ਲੁਧਿਆਣਾ: ਲੋਕ ਸਭਾ ਚੋਣਾਂ ਦਾ ਜਲਦ ਹੀ ਆਗਾਜ਼ ਹੋਣ ਜਾ ਰਿਹਾ ਹੈ ਅਤੇ ਚੋਣ ਕਮਿਸ਼ਨ ਹੁਣ ਕਿਸੇ ਵੀ ਸਮੇਂ ਚੋਣਾਂ ਨੂੰ ਲੈ ਕੇ ਚੋਣ ਜਾਬਤਾ ਲਾਗੂ ਕਰ ਸਕਦਾ ਹੈ। ਜਿਸ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਵੱਲੋਂ ਤਿਆਰੀਆਂ ਖਿੱਚ ਲਈਆਂ ਗਈਆਂ ਹਨ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਸਭ ਤੋਂ ਵੱਡੇ ਲੋਕ ਸਭਾ ਹਲਕਿਆਂ ਦੇ ਵਿੱਚ ਲੁਧਿਆਣਾ ਦਾ ਲੋਕ ਸਭਾ ਹਲਕਾ ਹੈ, ਜਿਸ ਵਿੱਚ 14 ਵਿਧਾਨ ਸਭਾ ਹਲਕੇ ਆਉਂਦੇ ਹਨ। ਇਸ ਤੋਂ ਇਲਾਵਾ ਲੁਧਿਆਣਾ ਦੇ ਕੁੱਲ ਵੋਟਰਾਂ ਦੀ ਗਿਣਤੀ 26.57 ਲੱਖ ਹੈ, ਜਿਨਾਂ ਵਿੱਚੋਂ 14 ਲੱਖ 18 ਹਜ਼ਾਰ ਮਰਦ ਵੋਟਰ ਅਤੇ 12 ਲੱਖ 39 ਹਜ਼ਾਰ ਮਹਿਲਾ ਵੋਟਰ ਹਨ। ਇਸ ਵਾਰ 18 ਤੋਂ 19 ਸਾਲ ਦੇ ਵਿਚਕਾਰ 47 ਹਜ਼ਾਰ ਦੇ ਕਰੀਬ ਨਵੇਂ ਵੋਟਰ ਹਨ। ਇਸ ਤੋਂ ਇਲਾਵਾ 146 ਤੀਜੇ ਜੈਂਡਰ ਦੇ ਵੀ ਵੋਟਰ ਹਨ।
ਪੰਜਾਬ ਦਾ ਸਭ ਤੋਂ ਵੱਡਾ ਲੋਕ ਸਭਾ ਹਲਕਾ: ਲੋਕ ਸਭਾ ਹਲਕਾ ਲੁਧਿਆਣਾ ਆਪਣੇ ਖੇਤਰਫਲ ਆਪਣੇ ਵਸੋ ਦੇ ਮੁਤਾਬਕ ਪੰਜਾਬ ਦੇ ਸਭ ਤੋਂ ਵੱਡੇ ਹਲਕਿਆਂ ਦੇ ਵਿੱਚੋਂ ਇੱਕ ਹੈ। ਪਿਛਲੇ ਕੁਝ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ 28 ਹਜ਼ਾਰ ਤੋਂ ਵੱਧ ਵੋਟਰ ਲੁਧਿਆਣਾ ਦੇ ਵਿੱਚ ਵੱਧ ਗਏ ਹਨ। ਸਿਆਸਤ ਦੇ ਤੌਰ ਉੱਤੇ ਅਤੇ ਇੰਡਸਟਰੀ ਦੇ ਤੌਰ ਉੱਤੇ ਲੁਧਿਆਣਾ ਪੂਰੇ ਪੰਜਾਬ ਦੇ ਵਿੱਚ ਅਹਿਮ ਰੋਲ ਰੱਖਦਾ ਹੈ। ਇਸ ਕਰਕੇ ਇਸ ਹਲਕੇ 'ਤੇ ਸਾਰਿਆਂ ਦੀਆਂ ਨਜ਼ਰ ਆ ਟਿਕੀਆਂ ਹੋਈਆਂ ਹਨ। ਮਾਲਵੇ ਦਾ ਸਭ ਤੋਂ ਵੱਡਾ ਖੇਤਰ ਹੋਣ ਦੇ ਨਾਲ ਨਾਲ ਲੁਧਿਆਣਾ ਇੰਡਸਟਰੀ ਦੇ ਪੱਖ ਤੋਂ ਵੀ ਅਹਿਮ ਹੈ।
ਪਿਛਲੇ ਲੋਕ ਸਭਾ ਨਤੀਜੇ: ਲੁਧਿਆਣਾ ਲੋਕ ਸਭਾ ਹਲਕੇ ਦੇ ਜੇਕਰ ਪਿਛਲੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਦੋ ਵਾਰ ਤੋਂ ਲਗਾਤਾਰ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਬਣਦੇ ਆ ਰਹੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸਾਲ 2009 ਦੇ ਵਿੱਚ ਕਾਂਗਰਸ ਦੇ ਹੀ ਮਨੀਸ਼ ਤਿਵਾਰੀ ਨੇ ਲੁਧਿਆਣਾ ਸੀਟ ਤੋਂ ਜਿੱਤ ਹਾਸਿਲ ਕੀਤੀ ਸੀ, ਜਿਸ ਤੋਂ ਬਾਅਦ ਉਹਨਾਂ ਦੀ ਸੀਟ ਬਦਲ ਕੇ ਰਵਨੀਤ ਬਿੱਟੂ ਨੂੰ 2014 ਦੇ ਵਿੱਚ ਲੁਧਿਆਣਾ ਤੋਂ ਕਾਂਗਰਸ ਨੇ ਉਮੀਦਵਾਰ ਐਲਾਨਿਆ ਸੀ ਅਤੇ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਦੇ ਐਚ.ਐਸ ਫੁਲਕਾ, ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਅਤੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੂੰ ਮਾਤ ਦਿੱਤੀ ਸੀ। ਰਵਨੀਤ ਬਿੱਟੂ ਨੇ 3 ਲੱਖ ਤੋਂ ਵੱਧ ਵੋਟਾਂ ਹਾਸਿਲ ਕੀਤੀਆਂ ਸਨ, ਇਸੇ ਤਰ੍ਹਾਂ ਜੇਕਰ ਗੱਲ ਸਾਲ 2019 ਯਾਨੀ ਪਿਛਲੀ ਵਾਰ ਲੋਕ ਸਭਾ ਚੋਣਾਂ ਦੀ ਕੀਤੀ ਜਾਵੇ ਤਾਂ ਰਵਨੀਤ ਬਿੱਟੂ ਨੇ ਮੁੜ ਤੋਂ ਕਾਂਗਰਸ ਨੂੰ ਇਹ ਸੀਟ ਜਿੱਤ ਕੇ ਦਿੱਤੀ ਸੀ। ਰਵਨੀਤ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਮਹੇਸ਼ ਇੰਦਰ ਗਰੇਵਾਲ, ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਅਤੇ ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਤੇਜਪਾਲ ਸਿੰਘ ਗਿੱਲ ਨੂੰ ਹਰਾਇਆ ਸੀ। ਰਵਨੀਤ ਬਿੱਟੂ ਨੇ 2019 ਲੋਕ ਸਭਾ ਚੋਣਾਂ ਦੇ ਵਿੱਚ 3 ਲੱਖ 83 ਹਜ਼ਾਰ ਵੋਟਾਂ ਹਾਸਿਲ ਕੀਤੀਆਂ ਸਨ।
ਵਿਧਾਨ ਸਭਾ ਨਤੀਜੇ: ਜੇਕਰ ਗੱਲ ਲੁਧਿਆਣਾ ਦੇ ਵਿਧਾਨ ਸਭਾ ਹਲਕਿਆਂ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਕੁੱਲ੍ਹ 14 ਵਿਧਾਨ ਸਭਾ ਹਲਕੇ ਆਉਂਦੇ ਹਨ। ਲੁਧਿਆਣਾ ਸਭ ਤੋਂ ਵੱਡਾ ਜ਼ਿਲ੍ਹਾ ਹੈ, ਜਿਸ ਵਿੱਚ 14 ਵਿਧਾਨ ਸਭਾ ਹਲਕੇ ਆਉਂਦੇ ਹਨ। ਜਗਰਾਉਂ ਤੋਂ ਲੈ ਕੇ ਖੰਨਾ ਤੱਕ ਲੁਧਿਆਣਾ ਫੈਲਿਆ ਹੋਇਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਚੱਲਣ ਕਰਕੇ ਆਮ ਆਦਮੀ ਪਾਰਟੀ ਨੂੰ ਭਰਪੂਰ ਸਮਰਥਨ ਪੂਰੇ ਪੰਜਾਬ ਦੇ ਵਿੱਚ ਮਿਲਿਆ ਸੀ ਅਤੇ ਬਦਲਾਅ ਦੀ ਰਾਜਨੀਤੀ 'ਤੇ ਚੱਲਦਿਆਂ ਪੰਜਾਬ ਦੇ ਲੋਕ ਜ਼ਿਆਦਾਤਰ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਭੁਗਤੇ ਸਨ।
13 'ਤੇ 'ਆਪ' ਤਾਂ 1 ਅਕਾਲੀ ਦਲ ਦੀ ਸੀਟ: ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਦੀਆਂ 14 ਵਿਧਾਨ ਸਭਾ ਸੀਟਾਂ ਦੇ ਵਿੱਚੋਂ 13 'ਤੇ ਕਬਜ਼ਾ ਕੀਤਾ ਗਿਆ ਸੀ ਅਤੇ ਮਹਿਜ਼ ਇੱਕ ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਦੇ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਸੀਟ ਕੱਢ ਪਾਇਆ ਸੀ। ਜਿਸ 'ਚ ਮਨਪ੍ਰੀਤ ਇਆਲੀ ਮੁੱਲਾਂਪੁਰ ਦਾਖਾ ਤੋਂ ਜੇਤੂ ਰਹੇ ਸਨ ਅਤੇ ਬਾਕੀ 13 ਦੀਆਂ 13 ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਸਨ। ਵੱਡੇ-ਵੱਡੇ ਲੀਡਰਾਂ ਨੂੰ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਹਰਾ ਦਿੱਤਾ ਸੀ, ਇੱਥੋਂ ਤੱਕ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਕਾਂਗਰਸ ਦੇ ਮੌਜੂਦਾ ਦਾਅਵੇਦਾਰ: ਲੁਧਿਆਣਾ ਲੋਕ ਸਭਾ ਹਲਕਾ ਸਿਆਸੀ ਮਾਇਨਿਆਂ ਤੋਂ ਕਾਫੀ ਅਹਿਮ ਹੈ, ਜਿਸ ਕਰਕੇ ਜ਼ਿਆਦਾਤਰ ਇੱਥੇ ਸਿਆਸੀ ਪਾਰਟੀਆਂ ਆਪਣੇ ਸੀਨੀਅਰ ਲੀਡਰਾਂ 'ਤੇ ਹੀ ਦਾਅ ਖੇਡਦੀਆਂ ਹਨ। ਹਾਲਾਂਕਿ ਪਿਛਲੇ 15 ਸਾਲ ਤੋਂ ਲਗਾਤਾਰ ਕਾਂਗਰਸ ਦਾ ਇਸ ਸੀਟ 