ਲੁਧਿਆਣਾ: ਇਥੋਂ ਦੀ ਕੋਛੜ ਮਾਰਕੀਟ ਦੇ ਵਿੱਚ ਅੱਜ ਦੇਰ ਰਾਤ ਕਾਰ ਸਵਾਰ ਪਤੀ ਪਤਨੀ ਤੋਂ ਤਿੰਨ ਅਣਪਛਾਤੇ ਲੁਟੇਰਿਆਂ ਵੱਲੋਂ ਆਈ 20 ਕਾਰ ਖੋਹ ਲਈ ਗਈ। ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਦੋਵੇਂ ਹੀ ਪਤੀ ਪਤਨੀ ਕਾਰ ਦੇ ਵਿੱਚ ਦੁਕਾਨ ਤੇ ਦਵਾਈ ਲੈਣ ਲਈ ਰੁਕੇ ਸਨ। ਜਿਵੇਂ ਹੀ ਪਤੀ ਕਾਰ ਵਿੱਚੋਂ ਉਤਰਿਆ ਤਾਂ ਪਹਿਲਾਂ ਤੋਂ ਹੀ ਤਿਆਰ ਬੈਠੇ ਮੁਲਜ਼ਮਾਂ ਨੇ ਕਾਰ ਦੇ ਵਿੱਚ ਵੜ ਕੇ ਪੀੜਤ ਲੜਕੀ ਦਾ ਮੂੰਹ ਦੱਬ ਲਿਆ ਅਤੇ ਕਾਰ ਨੂੰ ਲੋਕ ਕਰ ਦਿੱਤਾ। ਲੜਕੀ ਦੇ ਰੌਲਾ ਪਾਉਣ ਤੋਂ ਬਾਅਦ ਉਸਦੇ ਪਤੀ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਸ ਨੇ ਬੜੀ ਮੁਸ਼ਕਿਲ ਦੇ ਨਾਲ ਆਪਣੀ ਪਤਨੀ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਤੇ ਤਿੰਨੇ ਮੁਲਜਮ ਕਾਰ ਭਜਾ ਕੇ ਫਰਾਰ ਹੋ ਗਏ। ਇਸ ਹਾਦਸੇ ਤੋਂ ਬਾਅਦ ਮੌਕੇ 'ਤੇ ਪੁਲਿਸ ਨੂੰ ਸੱਦਿਆ ਗਿਆ, ਜਿਸ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਫਸਰ ਵੀ ਮੌਕੇ 'ਤੇ ਪਹੁੰਚੇ, ਜਿੰਨਾਂ ਨੇ ਕਿਹਾ ਕਿ ਸਾਡੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਤੀ ਪਤਨੀ ਤੋਂ ਕਾਰ ਖੋਹੀ: ਪੀੜਤ ਲੜਕੀ ਨੇ ਆਪਣੀ ਹੱਡ ਬੀਤੀ ਦੱਸੀ ਅਤੇ ਕਿਹਾ ਕਿ ਉਹ ਤਿੰਨ ਬਦਮਾਸ਼ ਸਨ ਅਤੇ ਨਸ਼ੇ ਦੇ ਵਿੱਚ ਲੱਗ ਰਹੇ ਸਨ। ਜਦੋਂ ਕਿ ਇਲਾਕਾ ਵਾਸੀਆਂ ਨੇ ਵੀ ਵਾਰਦਾਤ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਤਿੰਨ ਮੁਲਜ਼ਮ ਸਨ ਜੋ ਕਿ ਦੋਵੇਂ ਪਤੀ ਪਤਨੀ ਤੋਂ ਕਾਰ ਖੋਹ ਕੇ ਫਰਾਰ ਹੋ ਗਏ। ਪੀੜਤ ਦੇ ਪਤੀ ਨੇ ਦੱਸਿਆ ਕਿ ਉਹ ਦਵਾਈ ਲੈਣ ਲਈ ਜਿਵੇਂ ਹੀ ਕਾਰ ਚੋਂ ਉਤਰਿਆ ਤਾਂ ਤਿੰਨ ਬਦਮਾਸ਼ਾਂ ਨੇ ਉਸ ਦੀ ਕਾਰ ਦੇ ਵਿੱਚ ਦਾਖਲ ਹੋ ਕੇ ਉਸ ਦੀ ਪਤਨੀ ਨੂੰ ਕਾਰ ਸਮੇਤ ਅਗਵਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਨੇ ਕਿਸੇ ਤਰ੍ਹਾਂ ਪਤਨੀ ਨੂੰ ਬਾਹਰ ਕੱਢਿਆ, ਜਿਸ ਤੋਂ ਬਾਅਦ ਉਹ ਕਾਰ ਲੈ ਕੇ ਫਰਾਰ ਹੋ ਗਏ। ਪੀੜਤ ਵਲੋਂ ਆਪਣੀ ਕਾਰ ਦਾ ਨੰਬਰ ਵੀ ਦੱਸਿਆ ਗਿਆ ਅਤੇ ਕਿਹਾ ਕਿ ਫਿਲਹਾਲ ਮੌਕੇ 'ਤੇ ਪੁਲਿਸ ਪਹੁੰਚ ਗਈ ਹੈ ਤੇ ਕਾਰਵਾਈ ਦੀ ਗੱਲ ਕਹਿ ਰਹੀ ਹੈ। ਇਸ ਹਾਦਸੇ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ।
ਜਾਂਚ 'ਚ ਜੁਟੀ ਪੁਲਿਸ: ਉਧਰ ਦੂਜੇ ਪਾਸੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜਿਨਾਂ ਵੱਲੋਂ ਕਾਰ ਅਗਵਾਹ ਕੀਤੀ ਗਈ ਹੈ ਉਹ ਤਿੰਨ ਮੁਲਜਮ ਸਨ। ਉਹਨਾਂ ਨੇ ਕਿਹਾ ਕਿ ਸੜਕ 'ਤੇ ਕਾਫੀ ਰੋਲਾ ਵੀ ਪਾਇਆ ਗਿਆ ਪਰ ਉਦੋਂ ਤੱਕ ਉਹ ਫਰਾਰ ਹੋ ਚੁੱਕੇ ਸਨ। ਇਸ ਮੌਕੇ 'ਤੇ ਪਹੁੰਚੇ ਏਸੀਪੀ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਹਨਾਂ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਸੀ, ਹਾਲਾਂਕਿ ਜੋ ਕਾਰ ਲੈ ਕੇ ਫਰਾਰ ਹੋਏ ਹਨ ਉਹ ਕੌਣ ਸੀ, ਉਹਨਾਂ ਦੀ ਹਾਲੇ ਤੱਕ ਸ਼ਨਾਖਤ ਪੁਲਿਸ ਨੂੰ ਨਹੀਂ ਹੋ ਪਾਈ ਹੈ, ਜੋ ਕਿ ਪੁਲਿਸ ਲਈ ਵੀ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ।