ਮੋਗਾ: ਸ਼ੋਸ਼ਲ ਮੀਡੀਆ 'ਤੇ ਪਿਆਰ ਹੋਣ ਤੋਂ ਬਾਅਦ ਕੁੜੀ ਨਾਲ ਵਿਆਹ ਕਰਵਾਉਣ ਬਰਾਤ ਲੈਕੇ ਪਹੁੰਚਿਆ ਲਾੜਾ ਬੇਰੰਗ ਹੀ ਪਰਤ ਗਿਆ। ਦਰਅਸਲ ਜ਼ਿਲ੍ਹਾ ਜਲੰਧਰ ਦੇ ਪਿੰਡ ਮੜਿਆਲਾ ਦਾ ਵਾਸੀ ਦੀਪਕ ਕੁਮਾਰ ਜੋ ਕਿ ਦੁਬਈ 'ਚ ਕੰਮ ਕਰਦਾ ਹੈ, ਉਸ ਦੀ ਸੋਸ਼ਲ ਮੀਡੀਆ 'ਤੇ ਮਨਪ੍ਰੀਤ ਕੌਰ ਨਾਂ ਦੀ ਫਰਜ਼ੀ ਲੜਕੀ ਨਾਲ ਦੋਸਤੀ ਹੋ ਗਈ ਅਤੇ ਇਹ ਦੋਸਤੀ ਇੰਨੀ ਡੂੰਘੀ ਹੋ ਗਈ ਕਿ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਪਰ ਨਾ ਤਾਂ ਉਹ ਇੱਕ ਦੂਜੇ ਨੂੰ ਮਿਲੇ ਸਨ ਅਤੇ ਨਾ ਹੀ ਕਿਸੇ ਨੇ ਇੱਕ ਦੂਜੇ ਨੂੰ ਦੇਖਿਆ ਸੀ।
ਲਾੜਾ ਵਿਆਹ ਦੇ ਚਾਅ 'ਚ ਮਹਿਮਾਨਾਂ ਨੂੰ ਨਾਲ ਲੈ ਕੇ ਇੰਤਜਾਰ ਕਰਦਾ ਰਿਹਾ
ਵਿਆਹ ਦਾ ਦਿਨ 6 ਦਸੰਬਰ ਰੱਖਿਆ ਗਿਆ ਸੀ ਅਤੇ ਮੋਗਾ ਦੇ ਰੋਜ਼ ਗਾਰਡਨ ਪੈਲੇਸ ਵਿੱਚ ਵਿਆਹ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਸੀ। ਲਾੜਾ 12 ਵਜੇ ਦੇ ਕਰੀਬ ਮੋਗਾ ਪਹੁੰਚਿਆ ਪਰ ਮੋਗਾ ਆ ਕੇ ਪਤਾ ਲੱਗਾ ਕਿ ਇਸ ਨਾਂ ਦੀ ਕੋਈ ਕੁੜੀ ਹੀ ਨਹੀਂ ਹੈ। ਜਦੋਂ ਲੜਕੀ ਨੂੰ ਫ਼ੋਨ ਕੀਤਾ ਤਾਂ ਉਸ ਨੇ ਸਿਰਫ਼ ਇੰਨਾ ਹੀ ਕਿਹਾ ਕਿ ਤੁਸੀਂ ਇੱਥੇ ਰੁਕੋ, ਅਸੀਂ ਤੁਹਾਨੂੰ ਲੈਣ ਆ ਰਹੇ ਹਾਂ। ਇਸ ਤੋਂ ਬਾਅਦ ਫੋਨ ਬੰਦ ਹੋ ਗਿਆ, ਲਾੜਾ ਵਿਆਹ ਦੇ ਚਾਅ 'ਚ ਬਰਾਤ ਨੂੰ ਨਾਲ ਲੈ ਕੇ ਇੰਤਜ਼ਾਰ ਕਰਦਾ ਰਿਹਾ। ਲਾੜਾ ਪੂਰੀ ਬਰਾਤ ਦੇ ਨਾਲ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਭੁੱਖਾ-ਪਿਆਸਾ ਮੋਗਾ ਦੇ ਲੋਹਾਰਾ ਚੌਕ 'ਚ ਖੜ੍ਹਾ ਰਿਹਾ ਪਰ ਕੋਈ ਨਹੀਂ ਆਇਆ, ਇਸ ਲਈ ਆਖਿਰ 6 ਵਜੇ ਉਨ੍ਹਾਂ ਨੇ ਥਾਣੇ 'ਚ ਰਿਪੋਰਟ ਦਰਜ ਕਰਵਾਈ।
