ਲੁਧਿਆਣਾ: ਸ਼ਿਮਲਾਪੁਰੀ ਥਾਣੇ ਦੇ ਅਧੀਨ ਬੀਤੀ ਰਾਤ ਇੱਕ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਨਿੱਜੀ ਚੈਨਲ ਟੀਵੀ ਦੇ ਖਿਲਾਫ ਆਈਪੀਸੀ ਦੀ ਧਾਰਾ 153 ਏ, 459, 505 ਅਤੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਦੀ 66 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਸ਼ਿਕਾਇਤ ਕਿਸੇ ਹੋਰ ਦੇ ਨਹੀਂ ਸਗੋਂ ਵਿਕਾਸ ਪਰਾਸ਼ਰ ਵੱਲੋਂ ਕੀਤੀ ਗਈ ਹੈ ਜਿਸ ਦੇ ਪਿਤਾ ਅਸ਼ੋਕ ਪੱਪੀ ਹਨ।
ਅਸ਼ੋਕ ਪੱਪੀ ਦੇ ਪੁੱਤਰ ਵਲੋਂ ਸ਼ਿਕਾਇਤ ਕੀਤੀ ਗਈ : ਅਸ਼ੋਕ ਪੱਪੀ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਲੋਕ ਸਭਾ ਸੀਟ ਤੋਂ ਉਮੀਦਵਾਰ ਹਨ। ਸ਼ਿਕਾਇਤ ਵਿੱਚ ਇਲਜ਼ਾਮ ਹਨ ਕਿ ਨਿੱਜੀ ਟੀਵੀ ਵੱਲੋਂ ਕੁਝ ਅਜਿਹਾ ਕੰਟੈਂਟ ਵਿਖਾਇਆ ਗਿਆ ਹੈ, ਜੋ ਕਿ ਨਿਯਮਾਂ ਦੇ ਖਿਲਾਫ ਹੈ। ਇਹ ਮਾਮਲਾ ਲੁਧਿਆਣਾ ਦੇ ਖਾਣਾ ਸ਼ਿਮਲਾਪੁਰੀ ਵਿੱਚ ਦਰਜ ਕੀਤਾ ਗਿਆ ਹੈ। ਇਸ ਵਿੱਚ ਸ਼ਿਕਾਇਤ ਕਰਤਾ ਵਿਕਾਸ ਨੂੰ ਬਣਾਇਆ ਗਿਆ ਹੈ।
ਕੀ ਹਨ ਇਲਜ਼ਾਮ: ਐਫਆਈਆਰ ਦੇ ਵਿੱਚ ਡਿਟੇਲ ਵਿੱਚ ਲਿਖਿਆ ਗਿਆ ਹੈ ਕਿ ਇੱਕ ਨਿੱਜੀ ਟੀਵੀ ਚੈਨਲ ਉੱਤੇ ਝੂਠੀ ਵੀਡੀਓ ਪਾ ਕੇ ਸਮਾਜਿਕ ਆਪਸੀ ਸ਼ਾਂਤੀ ਭੰਗ ਕਰਨ ਦੇ ਇਲਜ਼ਾਮ ਲੱਗੇ ਹਨ। ਚੈਨਲ ਵੱਲੋਂ ਜੋ ਵੀ ਕੰਟੈਂਟ ਬਰੋਡਕਾਸਟ ਕੀਤਾ ਗਿਆ ਹੈ ਉਸ ਦੇ ਨਾਲ ਦੇਸ਼ ਵਿੱਚ ਦੋ ਭਾਈਚਾਰਿਆਂ ਦੇ ਵਿਚਕਾਰ ਵਿਵਾਦ ਵੱਧ ਸਕਦਾ ਹੈ। ਸਾਫ ਲਿਖਿਆ ਗਿਆ ਹੈ ਕਿ ਦੋ ਧੜਿਆਂ ਦੇ ਵਿਚਕਾਰ ਨੁਕਸਾਨ ਇਹ ਵੀਡੀਓ ਪਹੁੰਚਾ ਸਕਦੀ ਹੈ।
ਇਸ ਤੋਂ ਇਲਾਵਾ, ਇਲਜ਼ਾਮ ਹਨ ਕਿ ਵੀਡੀਓ ਵਿੱਚ ਵਿਖਾਇਆ ਗਿਆ ਹੈ ਕਿ ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅੱਖਾਂ ਦਾ ਇਲਾਜ ਕਰਵਾਉਣ ਲਈ ਇੰਗਲੈਂਡ ਗਏ ਹਨ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਉਹ ਚਿੱਟੇ ਦੇ ਨਸ਼ੇ ਵੱਲ ਧਕੇਲ ਰਹੇ ਹਨ। ਨਾਲ ਹੀ ਆਮ ਆਦਮੀ ਪਾਰਟੀ ਦੇ ਆਗੂਆਂ ਉੱਤੇ ਪੈਸੇ ਲੈ ਕੇ ਟਿਕਟ ਵੇਚਣ ਦੇ ਇਲਜ਼ਾਮ ਦੀ ਇਸ ਵੀਡੀਓ ਵਿੱਚ ਲਗਾਏ ਗਏ ਹਨ। ਵੀਡੀਓ ਸਬੰਧੀ ਕੀਤੀ ਗਈ ਸ਼ਿਕਾਇਤ ਦੇ ਬਕਾਇਦਾ ਯੂਆਰਐਲ ਨੰਬਰ ਵੀ ਐਫਆਈਆਰ ਦੀ ਕਾਪੀ ਦੇ ਵਿੱਚ ਲਿਖੇ ਗਏ ਹਨ।