ਲੁਧਿਆਣਾ: ਪੰਜਾਬ ਵਿੱਚ ਅੱਜ ਤੋਂ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪਰ, ਇਸ ਤੋਂ ਪਹਿਲਾਂ ਜੇਕਰ ਗੱਲ ਮੰਡੀਆਂ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਪੁਖਤਾ ਪ੍ਰਬੰਧ ਜ਼ਿਆਦਾ ਵਿਖਾਈ ਨਹੀਂ ਦੇ ਰਹੇ ਹਨ। ਜੇਕਰ ਗੱਲ ਲੁਧਿਆਣਾ ਦੀ ਜਲੰਧਰ ਬਾਈਪਾਸ ਸਥਿਤ ਦਾਣਾ ਮੰਡੀ ਦੀ ਕੀਤੀ ਜਾਵੇ, ਤਾਂ ਮੰਡੀ ਵਿੱਚ ਕੁਝ ਸਾਫ ਸਫਾਈ ਤਾਂ ਜਰੂਰ ਕਰਵਾਈ ਗਈ ਹੈ, ਪਰ ਪੀਣ ਵਾਲੇ ਪਾਣੀ ਦੇ ਪ੍ਰਬੰਧ ਕੁਝ ਖਾਸ ਨਹੀਂ ਹਨ, ਇੱਥੋਂ ਤੱਕ ਕਿ ਫਿਲਹਾਲ ਕੋਈ ਕਿਸਾਨ ਕਣਕ ਲੈ ਕੇ ਵੀ ਨਹੀਂ ਪਹੁੰਚਿਆ ਹੈ।
ਨਾ ਪਾਣੀ ਦਾ ਪ੍ਰਬੰਧ, ਨਾ ਸਫਾਈ, ਚੂਹਿਆਂ ਨੇ ਖੱਡੇ ਬਣਾਏ: ਲੁਧਿਆਣਾ ਦੀ ਦਾਣਾ ਮੰਡੀ ਪੂਰੀ ਤਰ੍ਹਾਂ ਖਾਲੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕਣਕ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਹਰ ਬਣਦੇ ਦਾਅਵੇ ਵੀ ਕੀਤੇ ਗਏ ਹਨ ਅਤੇ ਕਿਹਾ ਗਿਆ ਸੀ ਕਿ ਪ੍ਰਸ਼ਾਸਨ ਵੱਲੋਂ 108 ਮੰਡੀਆਂ ਵਿੱਚ ਪ੍ਰਬੰਧ ਮੁਕੰਮਲ ਕਰਵਾਉਣ ਲਈ ਉਪਰਾਲੇ ਕੀਤੇ ਗਏ ਹਨ।
ਇਸ ਤੋਂ ਇਲਾਵਾ ਖਰੀਦ ਕੇਂਦਰਾਂ ਵਿੱਚ ਲਿਫਟਿੰਗ ਲਈ ਉਚਿਤ ਪ੍ਰਬੰਧ ਅਤੇ ਨਾਲ ਹੀ ਬਾਰਦਾਨੇ ਦੀ ਲੋੜੀਂਦਾ ਉਪਲਬਧਤਾ ਦੇ ਵੀ ਦਾਅਵੇ ਕੀਤੇ ਗਏ ਸਨ, ਪਰ ਫਿਲਹਾਲ ਮੰਡੀ ਵਿੱਚ ਸਥਾਨਕ ਲੋਕਾਂ ਨੇ ਮੰਡੀ ਦੀ ਪੋਲ੍ਹ ਖੋਲੀ ਹੈ। ਉਨ੍ਹਾਂ ਦੱਸਿਆ ਹੈ ਕਿ ਕੋਈ ਬਹੁਤੀ ਜ਼ਿਆਦਾ ਪ੍ਰਬੰਧ ਨਹੀਂ ਹਨ, ਹਾਲਾਂਕਿ ਇਸ ਦੌਰਾਨ ਲੋਕਾਂ ਨੇ ਕਿਹਾ ਕਿ ਪ੍ਰਬੰਧ ਤਾਂ ਕੀਤੇ ਗਏ ਸਨ, ਪਰ ਬੀਤੇ ਦਿਨੀ ਤੇਜ਼ ਹਨੇਰੀ ਚੱਲਣ ਕਰਕੇ ਕੂੜਾ ਘੱਟਾ ਫਿਰ ਮੰਡੀ ਦੇ ਵਿੱਚ ਆ ਗਿਆ ਹੈ। ਇੱਥੋ ਤੱਕ ਕਿ ਚੂਹਿਆਂ ਦੇ ਖੱਡੇ ਵੀ ਹਨ ਜਿਸ ਨੂੰ ਭਰਿਆ ਨਹੀਂ ਗਿਆ। ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਹਨ।
ਮੰਡੀ ਵਿੱਚ ਪ੍ਰਬੰਧ ਨਾ-ਮਾਤਰ : ਉਥੇ ਹੀ, ਮੰਡੀ ਵਿੱਚ ਆਏ ਲੋਕਾਂ ਨੇ ਇਹ ਵੀ ਦੱਸਿਆ ਕਿ ਮੰਡੀ ਵਿੱਚ ਆਉਣ ਲਈ ਪੈਸੇ ਲਏ ਜਾਂਦੇ ਹਨ। ਇੱਥੋ ਤੱਕ ਕਿ 10 ਰੁਪਏ ਪ੍ਰਤੀ ਗੱਡੀ ਚਾਰਜ ਕੀਤਾ ਜਾਂਦਾ ਹੈ, ਪਰ ਪ੍ਰਬੰਧ ਨਾ ਮਾਤਰ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਬੰਧ ਨਾ ਮਾਤਰ ਹਨ ਅਤੇ ਮੰਡੀ ਵਿੱਚ ਇਧਰ ਉਧਰ ਕੂੜਾ ਕਰਕਟ ਵੀ ਖਿਲਰਿਆ ਹੋਇਆ ਹੈ ਇਥੋਂ ਤੱਕ ਕਿ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਮੰਡੀ ਵਿੱਚ ਮਿਲੀਆਂ ਹਨ।
ਕੀ ਬੋਲੇ ਖੇਤੀਬਾੜੀ ਅਫਸਰ: ਉੱਥੇ ਹੀ ਇਸ ਸਬੰਧੀ ਅਸੀਂ ਖੇਤੀਬਾੜੀ ਅਫਸਰ ਲੁਧਿਆਣਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਬਦਲੀ ਦੋ ਦਿਨ ਪਹਿਲਾਂ ਹੀ ਚੰਡੀਗੜ੍ਹ ਮੁੱਖ ਆਫਿਸ ਤੋਂ ਲੁਧਿਆਣਾ ਹੋਈ ਹੈ। ਉਨ੍ਹਾਂ ਨੂੰ ਇਸ ਬਾਰੇ ਕੋਈ ਜਿਆਦਾ ਜਾਣਕਾਰੀ ਨਹੀਂ, ਪਰ ਫਿਲਹਾਲ ਉਨ੍ਹਾਂ ਦੀ ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਹੈ, ਉਸ ਤੋਂ ਬਾਅਦ ਹੀ ਉਹ ਕੁਝ ਕੈਮਰੇ ਅੱਗੇ ਦੱਸਣਗੇ।