'ਤੇ ਕਬਜ਼ਾ ਰਿਹਾ ਹੈ। ਇਸ ਵਾਰ ਮੁਕਾਬਲਾ ਅਹਿਮ ਰਹਿਣ ਵਾਲਾ ਹੈ, ਜੇਕਰ ਕਾਂਗਰਸ ਦੇ ਹੀ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਮੌਜੂਦਾ ਜੇਤੂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਹੀ ਸਭ ਤੋਂ ਜਿਆਦਾ ਮਜ਼ਬੂਤ ਦਾਵੇਦਾਰ ਕਾਂਗਰਸ ਦੇ ਲੁਧਿਆਣਾ ਤੋਂ ਹਨ ਜਿਨਾਂ 'ਤੇ ਕਾਂਗਰਸ ਦਾਅ ਖੇਡ ਸਕਦੀ ਹੈ, ਕਿਉਂਕਿ ਉਹ ਲਗਾਤਾਰ ਦੋ ਵਾਰ ਤੋਂ ਲੁਧਿਆਣਾ ਦੇ ਵਿੱਚ ਜੇਤੂ ਰਹੇ ਹਨ। ਇਸ ਤੋਂ ਇਲਾਵਾ ਕਾਂਗਰਸ ਆਪਣੇ ਸਾਬਕਾ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਵੀ ਦਾਅ ਖੇਡ ਸਕਦੀ ਹੈ। ਹਾਲਾਂਕਿ ਲੁਧਿਆਣਾ ਵਿਧਾਨ ਸਭਾ ਹਲਕਾ ਪੱਛਮੀ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਦਾਅਵੇਦਾਰ: ਇਸੇ ਤਰ੍ਹਾਂ ਜੇਕਰ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਜਾਵੇ ਤਾਂ ਵਿਪਿਨ ਸੂਦ ਕਾਕਾ ਦਾ ਨਾਂ ਸਭ ਤੋਂ ਪਹਿਲਾਂ ਕਤਾਰ ਦੇ ਵਿੱਚ ਚੱਲ ਰਿਹਾ ਹੈ, ਜਿਸ ਸਬੰਧੀ ਸੁਖਬੀਰ ਬਾਦਲ ਵੱਲੋਂ ਵੀ ਇਸ਼ਾਰਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਆਪਣੇ ਮੌਜੂਦਾ ਵਿਧਾਇਕ ਮਨਪ੍ਰੀਤ ਇਆਲੀ 'ਤੇ ਵੀ ਦਾਅ ਖੇਡ ਸਕਦਾ ਹੈ ਕਿਉਂਕਿ ਮਨਪ੍ਰੀਤ ਪਹਿਲਾਂ ਵੀ ਲੋਕ ਸਭਾ ਦੀ ਚੋਣ ਲੜ ਚੁੱਕੇ ਹਨ। ਇਸ ਦੇ ਨਾਲ ਹੀ ਤੀਜੇ ਨੰਬਰ 'ਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਨ੍ਹਾਂ ਵੀ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ, ਭਾਵੇਂ ਕਿ ਉਨ੍ਹਾਂ ਨੂੰ ਰਵਨੀਤ ਬਿੱਟੂ ਹੱਥੋਂ ਹਾਰ ਦਾ ਸਾਹਮਣਾ ਹੀ ਕਰਨਾ ਪਿਆ ਸੀ।
