ਲੁਧਿਆਣਾ: ਸ਼ਹਿਰ ਦੇ ਥਾਣਾ ਡਿਵੀਜ਼ਨ ਨੰਬਰ ਤਿੰਨ ਅਧੀਨ ਪੈਂਦੇ ਰਣਜੀਤ ਪਾਰਕ ਦੇ ਰਹਿਣ ਵਾਲੇ ਇੱਕ ਕੱਪੜਾ ਵਪਾਰੀ 'ਤੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੂਸਰੀ ਧਿਰ ਵੱਲੋਂ ਆਪਣੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ ਗਿਆ। ਜਿੱਥੇ ਇਸ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਤਾਂ ਉਥੇ ਹੀ ਮੁਲਜ਼ਮ ਘਰ ਦੇ ਵਿੱਚ ਤੋੜ-ਫੋੜ ਕਰਕੇ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰਿਕ ਮੈਂਬਰਾਂ ਨੇ ਉਕਤ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਹਾਲਾਂਕਿ ਪੁਲਿਸ ਨੇ ਵੀ ਇਸ ਸਬੰਧੀ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ।
ਪੈਸਿਆਂ ਨੂੰ ਲੈਕੇ ਘਰ ਦੀ ਭੰਨਤੜ: ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਮੁਹੰਮਦ ਇਖਲਾਕ ਨਾਮਕ ਕੱਪੜਾ ਵਪਾਰੀ ਨੇ ਕਿਹਾ ਕਿ ਉਸ ਨੇ ਕੱਪੜੇ ਦੇ ਪੈਸੇ ਇੱਕ ਦੁਕਾਨਦਾਰ ਪਾਸੋਂ ਲੈਣੇ ਸੀ ਅਤੇ ਜਦੋਂ ਵਾਰ-ਵਾਰ ਉਸ ਪਾਸੋਂ ਪੈਸੇ ਮੰਗੇ ਤਾਂ ਨਾ ਹੀ ਉਸ ਵਲੋਂ ਪੈਸੇ ਦਿੱਤੇ ਗਏ ਤੇ ਉਲਟਾ ਗੁੱਸੇ ਵਿੱਚ ਆਏ ਉਸ ਵਿਅਕਤੀ ਨੇ ਆਪਣੇ ਸਾਥੀਆਂ ਸਮੇਤ ਉਹਨਾਂ ਦੇ ਘਰ ਆ ਕੇ ਉਹਨਾਂ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਦੇ ਨਾਲ ਜਿੱਥੇ ਉਹਨਾਂ ਦੀ ਪਤਨੀ ਅਤੇ ਬੇਟੀ ਜ਼ਖ਼ਮੀ ਹੋਏ ਹਨ ਤਾਂ ਉਹਨਾਂ ਆਪਣੇ ਘਰ ਦੇ ਨੁਕਸਾਨ ਦੀ ਵੀ ਗੱਲ ਕਹੀ ਹੈ। ਇਸ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਗੁੰਡਾਗਰਦੀ ਦਾ ਨੰਗਾ ਨਾਚ: ਇਸ ਸਬੰਧੀ ਇਲਾਕੇ ਦੇ ਲੋਕਾਂ ਨੇ ਵੀ ਕਿਹਾ ਕਿ ਇੱਥੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ। ਇੱਕ ਕੱਪੜਾ ਵਪਾਰੀ 'ਤੇ ਦਿਨ ਦਿਹਾੜੇ ਗੁੰਡਾ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਉਸ ਦਾ ਪਰਿਵਾਰ ਜ਼ਖਮੀ ਹੋਇਆ ਹੈ। ਇਸ ਦੌਰਾਨ ਇਲਾਕੇ ਦੇ ਲੋਕਾਂ ਨੇ ਪੁਲਿਸ ਪਾਸੋਂ ਉਕਤ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਜਾਂਚ 'ਚ ਜੁਟੀ ਪੁਲਿਸ: ਉਥੇ ਹੀ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਗੱਲਬਾਤ ਦੌਰਾਨ ਕਿਹਾ ਕਿ ਇਸ ਮਾਮਲੇ ਸਬੰਧੀ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਕੱਪੜਾ ਵਪਾਰੀ ਦੇ ਘਰ ਦੇ ਅੰਦਰ ਵੜ ਕੇ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਤੇ ਭੰਨਤੋੜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਬਾਬਤ ਮਾਮਲਾ ਦਰਜ ਕਰਕੇ ਜੋ ਬਣਦੀ ਕਾਰਵਾਈ ਹੈ, ਉਹ ਕੀਤੀ ਜਾਵੇਗੀ।