ਅੰਮ੍ਰਿਤਸਰ: ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਪਹੁੰਚੇ ਫ਼ਰੀਦਕੋਟ ਤੋਂ ਐਮਪੀ ਨੇ ਫਿਲਮ ਐਮਰਜੈਂਸੀ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦੱਸ ਦਈਏ ਕਿ 6 ਤਾਰੀਕ ਨੂੰ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਰਿਲੀਜ਼ ਹੋਣ ਵਾਲੀ ਸੀ ਜਿਸ ਉੱਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ। ਇਸ ਫਿਲਮ ਦਾ ਸਿੱਖਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਫਿਲਮ ਰਾਹੀਂ ਸਿੱਖਾਂ ਦੇ ਅਕਸ ਨੂੰ ਮਾੜਾ ਦਿਖਾਇਆ ਗਿਆ ਹੈ ਜਿਸ ਦੇ ਚੱਲਦੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਇਸ ਫਿਲਮ ਦਾ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ।
ਸਿੱਖਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼: ਸਾਂਸਦ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਫਿਲਮ ਵਿੱਚ ਸੰਤਾਂ ਦੇ ਵਿਚਾਰ ਤੋੜ ਮਰੋੜ ਕੇ ਪੇਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਹਮੇਸ਼ਾ ਹੀ ਅਨੰਦਪੁਰ ਸਾਹਿਬ ਦੇ ਮਤੇ ਉੱਤੇ ਗੱਲ ਕੀਤੀ ਸੀ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਕਿਹਾ ਸੀ ਕਿ ਜਦੋਂ ਵੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਉੱਤੇ ਹਮਲਾ ਹੋਵੇਗਾ ਤੇ ਖਾਲਿਸਤਾਨ ਦੀ ਨੀਹ ਰੱਖੀ ਜਾਵੇਗੀ। ਪਰ ਜਿਸ ਤਰ੍ਹਾਂ ਫਿਲਮ ਵਿੱਚ ਦਿਖਾਇਆ ਗਿਆ ਹੈ, ਉਸ ਤਰੀਕੇ ਨਾਲ ਕਦੇ ਵੀ ਸੰਤਾਂ ਵਲੋਂ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਗਈ।
ਫਿਲਮ ਵਿੱਚ ਕੀ ਦਿਖਾਇਆ ਗਿਆ: ਅੰਮ੍ਰਿਤਸਰ ਫ਼ਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖਾਲਸਾ ਨੇ ਫਿਲਮ ਐਮਰਜੈਂਸੀ ਉੱਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਫਿਲਮ ਦਾ ਟ੍ਰੇਲਰ ਹੀ ਦੇਖਿਆ ਹੈ ਜਿਸ ਵਿੱਚ ਕੰਗਨਾ ਨੇ ਇੰਦਰਾ ਗਾਂਧੀ ਦਾ ਰੋਲ ਅਦਾ ਕੀਤਾ ਹੈ। ਜੋ ਸੰਤ ਭਿੰਡਰਾਵਾਲੇ ਦਾ ਕਿਰਦਾਰ ਨਿਭਾ ਰਿਹਾ ਹੈ, ਉਹ ਇੰਦਰਾ ਗਾਂਧੀ (ਕੰਗਨਾ) ਨੂੰ ਕਹਿ ਰਿਹਾ ਹੈ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਹਨ ਅਤੇ ਸਾਨੂੰ ਖਾਲਿਸਤਾਨ। ਸਰਬਜੀਤ ਸਿੰਘ ਨੇ ਕਿਹਾ ਕਿ ਜਦਕਿ, ਇਹ ਸਾਰਾ ਕੁੱਝ ਉਲਟਾ ਦਿਖਾਇਆ ਗਿਆ ਹੈ, ਕਿਉਂਕਿ ਇਸ ਤਰ੍ਹਾਂ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਗਈ ਹੈ।