ਲੁਧਿਆਣਾ: ਕਹਿੰਦੇ ਨੇ ਕਿ ਕੁੜੀਆਂ ਕਿਸੇ ਹਾਲ 'ਚ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ। ਅਜਹਾ ਕਰ ਦਿਖਾਇਆ ਲੁਧਿਆਣਾ ਡੀਏਵੀ ਪਬਲਿਕ ਸਕੂਲ, ਬੀਆਰਐਸ ਨਗਰ ਸ਼ਾਖਾ ਦੀ ਵਿਦਿਆਰਥਣ ਹਰਸ਼ਿਕਾ ਧੰਮੀ ਨੇ, ਜਿਸ ਨੂੰ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ (ਐਸਜੀਐਫਆਈ) ਵੱਲੋਂ ਅਹਿਮਦਾਬਾਦ ਵਿੱਚ ਕਰਵਾਏ ਜਾਣ ਵਾਲੇ ਨੈਸ਼ਨਲ ਸਕੂਲਜ਼ ਕ੍ਰਿਕਟ ਟੂਰਨਾਮੈਂਟ ਵਿੱਚ ਪੰਜਾਬ ਦੀ ਅੰਡਰ-19 ਟੀਮ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ। ਉਹ ਅਜਿਹਾ ਕਰਨ ਵਾਲੀ ਲੁਧਿਆਣਾ ਦੀ ਪਹਿਲੀ ਲੜਕੀ ਕ੍ਰਿਕਟ ਖਿਡਾਰਣ ਹੈ। ਪੰਜਾਬ ਸਿੱਖਿਆ ਵਿਭਾਗ ਵੱਲੋਂ ਫਰੀਦਕੋਟ ਵਿਖੇ 31 ਦਸੰਬਰ ਤੋਂ 7 ਜਨਵਰੀ ਤੱਕ ਲਗਾਏ ਗਏ ਸਿਖਲਾਈ ਕੈਂਪ ਤੋਂ ਬਾਅਦ ਹਰਸ਼ਿਕਾ ਦੀ ਚੋਣ ਹੋਈ ਸੀ, ਜਿਸ ਵਿੱਚ ਹਾਲ ਹੀ ਵਿੱਚ ਚੱਪੜਚਿੜੀ ਵਿਖੇ ਹੋਏ ਅੰਤਰ-ਜ਼ਿਲ੍ਹਾ ਮੁਕਾਬਲਿਆਂ ਦੌਰਾਨ ਸੂਬੇ ਭਰ ਦੇ 29 ਖਿਡਾਰੀਆਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਮੁਹਾਲੀ ਬੁਲਾਇਆ ਗਿਆ ਸੀ।
ਲੁਧਿਆਣਾ ਟੀਮ ਦੀ ਕਪਤਾਨ ਹਰਸ਼ਿਕਾ ਦਾ ਪ੍ਰਦਰਸ਼ਨ: ਨਾਕ ਆਊਟ ਟੂਰਨਾਮੈਂਟ ਵਿਚ ਹਰਸ਼ਿਕਾ ਨੇ ਲੁਧਿਆਣਾ ਟੀਮ ਦੀ ਕਪਤਾਨੀ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਆਪਣੀ ਟੀਮ ਨੂੰ ਪਹਿਲੀ ਉਪ ਜੇਤੂ ਟੀਮ ਬਣਾਉਣ 'ਚ ਅਹਿਮ ਭੂਮਿਕਾ ਅਦਾ ਕੀਤੀ ਸੀ। ਹਰਸ਼ਿਕਾ ਨੇ ਚਾਰ ਮੈਚਾਂ ਵਿੱਚ 118.74 ਦੀ ਸਟ੍ਰਾਈਕ ਰੇਟ ਨਾਲ 118 ਦੀ ਔਸਤ ਨਾਲ ਦੌੜਾਂ ਬਣਾਈਆਂ, ਉਹ ਸਿਰਫ ਇੱਕ ਵਾਰ ਆਊਟ ਹੋਈ। ਹਰਸ਼ਿਕਾ ਚੰਗੀ ਗੇਂਦਬਾਜ਼ੀ ਵੀ ਕਰਦੀ ਹੈ। ਉਸ ਨੇ ਨਾਕ ਆਊਟ ਲਈ ਮੈਚਾਂ 'ਚ ਅੱਠ ਵਿਕਟਾਂ ਲਈਆਂ। ਉਸ ਨੂੰ ਟੂਰਨਾਮੈਂਟ ਦੀ ਸਰਵੋਤਮ ਆਲਰਾਊਂਡਰ ਚੁਣਿਆ ਗਿਆ ਸੀ। ਸਕੂਲ ਪ੍ਰਬੰਧਕਾਂ ਨੇ ਸੰਸਥਾ ਦਾ ਨਾਂ ਰੋਸ਼ਨ ਕਰਨ ਲਈ ਹਰਸ਼ਿਕਾ ਅਤੇ ਅਮਨਦੀਪ ਸਿੰਘ ਦੀ ਸ਼ਲਾਘਾ ਕੀਤੀ ਅਤੇ ਅਗਾਮੀ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਸਫਲਤਾ ਦੀ ਕਾਮਨਾ ਕੀਤੀ।
