ਜਲੰਧਰ/ਅੰਮ੍ਰਿਤਸਰ/ ਲੁਧਿਆਣਾ/ਚੰਡੀਗੜ੍ਹ : ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਪੰਜਾਬ ਦੇ ਜਲੰਧਰ ਵਿੱਚ ਦੇਹਾਤੀ ਪੁਲਿਸ ਨੇ ਆਈਸ (ਨਸ਼ੇ) ਸਮੇਤ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਮੁਤਾਬਿਕ ਪੁਲਿਸ ਨੇ ਹਰਪ੍ਰੀਤ ਸਿੰਘ ਕੋਲੋਂ ਕਰੀਬ 5 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਹੈ। ਜਲੰਧਰ ਦੇਹਾਤੀ ਪੁਲਿਸ ਦੇ ਐਸਐਸਪੀ ਅੰਕੁਰ ਗੁਪਤਾ ਨੇ ਹਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ- ਜਲਦੀ ਹੀ ਅਸੀਂ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਾਂਗੇ।
ਫਿਲੌਰ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਹਰਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਜੱਲੂਪੁਰ ਖੇੜਾ ਬਾਬਾ ਬਕਾਲਾ (ਅੰਮ੍ਰਿਤਸਰ) ਅਤੇ ਲਵਪ੍ਰੀਤ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਚੀਮਾ ਬਾਬਾ ਬਕਾਲਾ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਅੰਮ੍ਰਿਤ ਪਾਲ ਸਿੰਘ ਦਾ ਨਜ਼ਦੀਕੀ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਐਫ.ਆਈ.ਆਰ ਨੰਬਰ 192 ਮਿਤੀ 12/07/2024 ਅਧੀਨ ਧਾਰਾ 22, 27, 29 ਐਨ.ਡੀ.ਪੀ.ਐਸ. ਫਿਲੌਰ (ਜਲੰਧਰ) ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਲੁਧਿਆਣਾ ਤੋਂ ਨਸ਼ੀਲੇ ਪਦਾਰਥ ਲਿਆਉਣ ਵਾਲੇ ਵਿਅਕਤੀ ਨੂੰ ਵੀ ਕਾਬੂ ਕੀਤਾ: ਐਸਐਸਪੀ ਅੰਕੁਰ ਗੁਪਤਾ ਨੇ ਕਿਹਾ ਕਿ ਫਿਲਹਾਲ ਉਹ ਸਾਡੇ ਲਈ ਦੋਸ਼ੀ ਹੈ, ਕਿਉਂਕਿ ਉਸ ਨੇ ਅਪਰਾਧ ਕੀਤਾ ਹੈ। ਫਿਲੌਰ ਪੁਲਿਸ ਨੇ ਰੁਟੀਨ ਚੈਕਿੰਗ ਦੌਰਾਨ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਐਸਐਸਪੀ ਨੇ ਕਿਹਾ ਕਿ ਐਨਡੀਪੀਐਸ ਐਕਟ 22-27 ਦੇ ਤਹਿਤ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਹੁਣ ਪੁਲਿਸ ਨੇ ਮਾਮਲੇ ਵਿੱਚ ਐਨਡੀਪੀਐਸ ਐਕਟ ਦੀ ਧਾਰਾ 29 ਜੋੜ ਦਿੱਤੀ ਹੈ। ਜਿਸ ਕਾਰਨ ਹੁਣ ਪੁਲਿਸ ਉਕਤ ਮੁਲਜ਼ਮਾਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰੇਗੀ, ਜਿਨ੍ਹਾਂ ਕੋਲੋਂ ਇਹ ਮੁਲਜ਼ਮ ਨਸ਼ਾ ਲੈ ਕੇ ਆਇਆ ਸੀ। ਪੁਲਿਸ ਨੇ ਮਾਮਲੇ ਵਿੱਚ ਸੰਦੀਪ ਵਾਸੀ ਹੈਬੋਵਾਲ ਨੂੰ ਵੀ ਨਾਮਜ਼ਦ ਕੀਤਾ ਹੈ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਨੂੰ ਉਸਦੇ ਸਾਥੀ ਸਮੇਤ ਬਾਅਦ ਦੁਪਹਿਰ ਅਦਾਲਤ ਵਿੱਚ ਪੇਸ਼ ਕਰੇਗੀ।
ਪਰਿਵਾਰ ਨੇ ਦਿੱਤਾ ਸਪੱਸ਼ਟੀਕਰਨ : ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਮਾਮਲੇ 'ਚ ਪਰਿਵਾਰ ਦਾ ਪਹਿਲਾ ਪ੍ਰਤੀਕਰਮ ਸਾਹਮਣੇ ਆਇਆ ਹੈ। ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਮਿਲੀ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਕੋਝੀ ਹਰਕਤ ਹੈ ਲੋਕਾਂ ਨੂੰ ਪਰਿਵਾਰ ਨੂੰ ਤੋੜਨ ਦੀ। ਉਹਨਾਂ ਕਿਹਾ ਕਿ ਸਾਡੇ ਪਰਿਵਾਰ ਉੱਤੇ ਬਣ ਰਹੇ ਭਰੋਸੇ ਕਾਰਨ ਇਹ ਹੁਣ ਸਰਕਾਰ ਮਾੜੀ ਨੀਤੀ ਅਪਣਾਅ ਰਹੀ ਹੈ। ਉਹਨਾਂ ਕਿਹਾ ਕਿ ਜਿਥੇ ਅਸਲ ਚ ਨਸ਼ਾ ਖਤਮ ਕਰਨ ਦੀ ਲੋੜ ਸੀ ਉਹ ਪੁਲਿਸ ਤੋਂ ਹੁੰਦਾ ਨਹੀਂ ਪਰ ਨਿਰਦੋਸ਼ ਪਰਿਵਾਰਾਂ ਨੂੰ ਫਸਾਉਣ 'ਚ ਅੱਗੇ ਹੈ।
ਭਾਜਪਾ ਆਗੂ ਨੇ ਜਾਂਚ ਦੀ ਕੀਤੀ ਮੰਗ : ਕਾਂਗਰਸੀ ਆਗੂ ਕੁਲਬੀਰ ਜੀਰਾ ਤੋਂ ਬਾਅਦ ਮਾਮਲੇ 'ਚ ਭਾਜਪਾ ਆਗੂ ਰਾਣਾ ਸੋਡੀ ਨੇ ਪਹਿਲੀ ਪ੍ਰਤਿਕ੍ਰਿਆ ਦੀ ਹੈ ਅਤੇ ਕਿਹਾ ਕਿ ਅਜੇ ਤਾਂ ਗ੍ਰਿਫਤਾਰੀ ਹੋਈ ਹੈ। ਹੁਣ ਉਸ ਦਾ ਭੁਗਤਾਨ ਵੀ ਕਰੇਗਾ। ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ ਅੱਗੇ ਵੀ ਨੈੱਟਵਰਕ ਦਾ ਖੁਲਾਸਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਵੱਡੀ ਮਿਲੀ ਭੁਗਤ ਨਾਲ ਨਸ਼ੇ ਦਾ ਕਾਰੋਬਾਰ ਹੋ ਰਿਹਾ ਹੈ।
ਪੁਲਿਸ ਨੇ ਕੀਤੀ ਵੀਡੀਓ ਗ੍ਰਾਫੀ : ਦਸੱਣਯੋਗ ਹੈ ਕਿ ਮਾਮਲੇ ਸਬੰਧੀ ਜਲੰਧਰ ਪੁਲਿਸ ਕੁਝ ਹੀ ਸਮੇਂ ਵਿੱਚ ਪ੍ਰੈਸ ਕਾਨਫਰਸ ਕਰ ਕੇ ਵਿਸਤਾਰ ਵਿੱਚ ਜਾਣਕਾਰੀ ਦੇ ਸਕਦੀ ਹੈ। ਇਸ ਬਾਰੇ ਪੁਲਿਸ ਅਧਿਕਾਰੀਆਂ ਕਿਹਾ ਕਿ ਮੌਕੇ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ। ਜਿਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਭਰਾ ਨੇ ਨਸ਼ਾ ਕੀਤਾ ਹੋਇਆ ਹੈ। ਉਥੇ ਹੀ ਦੂਜੇ ਪਾਸੇ ਮਾਮਲੇ ਸਬੰਧੀ ਪਰਿਵਾਰ ਵੱਲੋਂ ਅਜੇ ਤੱਕ ਕੋਈ ਸਫਾਈ ਸਾਹਮਣੇ ਨਹੀਂ ਆਈ ਹੈ।
