ਲੁਧਿਆਣਾ: ਪੰਜਾਬ ਅੰਦਰ ਮੌਸਮ ਦੇ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ, ਜਿੱਥੇ ਕੜਾਕੇ ਦੀ ਠੰਢ ਪੈ ਰਹੀ ਹੈ ਉੱਥੇ ਹੀ ਸਵੇਰੇ ਸ਼ਾਮ ਧੁੰਦ ਦੇ ਕਰਕੇ ਵੀ ਲੋਕ ਪਰੇਸ਼ਾਨ ਹੋ ਰਹੇ ਹਨ। ਖਾਸ ਕਰਕੇ ਆਵਾਜਾਈ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ। ਆਉਂਦੇ ਦਿਨਾਂ ਦੇ ਵਿੱਚ ਵੀ ਸੰਘਣੀ ਧੁੰਦ ਪੈਣ ਦੇ ਅਸਾਰ ਹਨ।
ਪੰਜਾਬ ਵਿੱਚ ਹੋ ਸਕਦੀ ਹੈ ਹਲਕਾ ਮੀਂਹ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਹੈ ਕਿ ਦੋ ਦਿਨ ਦੇ ਲਈ ਮੌਸਮ ਵਿਭਾਗ ਵੱਲੋਂ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਸੰਘਣੀ ਧੁੰਦ ਪੈਣ ਦੇ ਆਸਾਰ ਹਨ, ਉਸ ਤੋਂ ਬਾਅਦ 9 ਜਨਵਰੀ ਨੂੰ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ 10 ਜਨਵਰੀ ਤੋਂ ਲੈ ਕੇ 12 ਜਨਵਰੀ ਤੱਕ ਦੋ ਤਿੰਨ ਦਿਨ ਹਲਕੀ ਬੂੰਦਾਂ ਬਾਂਦੀ ਪੰਜਾਬ ਦੇ ਵਿੱਚ ਹੋ ਸਕਦੀ ਹੈ।
ਠੰਢ ਤੋਂ ਬਚਣ ਦੀ ਲੋੜ, ਫਸਲਾਂ ਲਈ ਮੌਸਮ ਵਧੀਆ
ਮੌਸਮ ਵਿਭਾਗ ਦੀ ਮੁਖੀ ਨੇ ਕਿਹਾ ਕਿ ਲੋਕ ਆਪਣੇ ਘਰੋਂ ਨਿਕਲਣ ਵੇਲੇ ਇਹ ਧਿਆਨ ਰੱਖਣ ਕਿ ਬਾਹਰ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਵਾਜਾਈ ਵੇਲੇ ਵੀ ਇਸ ਗੱਲ ਦਾ ਧਿਆਨ ਰੱਖਣ, ਇਸ ਤੋਂ ਇਲਾਵਾ ਠੰਢ ਦੇ ਵਿੱਚ ਵੀ ਬਚ ਕੇ ਰਹਿਣ ਲਈ ਆਪਣੇ ਸਰੀਰ ਨੂੰ ਪੂਰੀ ਤਰ੍ਹਾ ਢੱਕ ਕੇ ਰੱਖਣ ਦੀ ਲੋੜ ਹੈ। ਇਸ ਤੋਂ ਇਲਾਵਾ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਹਾੜੀ ਦੀਆਂ ਫਸਲਾਂ ਲਈ ਠੰਢ ਲਾਹੇਵੰਦ ਹੁੰਦੀ ਹੈ। ਭਾਵੇਂ ਉਹ ਹਰੀਆਂ ਸਬਜ਼ੀਆਂ ਹੋਣ ਜਾਂ ਫਿਰ ਇਸ ਸਮੇਂ ਖੇਤਾਂ ਵਿੱਚ ਵੱਧ ਰਹੀ ਕਣਕ ਦੀ ਫਸਲ,ਇਹ ਠੰਢਾ ਮੌਸਮ ਪੂਰੀ ਤਰ੍ਹਾਂ ਫਸਲਾਂ ਲਈ ਲਾਹੇਵੰਦ ਹੈ।