ਅਥਲੈਟਿਕਸ ਤੋਂ ਸ਼ੁਰੂ ਕੀਤਾ ਸੀ ਸਫ਼ਰ: ਹਰਸ਼ਿਕਾ ਦੇ ਕੋਚ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਤੀਜੀ ਜਮਾਤ ਤੋਂ ਹੀ ਇਕ ਚੰਗੀ ਐਥਲਿਟ ਸੀ। ਉਸ ਨੇ ਕਈ ਵਾਰ 200 ਮੀਟਰ, 400 ਮੀਟਰ ਅਤੇ 100 ਮੀਟਰ 'ਚ ਮੈਡਲ ਆਪਣੇ ਨਾਂ ਕੀਤੇ ਸਨ। ਉਨ੍ਹਾਂ ਦੱਸਿਆ ਕਿ 6ਵੀਂ ਜਮਾਤ 'ਚ ਉਸ ਨੂੰ ਕ੍ਰਿਕਟ ਵੱਲ ਲਾਇਆ, ਉਸ ਤੋਂ ਬਾਅਦ ਉਸ ਨੇ ਕ੍ਰਿਕਟ 'ਚ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੇ ਨਾਲ ਵੀ ਜੌਹਰ ਵਿਖਾਏ। ਉਨ੍ਹਾਂ ਕਿਹਾ ਕਿ ਸਾਡੇ ਸਕੂਲ ਦਾ ਵਿਦਿਆਰਥੀ ਅਰਾਧਿਆ ਸ਼ੁਕਲਾ ਪਹਿਲਾ ਹੀ ਭਾਰਤ ਦੀ ਅੰਡਰ 19 ਟੀਮ ਦੇ ਵਿੱਚ ਚੁਣਿਆ ਜਾ ਚੁੱਕਿਆ ਹੈ। ਉਹ ਵੀ ਤੇਜ਼ ਗੇਦਬਾਜ ਹੈ ਅਤੇ ਉਹ ਅੰਡਰ 19 ਦੇ ਹੋਣ ਜਾ ਰਹੇ ਵਿਸ਼ਵ ਕੱਪ ਦੇ ਵਿੱਚ ਭਾਰਤੀ ਟੀਮ ਦਾ ਹਿੱਸਾ ਹੋਵੇਗਾ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਖਿਡਾਰੀਆਂ ਨੂੰ ਚੰਗੀ ਤੋਂ ਚੰਗੀ ਸਿਖਲਾਈ ਦਿੱਤੀ ਜਾ ਸਕੇ ਤਾਂ ਜੋ ਉਹ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਚੰਗਾ ਪ੍ਰਦਰਸ਼ਨ ਕਰ ਸਕਣ, ਸਾਡੇ ਸਕੂਲ ਦਾ ਨਾਂ ਰੋਸ਼ਨ ਕਰ ਸਕਣ ਤੇ ਸਾਡੇ ਪੰਜਾਬ ਦਾ ਸਾਡੇ ਲੁਧਿਆਣੇ ਦਾ ਨਾ ਰੋਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਮੈਂ ਆਪਣਾ ਸੁਪਨਾ ਇਨ੍ਹਾਂ ਖਿਡਾਰੀਆਂ ਦੇ ਵਿੱਚ ਪੂਰਾ ਕਰਦਾ ਹਾਂ ਤਾਂ ਜੋ ਇਹ ਚੰਗੇ ਖਿਡਾਰੀ ਬਣ ਸਕਣ।
