂਟਰ ਤੇ ਮੋਟਰ ਸਾਇਕਲਾਂ ਦੀ ਕੁਲੈਕਸ਼ਨ ਕੀਤੀ। ਇਸ ਸਮੇਂ ਉਨ੍ਹਾਂ ਕੋਲ 40 ਦੇ ਕਰੀਬ ਪੁਰਾਣੇ ਤੇ ਨਵੇਂ ਸਕੂਟਰ ਤੇ ਮੋਟਰ ਸਾਈਕਲ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਕਦੇ ਕਿਸੇ ਕੰਮ ਤੋਂ ਨਹੀਂ ਰੋਕਿਆ, ਸਗੋਂ ਜਦੋਂ ਉਨ੍ਹਾਂ ਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ, ਤਾਂ ਉਹ ਪਰਿਵਾਰ ਕੋਲੋਂ ਲੈਂਦੇ ਸਨ। ਉਨ੍ਹਾਂ ਕਿਹਾ ਸ਼ੌਂਕ ਤੋਂ ਉਪਰ ਕੁਝ ਨਹੀਂ ਹੈ। ਨਾਲ ਕੁਝ ਨਹੀਂ ਲੈ ਜਾਣਾ, ਸਗੋਂ ਇੱਥੇ ਯਾਦਾਂ ਹੀ ਰਹਿ ਜਾਣੀਆਂ ਹਨ।
ਲੇਹ ਲੱਦਾਖ ਤੋਂ ਕਸੋਲੀ ਤੱਕ ਸਕੂਟਰ ਉੱਤੇ ਸਫਰ ਕੀਤਾ ਤੈਅ: ਗਗਨ ਵਿਰਕ ਨੇ ਕਿਹਾ ਕਿ ਉਹ ਬਾਈਕ ਰਾਈਡ ਵੀ ਕਰਦੇ ਹਨ, ਉਨ੍ਹਾਂ ਦਾ ਇੱਕ ਗਰੁੱਪ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੇ ਟੂਰ ਉੱਤੇ ਜਾਣਾ ਹੁੰਦਾ ਹੈ, ਤਾਂ ਇੱਕ ਹਫਤਾ ਪਹਿਲਾਂ ਗਰੁੱਪ ਵਿੱਚ ਮੈਸੇਜ ਆ ਜਾਂਦਾ ਹੈ। ਅਸੀ ਆਪਣੀ ਤਿਆਰੀ ਸ਼ੁਰੂ ਕਰ ਲੈਂਦੇ ਹਾਂ। ਉਨ੍ਹਾਂ ਕਿਹਾ ਕਿ ਉਹ ਲੇਹ ਲੱਦਾਖ ਤੋਂ ਕਸੋਲੀ ਤੱਕ ਮੋਟਰਸਾਈਕਲ -ਸਕੂਟਰਾਂ ਉੱਤੇ ਸਫਰ ਤੈਅ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੋ ਸਕੂਟਰ ਉਨ੍ਹਾਂ ਨੇ ਹੋਰ ਲਏ ਹਨ, ਜੋ ਤਿਆਰ ਕੀਤੇ ਜਾ ਰਹੇ ਹਨ ਅਤੇ ਇੱਕ ਮੋਟਰਸਾਈਕਲ ਵੀ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੁਲੈਕਸ਼ਨਾਂ ਅੱਗੇ ਵੀ ਜਾਰੀ ਰਹਿਣਗੀਆਂ।