ਬਠਿੰਡਾ: ਜੇਕਰ ਕੁਝ ਕਰਨ ਦਾ ਜਜ਼ਬਾ ਅਤੇ ਅੱਗੇ ਵਧਣ ਦੀ ਪ੍ਰੇਰਨਾ ਹੋਵੇ ਤਾਂ ਕਾਮਯਾਬੀ ਮਿਲਣ ਤੋਂ ਕੋਈ ਨਹੀਂ ਰੋਕ ਸਕਦਾ। ਇਹ ਗੱਲ ਪਿੰਡ ਗਿਆਨਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੇ ਸਾਬਤ ਕਰ ਦਿੱਤੀ ਹੈ। ਸਰਕਾਰੀ ਪ੍ਰਾਇਮਰੀ ਸਕੂਲ ਤੇ ਮੁੱਖ ਅਧਿਆਪਕ ਗੁਰਦਰਸ਼ਨ ਸਿੰਘ 1994 ਵਿੱਚ ਇਸੇ ਸਕੂਲ ਵਿੱਚ ਪੜ੍ਹ ਕੇ ਨਵੋਦਿਆ ਚਲਾ ਗਿਆ। ਜਦੋਂ ਉਹ 2018 ਵਿੱਚ ਮੁੱਖ ਅਧਿਆਪਕ ਵਜੋਂ ਵਾਪਸ ਆਇਆ, ਤਾਂ ਐਚਐਮਈਐਲ ਦੀ ਮਦਦ ਨਾਲ ਉਸ ਨੇ ਇਸ ਸਕੂਲ ਨੂੰ ਨਵੋਦਿਆ ਜਾਣ ਦਾ ਰਸਤਾ ਬਣਾਇਆ।
ਫਿਰ ਖੁਦ ਸਿੱਖਿਅਤ ਹੋ ਕੇ ਅਧਿਆਪਿਕ ਬਣਨ ਤੋਂ ਬਾਅਦ ਗੁਰਦਰਸ਼ਨ ਸਿੰਘ ਨੇ ਆਪਣੇ ਸਾਥੀ ਅਧਿਆਪਕਾਂ ਦੀ ਮਦਦ ਨਾਲ ਇੱਥੋਂ ਦੇ ਬੱਚਿਆਂ ਨੂੰ ਨਵੋਦਿਆ ਵਿਦਿਆਲਿਆ ਲਿਜਾਣ ਦਾ ਟੀਚਾ ਰੱਖਿਆ, ਪਰ ਇਹ ਰਾਹ ਆਸਾਨ ਨਹੀਂ ਸੀ। ਸਕੂਲ ਦੀ ਚਾਰਦੀਵਾਰੀ ਟੁੱਟੀ ਹੋਈ ਸੀ , ਜਮਾਤਾਂ ਘੱਟ ਸਨ। ਲੋਕ ਆਪਣੇ ਬੱਚਿਆਂ ਨੂੰ ਇੱਥੇ ਦਾਖਲ ਕਰਵਾਉਣ ਤੋਂ ਝਿਜਕਦੇ ਸਨ। ਸਕੂਲ ਵਿੱਚ ਬੱਚਿਆਂ ਦੀ ਗਿਣਤੀ ਸਿਰਫ਼ 150 ਸੀ।
ਇੰਝ ਬਦਲੀ ਨੁਹਾਰ ਤੇ ਬੱਚੇ ਨਵੋਦਿਆ ਟੈਸਟ ਲਈ ਕੀਤੇ ਤਿਆਰ: ਜ਼ਿਲ੍ਹੇ ਦਾ ਇਹ ਇਕ ਅਜਿਹਾ ਸਕੂਲ ਹੈ, ਪਹਿਲਾ ਜਿਸ ਦੀ ਚਾਰਦੀਵਾਰੀ ਟੁੱਟੀ ਹੋਣ ਕਾਰਨ ਅਤੇ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਲੋਕ ਆਪਣੇ ਬੱਚਿਆਂ ਨੂੰ ਦਾਖਲਾ ਦੇਣ ਤੋਂ ਝਿਜਕਦੇ ਸਨ ਅਤੇ ਹੁਣ ਇਸ ਸਕੂਲ ਦੇ ਬੱਚੇ ਹਰ ਸਾਲ ਪ੍ਰਤਿਯੋਗੀ ਪ੍ਰੀਖਿਆ ਪਾਸ ਕਰਕੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ਨਵੋਦਿਆ ਵਿਦਿਆਲਿਆ ਵਿੱਚ ਦਾਖਲਾ ਲੈ ਰਹੇ ਹਨ।
ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਪ੍ਰਤਿਯੋਗੀ ਪ੍ਰੀਖਿਆ ਦੀ ਤਿਆਰੀ ਲਈ, ਐਚ.ਐਮ.ਈ.ਐਲ. ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇ ਤਕਨੀਕੀ ਢੰਗ ਨਾਲ ਅਧਿਐਨ ਕਰਨ ਲਈ ਸਮਾਰਟ ਪੈਨਲ ਮੁਹੱਈਆ ਕਰਵਾਏ, ਜਿਸ ਕਾਰਨ ਇਸ ਸਕੂਲ ਦੇ 10 ਬੱਚੇ ਇਕੱਠੇ ਪ੍ਰਤਿਯੋਗੀ ਪ੍ਰੀਖਿਆ ਪਾਸ ਕਰਕੇ 2023-24 ਦੀ ਪ੍ਰੀਖਿਆ ਵਿੱਚ ਨਵੋਦਿਆ ਵਿਦਿਆਲਿਆ ਵਿੱਚ ਚੁਣੇ ਗਏ।