ਹਰਸ਼ਿਕਾ ਨੇ ਛੋਟੇ ਹੁੰਦੇ ਤੋਂ ਹੀ ਖੇਡਾਂ 'ਚ ਆਪਣੀ ਰੂਚੀ ਦਿਖਾਈ ਹੈ। ਜਿਸ ਦੀ ਇਸ ਦੀ ਸ਼ੁਰੂਆਤ ਬਤੌਰ ਐਥਲੀਟ ਹੋਈ ਸੀ ਤੇ ਅੱਗੇ ਇਸ ਵਲੋਂ ਕ੍ਰਿਕਟ ਨੂੰ ਵੀ ਨਾਲ ਚੁਣਿਆ ਗਿਆ ਹੈ। ਹਰਸ਼ਿਕਾ ਜਿਥੇ ਅਥਲੈਟਿਕ ਮੁਕਾਬਲਿਆਂ 'ਚ ਆਪਣਾ ਸਰਬੋਤਮ ਪ੍ਰਦਰਸ਼ਨ ਕਰਦੀ ਆਈ ਹੈ ਤਾਂ ਉਥੇ ਹੀ ਇਸ ਵਲੋਂ ਕ੍ਰਿਕਟ ਅੰਡਰ 19 'ਚ ਵੀ ਧੂੰਮਾਂ ਪਾਈਆਂ ਜਾ ਰਹੀਆਂ ਹਨ ਤੇ ਹੁਣ ਅਹਿਮਦਾਬਾਦ ਵਿੱਚ ਕਰਵਾਏ ਜਾਣ ਵਾਲੇ ਨੈਸ਼ਨਲ ਸਕੂਲਜ਼ ਕ੍ਰਿਕਟ ਟੂਰਨਾਮੈਂਟ ਵਿੱਚ ਪੰਜਾਬ ਦੀ ਅੰਡਰ-19 ਟੀਮ ਦੀ ਨੁਮਾਇੰਦਗੀ ਕਰੇਗੀ।- ਅਮਨਦੀਪ ਸਿੰਘ, ਕ੍ਰਿਕਟ ਕੋਚ
ਕਈ ਘੰਟੇ ਮੈਦਾਨ 'ਚ ਕਰਦੀ ਅਭਿਆਸ: ਹਰਸ਼ਿਕਾ ਨੇ ਦੱਸਿਆ ਕਿ ਉਹ ਸਵੇਰੇ ਸ਼ਾਮ ਕ੍ਰਿਕਟ ਦਾ ਅਭਿਆਸ ਕਰਦੀ ਹੈ। ਸਕੂਲ ਆਉਣ ਤੋਂ ਬਾਅਦ ਖੇਡ ਦੇ ਮੈਦਾਨ ਦੇ ਵਿੱਚ ਜੁੱਟ ਜਾਂਦੀ ਹੈ ਅਤੇ ਸ਼ਾਮ ਤੱਕ ਪ੍ਰੈਕਟਿਸ ਕਰਦੀ ਹੈ। ਉਹਨਾਂ ਦੱਸਿਆ ਕਿ ਉਹ ਘਰ ਦੀ ਖੁਰਾਕ ਖਾਂਦੀ ਹੈ ਅਤੇ ਆਂਡੇ, ਦੁੱਧ, ਘਿਓ ਆਦਿ ਉਸ ਦੀ ਖੁਰਾਕ ਦਾ ਹਿੱਸਾ ਹੈ, ਜੋ ਉਸ ਨੂੰ ਅੰਦਰੋਂ ਮਜਬੂਤ ਬਣਾਉਂਦੇ ਹਨ। ਉਹਨਾਂ ਕਿਹਾ ਕਿ ਉਹ ਬਾਰਵੀਂ ਜਮਾਤ ਦੀ ਵਿਦਿਆਰਥਣ ਵੀ ਹੈ ਤੇ ਉਸ ਦੇ ਪਰਿਵਾਰ ਵੱਲੋਂ ਵੀ ਉਸ ਨੂੰ ਪੂਰਾ ਸਹਿਯੋਗ ਰਹਿੰਦਾ ਹੈ। ਹੁਣ ਤੱਕ ਉਹ ਕਈ ਜ਼ਿਲ੍ਹਾ ਪੱਧਰੀ ਅਤੇ ਸੂਬਾ ਪੱਧਰੀ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਕੇ ਮੈਡਲ ਆਪਣੇ ਨਾਂ ਕਰ ਚੁੱਕੀ ਹੈ।
ਪਰਿਵਾਰ ਦਾ ਮਿਲ ਰਿਹਾ ਪੂਰਾ ਸਹਿਯੋਗ: ਖਿਡਾਰਣ ਹਰਸ਼ਿਕਾ ਨੇ ਕਿਹਾ ਕਿ ਉਸ ਦੇ ਪਰਿਵਾਰ ਦਾ ਉਸ ਨੂੰ ਪੂਰਾ ਸਮਰਥਨ ਹੈ ਅਤੇ ਉਹ ਉਸ 'ਤੇ ਮਾਣ ਮਹਿਸੂਸ ਕਰਦੇ ਹਨ ਕਿ ਉਹ ਪੰਜਾਬ ਦਾ ਨਾਂ ਰੋਸ਼ਨ ਕਰ ਰਹੀ ਹੈ। ਹਰਸ਼ਿਕਾ ਨੇ ਕਿਹਾ ਕਿ ਜਿੰਨੀਆਂ ਵੀ ਤੇਜ਼ ਗੇਦਬਾਜ਼ ਖਿਡਾਰਣਾਂ ਹਨ, ਉਹ ਸਭ ਉਸ ਦੀਆਂ ਚਾਨਣ ਮੁਨਾਰਾ ਹਨ। ਉਹ ਉਹਨਾਂ ਨੂੰ ਦੇਖ ਕੇ ਹੀ ਪ੍ਰੈਕਟਿਸ ਕਰਦੀ ਹੈ। ਉਹਨਾਂ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਉਹ ਜਲਦ ਹੀ ਅੰਡਰ 19 ਭਾਰਤੀ ਟੀਮ ਦਾ ਹਿੱਸਾ ਹੋਵੇਗੀ ਤੇ ਫਿਰ ਉਸ ਤੋਂ ਬਾਅਦ ਉਹ ਸੀਨੀਅਰ ਭਾਰਤੀ ਟੀਮ ਦੇ ਵਿੱਚ ਵੀ ਭਾਰਤ ਲਈ ਕੌਮਾਂਤਰੀ ਮੁਕਾਬਲਿਆਂ ਦੇ ਵਿੱਚ ਹਿੱਸਾ ਲਵੇਗੀ।