ਲੁਧਿਆਣਾ: ਰੱਖੜੀ ਨੂੰ ਭੈਣ ਭਾਈ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਵਜੋਂ ਜਾਣਿਆ ਜਾਂਦਾ ਹੈ ਅਤੇ ਭੈਣ ਭਰਾ ਨੂੰ ਰੱਖੜੀ ਬਣਦੀ ਹੈ।ਇਹ ਰੱਖੜੀ ਧਾਗਿਆਂ ਦੇ ਨਾਲ ਪਿਰੋ ਕੇ ਤਿਆਰ ਕੀਤੀ ਜਾਂਦੀ ਹੈ। ਹਾਲਾਂਕਿ ਅੱਜ ਕੱਲ ਚਾਈਨੀਜ਼ ਰੱਖੜੀਆਂ ਦਾ ਵੀ ਕਾਫੀ ਚੱਲਣ ਚੱਲ ਪਿਆ ਹੈ, ਪਰ ਇਸ ਦੇ ਬਾਵਜੂਦ ਕੁਝ ਮਹਿਲਾਵਾਂ ਆ ਰਹੀਆਂ ਹਨ, ਜੋ ਅੱਜ ਵੀ ਆਪਣੇ ਹੱਥੀਂ ਰੱਖੜੀਆਂ ਬਣਾਉਂਦੀਆਂ ਹਨ। ਉਨ੍ਹਾਂ ਵਿੱਚੋਂ ਇੱਕ ਮੀਨੂ ਮਹਾਜਨ ਹੈ ਜਿਸ ਨੇ ਯੂਜੀਸੀ ਪ੍ਰੋਫੈਸਰ ਦੀ ਨੌਕਰੀ ਛੱਡ ਕੇ ਰੱਖੜੀਆਂ ਕਸਟਮਾਈਜ਼ ਕਰਨੀਆਂ ਸ਼ੁਰੂ ਕੀਤੀਆਂ।
ਅੱਜ ਭਾਰਤ ਦੇ ਵੱਖ-ਵੱਖ ਕੋਨਿਆਂ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਉਨ੍ਹਾਂ ਦੀਆਂ ਕਸਟਮਾਈਜ਼ ਰੱਖੜੀਆਂ ਤਿਆਰ ਹੋ ਕੇ ਜਾਂਦੀਆਂ ਹਨ। ਮਾਰਚ ਮਹੀਨੇ ਤੋਂ ਹੀ ਆਰਡਰਾਂ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਆਰਡਰ ਪੂਰੇ ਕਰਨੇ ਵੀ ਉਨ੍ਹਾਂ ਲਈ ਮੁਸ਼ਕਿਲ ਹੋ ਜਾਂਦੇ ਹਨ।
6 ਹਜ਼ਾਰ ਤੋਂ ਸ਼ੁਰੂ ਕੀਤਾ ਕੰਮ: ਮੀਨੂ ਮਹਾਜਨ ਫਾਈਨ ਆਰਟ ਦੀ ਵਿਦਿਆਰਥਣ ਰਹੀ ਹੈ। ਉਸ ਤੋਂ ਬਾਅਦ ਉਨ੍ਹਾਂ ਨੇ ਯੂਜੀਸੀ ਕਲੀਅਰ ਕੀਤਾ ਅਤੇ ਕਾਲਜ ਦੇ ਵਿੱਚ 5 ਸਾਲ ਪ੍ਰੋਫੈਸਰ ਦੀ ਨੌਕਰੀ ਕੀਤੀ, ਪਰ ਉਹਨਾਂ ਦਾ ਸੁਪਨਾ ਸੀ ਕਿਹੋ ਕੋਈ ਆਪਣਾ ਬਿਜ਼ਨਸ ਸ਼ੁਰੂ ਕਰੇ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਹੀ ਸਿੱਖਿਆ ਦੇ ਅਧਾਰ ਡੈਕੋਰੇਸ਼ਨ ਸ਼ੁਰੂ ਕੀਤੀ ਖਾਸ ਕਰਕੇ ਰੱਖੜੀਆਂ ਕਸਟਮਾਈਜ਼ ਕਰਨੀਆਂ ਸ਼ੁਰੂ ਕੀਤੀਆਂ। 