ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਪੁਲਿਸ ਵਿਭਾਗ ਵਿੱਚ ਇੱਕ ਵਾਰ ਫਿਰ ਵੱਡਾ ਫੇਰਬਦਲ ਕੀਤਾ ਹੈ। ਪੰਜਾਬ ਸਰਕਾਰ ਨੇ ਇੱਕੋ ਸਮੇਂ 91 ਆਈਪੀਐਸ ਅਤੇ ਪੀਪੀਐਸ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਨਾਲ ਪੰਜਾਬ ਨੂੰ ਆਪਣੀ ਪਹਿਲੀ ਰੋਡ ਸੇਫਟੀ ਫੋਰਸ (ਐਸ.ਐਸ.ਐਫ.) ਐਸ.ਐਸ.ਪੀ. ਮਿਲ ਗਿਆ ਹੈ। ਇਸ ਦਾ ਚਾਰਜ ਗਗਨ ਅਜੀਤ ਸਿੰਘ ਨੂੰ ਦਿੱਤਾ ਗਿਆ ਹੈ।
ਇੰਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ: ਆਈਪੀਐਸ ਆਰਐਨ ਢੋਕੇ ਨੂੰ ਸਪੈਸ਼ਲ ਡੀਜੀਪੀ ਇੰਟਰਨਲ ਸਕਿਉਰਿਟੀ ਦਾ ਪੂਰਾ ਚਾਰਜ ਦਿੱਤਾ ਗਿਆ ਹੈ ਜਦੋਂਕਿ ਇਸ ਤੋਂ ਪਹਿਲਾਂ ਉਨ੍ਹਾਂ ਕੋਲ ਈਡੀ ਮਾਈਨਿੰਗ ਦਾ ਚਾਰਜ ਵੀ ਸੀ। ਇਸ ਦੇ ਨਾਲ ਹੀ ਆਈਪੀਐਸ ਮਨਦੀਪ ਸਿੰਘ ਸਿੱਧੂ ਤੋਂ ਡੀਆਈਜੀ ਪ੍ਰਸ਼ਾਸਨ ਦਾ ਚਾਰਜ ਲੈ ਕੇ ਆਈਆਰਬੀ ਦਾ ਚਾਰਜ ਦਿੱਤਾ ਗਿਆ ਹੈ। ਜੇ. ਏਲੇਨਚਾਜਿਅਨ ਹੁਣ ਡੀਆਈਜੀ ਕਾਊਂਟਰ ਇੰਟੈਲੀਜੈਂਸ ਦਾ ਕੰਮ ਦੇਖਣਗੇ। ਅਲਕਾ ਮੀਨਾ ਨੂੰ ਏਆਈਜੀ ਹੈੱਡਕੁਆਰਟਰ ਇੰਟੈਲੀਜੈਂਸ ਤੋਂ ਡੀਆਈਜੀ ਪਰਸਨਲ ਦਾ ਕੰਮ ਦਿੱਤਾ ਗਿਆ ਹੈ।
ਕੈਬਨਿਟ ਮੰਤਰੀ ਦੀ ਪਤਨੀ ਦਾ ਤਬਾਦਲਾ: ਇਸ ਦੌਰਾਨ ਆਲਮ ਵਿਜੇ ਸਿੰਘ ਨੂੰ ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੌਮਿਆ ਮਿਸ਼ਰਾ ਨੂੰ ਜੁਆਇੰਟ ਸੀਪੀ ਲੁਧਿਆਣਾ ਤੋਂ ਐਸਐਸਪੀ ਫ਼ਿਰੋਜ਼ਪੁਰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਧਰਮ ਪਤਨੀ ਜੋਤੀ ਯਾਦਵ ਨੂੰ ਐਸਪੀ ਹੈਡਕੁਆਰ ਮੁਹਾਲੀ ਤੋਂ ਐਸਪੀ ਇਨਵੈਸਟੀਗੇਸ਼ਨ ਮੁਹਾਲੀ ਦਾ ਜਾਰਚ ਦਿੱਤਾ ਗਿਆ ਹੈ।
26 ਜਨਵਰੀ ਤੋਂ ਠੀਕ ਇੱਕ ਦਿਨ ਪਹਿਲਾਂ ਕਾਰਵਾਈ: ਇਸ ਦੌਰਾਨ ਅਕਾਸ਼ਦੀਪ ਸਿੰਘ ਔਲਖ ਨੂੰ ਐਸਪੀ ਸਿਟੀ ਮੁਹਾਲੀ ਤੋਂ ਬਦਲ ਕੇ ਐਸਪੀ ਐਸਟੀਐਫ ਰੋਪੜ ਰੇਂਜ ਦਾ ਚਾਰਜ ਦਿੱਤਾ ਗਿਆ ਹੈ, ਜਦਕਿ ਪੀਪੀਐਸ ਮੁਖਤਿਆਰ ਰਾਏ ਨੂੰ ਏਆਈਜੀ ਐਸਟੀਐਫ ਰੋਪੜ ਰੇਂਜ ਤੋਂ ਬਦਲ ਕੇ ਐਸਪੀ ਹੈਡਕੁਆਰਟਰ ਜਲੰਧਰ ਰੂਰਲ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵਲੋਂ 26 ਜਨਵਰੀ ਤੋਂ ਠੀਕ ਇੱਕ ਦਿਨ ਪਹਿਲਾਂ ਵੱਡੀ ਗਿਣਤੀ 'ਚ ਤਬਾਦਲੇ ਕੀਤੇ ਹਨ।