ਵਿਰੋਧੀਆਂ ਦੇ ਨਿਸ਼ਾਨੇ ਉੱਤੇ ਅੰਮ੍ਰਿਤਪਾਲ ਸਿੰਘ : ਜ਼ਿਕਰਯੋਗ ਹੈ ਕਿ ਅੱਜ ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਗਿਰਫਤਾਰੀ ਤੋਂ ਬਾਅਦ ਵਿਰੋਧੀਆਂ ਨੇ ਸਵਾਲ ਖੜ੍ਹੇ ਕੀਤੇ ਹਨ। ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਤੋਂ ਹਾਰੇ ਕਾਂਗਰਸੀ ਉਮੀਦਵਾਰ ਕੁਲਬੀਰ ਜ਼ੀਰਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਭਰਾ ਵੱਲੋਂ ਸਿੱਖੀ ਦੇ ਬਾਣੇ ਵਿੱਚ ਨਸ਼ੇ ਦਾ ਸੇਵਣ ਕੀਤਾ ਹੈ ਅਤੇ ਉਸ ਦੇ ਕੋਲੋਂ ਪੁਲਿਸ ਨੇ ਨਸ਼ੇ ਦੀ ਪ੍ਰਾਪਤੀ ਕੀਤੀ ਹੈ ਇਸ ਘਟਨਾ ਨਾਲ ਸਮੁੱਚੇ ਸਿੱਖ ਧਰਮ ਨੂੰ ਸ਼ਰਮਸਾਰ ਹੋਣਾ ਪਿਆ ਹੈ। ਇਹ ਬੇਹੱਦ ਮੰਦਭਾਗਾ ਹੈ, ਉਹਨਾਂ ਕਿਹਾ ਕਿ ਹਰਪ੍ਰੀਤ ਸਿੰਘ ਨੇ ਚੋਣਾਂ ਵਿੱਚ ਅੰਮ੍ਰਿਤਪਾਲ ਲਈ ਚੋਣ ਪ੍ਰਚਾਰ ਕੀਤਾ ਸੀ। ਉਸ ਵੇਲੇ ਵੀ ਅਸੀਂ ਕਹਿੰਦੇ ਸੀ ਕਿ ਹਰ ਇੱਕ ਦਾ ਡੋਪ ਟੈਸਟ ਕਰਵਾਇਆ ਜਾਵੇ ਪਰ ਉਸ ਵੇਲੇ ਸਾਡੀ ਸੁਣੀ ਨਹੀਂ ਗਈ ।ਜੀਰਾ ਨੇ ਮੰਗ ਕੀਤੀ ਕਿ ਹਰਪ੍ਰੀਤ ਸਿੰਘ ਦਾ ਡੋਪ ਟੈਸਟ ਕਰਵਾਇਆ ਜਾਵੇ ਤਾਂ ਜੋ ਸਾਰੀ ਸੱਚਾਈ ਸਾਹਮਣੇ ਆ ਸਕੇ।
- ਮਾਨਸਾ ਦੇ ਪਿੰਡ ਕੋਟੜਾ 'ਚ ਨਸ਼ੇ ਦੀ ਓਵਰਡੋਜ ਨਾਲ 28 ਸਾਲਾ ਨੌਜਵਾਨ ਦੀ ਮੌਤ - Death by drug overdose
- ਅੰਮ੍ਰਿਤਸਰ 'ਚ ਰਾਸ਼ਟਰੀ ਭਗਵਾ ਸੈਨਾ ਦੇ ਆਗੂ ਨੂੰ ਮਾਰੀ ਗੋਲੀ, ਸੀਸੀਟੀਵੀ 'ਚ ਕੈਦ ਮੁਲਜ਼ਮਾਂ ਦੀ ਤਸਵੀਰ - shot fire in Amritsar
- ਆਖ਼ਿਰਕਾਰ ਕਿਉਂ ਰੁਕੇ ਕੇਂਦਰ ਤੋਂ ਆਉਣ ਵਾਲੇ ਫੰਡ, ਕਿਉਂ ਟੈਕਸਟਾਈਲ ਪਾਰਕ ਹੋਇਆ ਰੱਦ, ਪੜ੍ਹੋ ਖ਼ਾਸ ਰਿਪੋਰਟ - Why funds coming from center stop
ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਲੰਮੇ ਸਮੇਂ ਤੋਂ ਨਸ਼ੇ ਖਿਲਾਫ ਆਵਾਜ਼ ਚੁੱਕਦੇ ਆ ਰਹੇ ਹਨ, ਪਰ ਅੱਜ ਉਹਨਾਂ ਦੇ ਆਪਣੇ ਹੀ ਭਰਾ ਦਾ ਨਸ਼ੇ 'ਚ ਲਿਪਤ ਹੋਣਾ ਇੱਕ ਵੱਡਾ ਸਵਾਲ ਖੜ੍ਹਾ ਕਰਦਾ ਹੈ ਕਿ ਜੋ ਆਪਣੇ ਘਰ ਵਿੱਚ ਨਸ਼ੇ ਦਾ ਖ਼ਾਤਮਾ ਨਹੀਂ ਕਰ ਸਕੇ, ਪੰਜਾਬ ਦੇ ਲੋਕ ਉਹਨਾਂ ਉੱਤੇ ਕੀ ਭਰੋਸਾ ਕਰਨਗੇ।