6 ਹਜ਼ਾਰ ਰੁਪਏ ਦੀ ਆਨਲਾਈਨ ਇੱਕ ਮਸ਼ੀਨ ਮੰਗਾਈ, ਹਾਲਾਂਕਿ ਜਿਸ ਵੇਲੇ ਇਹ ਮਸ਼ੀਨ ਮੰਗਾਈ ਤਾਂ ਲੱਗਿਆ ਕਿ ਪੈਸੇ ਖਰਾਬ ਕਰ ਲਏ। ਪਰ, ਉਸ ਤੋਂ ਬਾਅਦ ਜਦੋਂ ਉਹ ਕੰਮ ਕਰਨਾ ਸ਼ੁਰੂ ਕੀਤਾ ਤਾਂ ਕੰਮ ਇੰਨਾ ਕਾਮਯਾਬ ਹੋਇਆ ਕਿ ਲੋਕਾਂ ਨੇ ਉਸ ਨੂੰ ਖੂਬ ਪਸੰਦ ਕੀਤਾ। ਜ਼ਿਆਦਾਤਰ ਆਰਡਰ ਪਹਿਲਾਂ ਬਾਹਰ ਤੋਂ ਆਉਣੇ ਸ਼ੁਰੂ ਹੋਏ। ਪਰ, ਉਸ ਤੋਂ ਬਾਅਦ ਲੁਧਿਆਣਾ ਤੋਂ ਵੀ ਆਰਡਰ ਆਉਣੇ ਸ਼ੁਰੂ ਹੋ ਗਏ। ਮੀਨੂ ਦੇ ਨਾਲ ਅੱਜ ਸੈਂਕੜੇ ਮਹਿਲਾਵਾਂ ਜੁੜੀਆਂ ਹੋਈਆਂ ਹਨ, ਜੋ ਇਸ ਰੱਖੜੀ ਨੂੰ ਲੋਕਾਂ ਦੇ ਘਰ ਘਰ ਤੱਕ ਪਹੁੰਚਾ ਰਹੀਆਂ ਹਨ।
'ਮੈਗਨੈਟ ਵਾਲਾ' ਵਿਸ਼ੇਸ਼ ਡਿਜ਼ਾਈਨ: ਰੱਖੜੀਆਂ ਦੇ ਨਾਲ ਦਿਵਾਲੀ ਮੌਕੇ ਡੈਕੋਰੇਸ਼ਨ ਦਾ ਸਮਾਨ ਵੀ ਤਿਆਰ ਕੀਤਾ ਜਾਂਦਾ ਹੈ। ਵਿਸ਼ੇਸ਼ ਤੌਰ ਉੱਤੇ ਤਿਆਰ ਕੀਤੇ ਗਏ ਇਨਵੈਲਪ ਅਤੇ ਰੱਖੜੀਆਂ ਇੰਨੀਆਂ ਖੂਬਸੂਰਤ ਹਨ ਕਿ ਤੁਸੀਂ ਇਸ ਉੱਤੇ ਕੋਈ ਵੀ ਤਸਵੀਰ ਬਣਵਾ ਸਕਦੇ ਹੋ। ਆਪਣਾ ਨਾਮ ਲਿਖਾ ਸਕਦੇ ਹੋ, ਇੰਨਾਂ ਹੀ ਨਹੀਂ ਰੱਖੜੀ ਉੱਤੇ ਵਿਸ਼ੇਸ਼ ਤੌਰ ਉੱਤੇ ਮੈਗਨੈਟ ਵੀ ਲਗਾਇਆ ਜਾਂਦਾ ਹੈ, ਤਾਂ ਜੋ ਰੱਖੜੀ ਤੋਂ ਬਾਅਦ ਜਿਵੇਂ ਲੋਕ ਰੱਖੜੀਆਂ ਨਹੀਂ ਪਾਉਂਦੇ ਅਤੇ ਖਾਸ ਕਰਕੇ ਬੱਚੇ ਰੱਖੜੀਆਂ ਸੁੱਟ ਦਿੰਦੇ ਹਨ, ਤਾਂ ਉਨ੍ਹਾਂ ਲਈ ਇੱਕ ਡੈਕੋਰੇਸ਼ਨ ਦੇ ਸਮਾਨ ਵਜੋਂ ਕੰਮ ਆ ਜਾਂਦੀ ਹੈ। ਇਸ ਨੂੰ ਫ੍ਰਿਜ ਉੱਤੇ ਲਗਾ ਕੇ ਡੈਕੋਰੇਸ਼ਨ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ। ਮੀਨੂ ਮਹਾਜਨ ਖੁਦ ਸਾਰੀਆਂ ਰੱਖੜੀਆਂ ਤਿਆਰ ਕਰਦੀ ਹੈ।
ਖੁਦ ਤਿਆਰ ਕਰਦੇ ਡਿਜ਼ਾਈਨ : ਡਿਜ਼ਾਈਨ ਉਸ ਦੀ ਕਟਿੰਗ ਕਿਹੜੇ ਰੰਗ ਰੱਖੜੀ ਵਿੱਚ ਵਰਤਣੇ ਹਨ, ਕਿਹੜਾ ਧਾਗਾ ਵਰਤਣਾ ਹੈ, ਉਹ ਸਾਰਾ ਹੀ ਆਪ ਚੁਣਦੇ ਹਨ ਅਤੇ ਫਿਰ ਰੱਖੜੀ ਬਣਾਉਂਦੇ ਹਨ। ਕਸਟਮਾਈਜ਼ ਰੱਖੜੀ ਦੀ ਕੀਮਤ 100 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਕੋਲ ਵਿਸ਼ੇਸ਼ ਤੌਰ ਉੱਤੇ ਦੂਰੋਂ ਦੂਰੋਂ ਆਰਡਰ ਆਉਂਦੇ ਹਨ। ਇੱਥੋਂ ਤੱਕ ਇਹ ਵਿਦੇਸ਼ਾਂ ਤੋਂ ਵੀ ਆਰਡਰ ਆਉਂਦੇ ਹਨ। ਜਿਨ੍ਹਾਂ ਭੈਣਾਂ ਨੇ ਆਪਣੇ ਭਰਾਵਾਂ ਨੂੰ ਰੱਖਣੀਆਂ ਭੇਜਣੀਆਂ ਹਨ, ਉਹ ਵਿਸ਼ੇਸ਼ ਤੌਰ ਉੱਤੇ ਇਨਵੈਲਪ ਵਰਤਦੀਆਂ ਹਨ। ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਉਨ੍ਹਾਂ ਕੋਲ ਆਰਡਰ ਆਉਂਦੇ ਹਨ ਅਤੇ ਮਾਰਚ ਮਹੀਨੇ ਵਿੱਚ ਹੀ ਉਨ੍ਹਾਂ ਦਾ ਕੰਮ ਸ਼ੁਰੂ ਹੋ ਜਾਂਦਾ ਹੈ।
ਪਰਿਵਾਰ ਦਾ ਸਾਥ: ਮੀਨੂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਹੈ। ਉਨ੍ਹਾਂ ਦੇ ਸਹੁਰਾ ਅਤੇ ਉਨ੍ਹਾਂ ਦੀ ਸੱਸ ਵੀ ਆਪਣੀ ਮਰਜ਼ੀ ਨਾਲ ਉਨ੍ਹਾਂ ਦੇ ਕੰਮ ਵਿੱਚ ਹੱਥ ਵਟਾਉਂਦੇ ਹਨ। ਮੀਨੂ ਦੀ ਸੱਸ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਲੋਕ ਰੱਖੜੀ ਲੈਣ ਲਈ ਉਨ੍ਹਾਂ ਕੋਲ ਆਰਡਰ ਦੇਣ ਆਉਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨੂੰਹ ਬਹੁਤ ਮਿਹਨਤ ਨਾਲ ਕੰਮ ਕਰਦੀ ਹੈ ਅਤੇ ਉਹ ਵੀ ਉਸ ਦੇ ਨਾਲ ਇਸ ਕੰਮ ਵਿੱਚ ਹੱਥ ਵਟਾਉਂਦੇ ਹਨ। ਖਾਸ ਕਰਕੇ ਉਹ ਬੱਚਿਆਂ ਦਾ ਖਿਆਲ ਰੱਖਦੇ ਹਨ, ਤਾਂ ਜੋ ਮੀਨੂ ਆਪਣੇ ਕੰਮ ਉੱਤੇ ਪੂਰੀ ਤਰ੍ਹਾਂ ਫੋਕਸ ਕਰ ਸਕੇ।
ਸੋਸ਼ਲ ਮੀਡੀਆ ਉੱਤੇ ਵਧਾਇਆ ਕੰਮ: ਇੱਕ ਪ੍ਰੋਫੈਸਰ ਦੀ ਨੌਕਰੀ ਛੱਡਣ ਦੇ ਬਾਵਜੂਦ ਮੀਨੂ ਨੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦਾ ਸਟਾਰਟ ਅਪ ਇੰਨਾ ਅੱਗੇ ਵੱਧ ਜਾਵੇਗਾ। ਮੀਨੂ ਉਨ੍ਹਾਂ ਮਹਿਲਾਵਾਂ ਲਈ ਵੱਡੀ ਉਦਾਹਰਨ ਹੈ ਜੋ ਕਿ ਆਪਣੇ ਘਰ ਤੋਂ ਕੰਮ ਸ਼ੁਰੂ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਆਰਡਰ ਵਟਸਐਪ ਰਾਹੀਂ ਲੈਂਦੇ ਹਨ ਅਤੇ ਕਈ ਮਹਿਲਾਵਾਂ ਅੱਗੇ ਆਪਣਾ ਕਮਿਸ਼ਨ ਜੋੜ ਕੇ ਰੀ ਸੇਲ ਕਰਦੀਆਂ ਹਨ। ਜਿਸ ਨਾਲ ਉਹ ਵੀ ਕਮਾ ਸਕਦੀਆਂ ਹਨ। ਇੰਝ ਉਹ ਮੀਨੂ ਨੂੰ ਆਰਡਰ ਦਿੰਦੀਆਂ ਹਨ ਅਤੇ ਉਹ ਆਰਡਰ ਸਿੱਧਾ ਗਾਹਕ ਦੇ ਪਤੇ ਉੱਤੇ ਭੇਜ ਦਿੱਤਾ ਜਾਂਦਾ ਹੈ।