ਹੁਣ ਹੋਰ ਇਲਾਕੇ ਦੇ ਬੱਚੇ ਵੀ ਲੈ ਰਹੇ ਦਾਖਲਾ: ਹੁਣ ਪਿੰਡ ਗਿਆਨਾ ਦਾ ਇਹ ਸਕੂਲ ਅਜਿਹਾ ਪਹਿਲਾਂ ਸਕੂਲ ਬਣ ਗਿਆ ਹੈ, ਜਿੱਥੇ ਨਵੋਦਿਆ ਵਿਦਿਆਲਿਆ ਲਈ ਇੱਕੋ ਸਮੇਂ ਇੰਨੀ ਵੱਡੀ ਗਿਣਤੀ ਵਿੱਚ ਬੱਚੇ ਚੁਣੇ ਗਏ ਹਨ। ਇੱਥੋਂ ਦੇ ਅਧਿਆਪਕਾਂ ਦੀ ਪੜ੍ਹਾਉਣ ਦੀ ਸ਼ੈਲੀ ਅਤੇ ਉਨ੍ਹਾਂ ਵੱਲੋਂ ਨਵੋਦਿਆ ਮੁਕਾਬਲੇ ਦੀ ਪ੍ਰੀਖਿਆ ਲਈ ਲਗਾਈਆਂ ਗਈਆਂ ਵਾਧੂ ਕਲਾਸਾਂ ਕਾਰਨ ਬਠਿੰਡਾ ਦੇ ਨਾਲ-ਨਾਲ ਮੁਕਤਸਰ ਅਤੇ ਮਾਨਸਾ ਤੋਂ ਵੀ ਬੱਚੇ ਇਸ ਸਕੂਲ ਵਿੱਚ ਦਾਖਲਾ ਲੈਂਦੇ ਹਨ, ਤਾਂ ਜੋ ਉਹ ਪ੍ਰਤਿਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣ।
ਆਪਣੇ ਬੱਚੇ ਵੀ ਸਰਕਾਰੀ ਸਕੂਲ ਵਿੱਚ ਪਾਏ: ਪਿੰਡ ਵਾਸੀਆਂ ਵਿੱਚ ਵਿਸ਼ਵਾਸ਼ ਪੈਦਾ ਕਰਨ ਅਤੇ ਪ੍ਰੇਰਿਤ ਕਰਨ ਲਈ ਮੁੱਖ ਅਧਿਆਪਕ ਗੁਰਦਰਸ਼ਨ ਸਿੰਘ ਨੇ ਆਪਣੇ ਦੋਵੇਂ ਬੱਚਿਆਂ ਨੂੰ ਇਸ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾਇਆ। ਨਵੋਦਿਆ ਵਿਦਿਆਲਿਆ ਦੇ ਮੁਕਾਬਲੇ ਦੀ ਪ੍ਰੀਖਿਆ ਲਈ ਬੱਚਿਆਂ ਨੂੰ ਤਿਆਰ ਕਰਨ ਲਈ ਉਨ੍ਹਾਂ ਨੂੰ ਵਾਧੂ ਕਲਾਸਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ 2018 ਵਿੱਚ ਇੱਥੋਂ ਦੇ 2 ਬੱਚੇ ਪਹਿਲੀ ਵਾਰ ਨਵੋਦਿਆ ਵਿਦਿਆਲਿਆ ਲਈ ਚੁਣੇ ਗਏ। ਇਸ ਦੇ ਨਾਲ ਹਰ ਸਾਲ ਕਦੇ ਦੋ ਅਤੇ ਕਦੇ ਤਿੰਨ ਬੱਚੇ ਨਵੋਦਿਆ ਲਈ ਚੁਣੇ ਜਾਣ ਲੱਗੇ। ਇਸ ਕਾਰਨ ਇਹ ਪ੍ਰਾਇਮਰੀ ਸਕੂਲ ਨਵੋਦਿਆ ਨੂੰ ਜਾਣ ਵਾਲਾ ਰਸਤਾ ਬਣ ਗਿਆ।
ਖਾਸ ਬਣ ਗਿਆ ਇਹ ਸਰਕਾਰੀ ਹਾਈਟੈਕ ਸਕੂਲ: ਇਸ ਨੂੰ ਦੇਖਦੇ ਹੋਏ ਲੋਕਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚੋਂ ਕੱਢ ਕੇ ਇੱਥੇ ਦਾਖਲ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 6 ਸਾਲਾਂ 'ਚ 100 ਤੋਂ ਵੱਧ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਕੱਢ ਕੇ ਇੱਥੇ ਦਾਖਲ ਕਰਵਾਇਆ ਹੈ। ਨਤੀਜੇ ਵਜੋਂ, ਹੁਣ 150 ਬੱਚਿਆਂ ਦੇ ਇਸ ਪ੍ਰਾਇਮਰੀ ਸਕੂਲ ਵਿੱਚ 350 ਤੋਂ ਵੱਧ ਬੱਚੇ ਪੜ੍ਹ ਰਹੇ ਹਨ, ਜਿਨ੍ਹਾਂ ਨੂੰ ਇੱਥੋਂ ਨਵੋਦਿਆ ਮੁਕਾਬਲੇ ਦੀ ਪ੍ਰੀਖਿਆ ਲਈ ਤਿਆਰ ਕੀਤਾ ਜਾਂਦਾ ਹੈ। ਸਤੰਬਰ 2023 ਵਿੱਚ, ਇਸ ਸਕੂਲ ਨੂੰ ਪੰਜਾਬ ਦੇ 100 ਖੁਸ਼ਹਾਲ ਸਕੂਲਾਂ ਦੀ ਸੂਚੀ ਵਿੱਚ ਵੀ ਚੁਣਿਆ ਗਿਆ ਸੀ।