ਖਰਚੇ ਲਈ 50, 60 ਹਜ਼ਾਰ ਰੁਪਏ ਵੀ ਮੰਗੇ
ਲਾੜੇ ਦੀਪਕ ਨੇ ਦੱਸਿਆ ਕਿ ਉਹ ਤਹਿਸੀਲ ਨਕੋਦਰ ਦੇ ਪਿੰਡ ਮੜਿਆਲਾ ਮਹਿਤਪੁਰ ਦਾ ਵਸਨੀਕ ਹੈ ਅਤੇ ਦੁਬਈ ਵਿੱਚ ਇੱਕ ਕੰਪਨੀ ਅੰਦਰ ਕੰਮ ਕਰਦਾ ਹੈ। ਸੋਸ਼ਲ ਮੀਡੀਆ 'ਤੇ ਗੱਲਬਾਤ ਸ਼ੁਰੂ ਹੋ ਗਈ ਅਤੇ ਲੜਕੀ ਨਾਲ ਵਿਆਹ ਦੀ ਗੱਲ ਵੀ ਪੱਕੀ ਹੋ ਗਈ ਅਤੇ ਲੜਕੀ ਨੇ ਅੱਜ ਉਸ ਕੋਲੋਂ ਖਰਚੇ ਲਈ 60 ਹਜ਼ਾਰ ਰੁਪਏ ਵੀ ਮੰਗੇ ਸਨ। ਬਰਾਤ ਦੇ ਨਾਲ ਦੁਪਹਿਰ ਤੋਂ ਅੱਧੀ ਰਾਤ ਤੱਕ ਉਹ ਵਿਆਹ ਵਾਲੀ ਕੁੜੀ ਦਾ ਇੰਤਜ਼ਾਰ ਕਰਦੇ ਰਹੇ ਪਰ ਕੋਈ ਨਾ ਆਇਆ, ਇਸ ਲਈ ਉਹ ਆਪਣੀ ਸ਼ਿਕਾਇਤ ਲੈ ਕੇ ਥਾਣੇ ਪਹੁੰਚ ਗਏ ਅਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਕੋਈ ਨਿੱਜੀ ਗੱਲਬਾਤ ਨਹੀਂ ਹੋਈ
ਪੀੜਤ ਲਾੜੇ ਦਾ ਕਹਿਣਾ ਹੈ ਕਿ ਕੁੜੀ ਨਾਲ ਉਸ ਦੀ ਨਿੱਜੀ ਤੌਰ ਉੱਤੇ ਕਦੇ ਕੋਈ ਗੱਲ ਨਹੀਂ ਹੋਈ ਅਤੇ ਨਾ ਉਹ ਕਦੇ ਲੜਕੀ ਨੂੰ ਮਿਲਿਆ ਸੀ। ਲਾੜੇ ਦੇ ਪਿਤਾ ਨੇ ਕਿਹਾ ਕਿ 2 ਦਸੰਬਰ ਨੂੰ ਵਿਆਹ ਦੀ ਗੱਲ ਹੋਈ ਸੀ ਪਰ ਲੜਕੀ ਨੇ ਕਿਹਾ ਕਿ ਉਸ ਦੇ ਪਿਤਾ ਦੀ ਸਿਹਤ ਠੀਕ ਨਹੀਂ ਹੈ, ਇਸ ਲਈ 6 ਦਸੰਬਰ ਨੂੰ ਪੈਲੇਸ ਦਾ ਜ਼ਿਕਰ ਕੀਤਾ ਗਿਆ। ਲਾੜੇ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ ਅਤੇ ਅਸੀਂ ਬਰਾਤ ਨੂੰ ਲੈ ਕੇ ਆਏ ਸੀ ਅਤੇ ਕੁੜੀ ਦੀ ਉਡੀਕ ਕਰਦੇ ਰਹਿ ਗਏ। ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਲਾੜੇ ਦੇ ਪਿਤਾ ਵੱਲੋਂ ਸ਼ਿਕਾਇਤ ਆਈ ਹੈ, ਉਨ੍ਹਾਂ ਕੋਲ ਸਿਰਫ ਲੜਕੀ ਦਾ ਫੋਨ ਨੰਬਰ ਹੈ ਅਤੇ ਉਹ ਲੜਕੀ ਦੀ ਭਾਲ ਕਰਨਗੇ।