AAP ਦੇ ਮੌਜੂਦਾ ਦਾਅਵੇਦਾਰ: ਉੱਥੇ ਹੀ ਜੇਕਰ ਗੱਲ ਆਮ ਆਦਮੀ ਪਾਰਟੀ ਦੀ ਕੀਤੀ ਜਾਵੇ ਤਾਂ ਮੌਜੂਦਾ ਸਰਕਾਰ ਹੋਣ ਕਰਕੇ ਆਮ ਆਦਮੀ ਪਾਰਟੀ ਦੇ ਕੋਲ ਲੁਧਿਆਣਾ ਦੇ ਵਿੱਚ ਖੜੇ ਕਰਨ ਨੂੰ ਕਾਫੀ ਉਮੀਦਵਾਰ ਹਨ। ਜੱਸੀ ਖੰਗੂੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ, ਇਸ ਤੋਂ ਇਲਾਵਾ ਅਨਮੋਲ ਕਵਾਤਰਾ ਜੋ ਕਿ ਇੱਕ ਐਨਜੀਓ ਦੇ ਮੁਖੀ ਹਨ, ਉਨਾਂ ਦਾ ਨਾਂ ਵੀ ਕਤਾਰ ਦੇ ਵਿੱਚ ਚੱਲ ਰਿਹਾ ਹੈ। ਇਸ ਤੋਂ ਇਲਾਵਾ ਅਹਬਾਬ ਗਰੇਵਾਲ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਹਨ। ਜਿਨ੍ਹਾਂ ਨੂੰ ਲੋਕ ਸਭਾ ਸੀਟ ਲੜਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਆਪਣੇ ਕਿਸੇ ਮੌਜੂਦਾ ਵਿਧਾਇਕ 'ਤੇ ਵੀ ਦਾਅ ਖੇਡ ਸਕਦੀ ਹੈ, ਜਿਸ 'ਚ ਗੁਰਪ੍ਰੀਤ ਗੋਗੀ ਦਾ ਨਾਂ ਚਰਚਾ 'ਚ ਚੱਲ ਰਿਹਾ ਹੈ।
ਭਾਜਪਾ ਇੰਨ੍ਹਾਂ 'ਤੇ ਖੇਡ ਸਕਦੀ ਦਾਅ: ਇਸੇ ਤਰ੍ਹਾਂ ਜੇਕਰ ਗੱਲ ਭਾਜਪਾ ਦੀ ਕੀਤੀ ਜਾਵੇ ਤਾਂ ਭਾਜਪਾ ਦੇ ਵੀ ਕਈ ਉਮੀਦਵਾਰ ਸੂਚੀ ਦੇ ਵਿੱਚ ਸ਼ਾਮਿਲ ਹਨ। ਜਿਨਾਂ ਦੇ ਵਿੱਚ ਐਡਵੋਕੇਟ ਬਿਕਰਮਜੀਤ ਸਿੰਘ ਸਿੱਧੂ, ਯੂਥ ਦੇ ਆਗੂ ਪਰਮਿੰਦਰ ਸਿੰਘ ਬਰਾੜ, ਇਹਨਾਂ ਹੀ ਨਹੀਂ ਸਿਮਰਜੀਤ ਸਿੰਘ ਬੈਂਸ ਵੀ ਭਾਜਪਾ ਦੀ ਲੁਧਿਆਣਾ ਲੋਕ ਸਭਾ ਸੀਟ ਦੇ ਲਈ ਮਜਬੂਤ ਦਾਵੇਦਾਰ ਹਨ ਕਿਉਂਕਿ 2022 ਜ਼ਿਮਨੀ ਲੋਕ ਸਭਾ ਚੋਣ ਜਲੰਧਰ ਦੇ ਵਿੱਚ ਸਿਮਰਜੀਤ ਬੈਂਸ ਨੇ ਭਾਜਪਾ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਲਗਾਤਾਰ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸਿਮਰਜੀਤ ਸਿੰਘ ਬੈਂਸ ਵੀ ਭਾਜਪਾ ਦੀ ਟਿਕਟ ਤੋਂ ਲੁਧਿਆਣਾ ਦੇ ਵਿੱਚ ਲੋਕ ਸਭਾ ਚੋਣ ਲੜ ਸਕਦੇ ਹਨ। ਪਿਛਲੀ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਸਿਮਰਨਜੀਤ ਸਿੰਘ ਬੈਂਸ ਦੂਜੇ ਨੰਬਰ 'ਤੇ ਰਹੇ ਸਨ।