ਖਡੂਰ ਸਾਹਿਬ: ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਮੌਜੂਦਾ ਕੈਬਨਿਟ ਮੰਤਰੀ 'ਤੇ ਦਾਅ ਖੇਡਦੇ ਹੋਏ ਲਾਲਜੀਤ ਸਿੰਘ ਭੁੱਲਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਦਕਿ ਬੀਜੇਪੀ ਨੇ ਇਸ ਸੀਟ ਤੋਂ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੀ ਹੈ, ਜਿਸ ਨੇ ਮਨਜੀਤ ਸਿੰਘ ਮੰਨਾ ਨੂੰ ਟਿਕਟ ਦਿੱਤੀ ਹੈ। ਕਾਂਗਰਸ ਪਾਰਟੀ ਨੇ ਆਪਣੇ ਮੌਜੂਦਾ ਸੰਸਦ ਮੈਬਰ ਦੀ ਟਿਕਟ ਕੱਟ ਕੇ ਨੌਜਵਾਨ ਆਗੂ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਪੰਥਕੇ ਹਲਕੇ ਤੋਂ ਟਿਕਟ ਦਿੱਤੀ। ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋ ਚੋਣ ਲੜੇ ਰਹੇ ਨੇ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਬਸਪਾ ਨੇ ਇੰਜੀਨੀਅਰ ਸਤਨਾਮ ਸਿੰਘ ਤੂੜ ਵਿਰੋਧੀਆਂ ਨੂੰ ਟੱਕਰ ਦੇਣ ਲਈ ਤਿਆਰ ਹਨ।
ਖਡੂਰ ਸਾਹਿਬ ਦਾ ਚੋਣ ਇਤਿਹਾਸ: ਖਡੂਰ ਸਾਹਿਬ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਖਡੂਰ ਸਾਹਿਬ ਹਲਕਾ ਸਾਲ 2009 'ਚ ਹੋਂਦ ਵਿੱਚ ਆਇਆ ਸੀ। ਇਸ ਤੋਂ ਪਹਿਲਾਂ ਤਰਨ ਤਾਰਨ ਲੋਕ ਸਭਾ ਹਲਕਾ ਹੁੰਦਾ ਸੀ। ਜਿਸ ਨੂੰ ਸਾਲ 2009 ਤੋਂ ਖਡੂਰ ਸਾਹਿਬ ਵਿੱਚ ਤਬਦੀਲ ਕਰ ਦਿੱਤਾ ਗਿਆ। ਖਡੂਰ ਸਾਹਿਬ ਹਲਕਾ ਹੋਂਦ ਵਿਚ ਆਉਣ ਤੋਂ ਲੈ ਕੇ ਹੁਣ ਤੱਕ ਇਸ ਸੀਟ 'ਤੇ ਤਿੰਨ ਵਾਰ ਚੋਣ ਹੋ ਚੁੱਕੀ ਹੈ, ਜਿਸ 'ਤੇ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਇੱਕ ਵਾਰ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਤਰਨ ਤਾਰਨ ਲੋਕ ਸਭਾ ਹਲਕਾ ਸਾਲ 1951 ਨੂੰ ਹੋਂਦ ਵਿੱਚ ਆਇਆ ਸੀ। ਜਿਸ ਨੂੰ ਸਾਲ 2004 ਦੀਆਂ ਚੋਣਾਂ ਤੋਂ ਬਾਅਦ ਭੰਗ ਕਰ ਦਿੱਤਾ ਸੀ। 1951 ਤੋਂ ਲੈ ਕੇ 2004 ਤੱਕ 14 ਵਾਰ (ਜਿਮਨੀ ਚੋਣ) ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੇ 7 ਵਾਰ, ਕਾਂਗਰਸ ਨੇ 6 ਵਾਰ ਅਤੇ ਇੱਕ ਵਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਇਸ ਸੀਟ ਤੋਂ ਜਿੱਤ ਹਾਸਲ ਕੀਤੀ।
ਖਡੂਰ ਸਾਹਿਬ ਲੋਕ ਸਭਾ ਦੇ ਨਤੀਜੇ
ਨੰ. ਸਾਲ ਜੇਤੂ ਸਾਂਸਦ ਮੈਂਬਰ ਪਾਰਟੀ
1. 2009 ਰਤਨ ਸਿੰਘ ਅਜਨਾਲਾ ਸ਼੍ਰੋਮਣੀ ਅਕਾਲੀ ਦਲ
2. 2014 ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ
3. 2019 ਜਸਬੀਰ ਸਿੰਘ ਡਿੰਪਾ ਕਾਂਗਰਸ
ਖਡੂਰ ਸਾਹਿਬ ਦੇ ਮੌਜੂਦਾ ਸਿਆਸੀ ਹਾਲਾਤ: ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ( ਜੰਡਿਆਲਾ ਗੁਰੂ, ਤਰਨ ਤਾਰਨ, ਖੇਮਕਰਨ, ਪੱਟੀ, ਸ਼੍ਰੀ ਖਡੂਰ ਸਾਹਿਬ, ਬਾਬਾ ਬਕਾਲਾ, ਕਪੂਰਥਲਾ, ਸੁਲਤਾਨਪੁਰ ਲੋਧੀ, ਜ਼ੀਰਾ) ਹਨ। ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੇ ਇਸ ਲੋਕਸਭਾ ਹਲਕੇ ਅੰਦਰ ਪੈਦੀਆਂ 7 ਸੀਟ 'ਤੇ ਜਿੱਤ ਹਾਸਲ ਕੀਤੀ। ਜਦਕਿ ਕਾਂਗਰਸ ਪਾਰਟੀ ਇੱਕ ਸੀਟ ਜਿੱਤ ਵਿੱਚ ਕਾਮਯਾਬ ਰਹੀ ਤਾਂ ਇੱਕ ਸੀਟ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ।
ਪਿਛਲੇ ਲੋਕ ਸਭਾ ਨਤੀਜੇ: 2009, 2014 ਅਤੇ 2019 ਵਿੱਚ ਇਸ ਸੀਟ 'ਤੇ ਹੋਈਆਂ ਆਮ ਚੋਣਾਂ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਰਿਹਾ ਸੀ। 2009 ਅਤੇ 2014 ਵਿੱਚ ਇਹ ਸੀਟ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਸੀ। 2009 ਵਿੱਚ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰਤਨ ਸਿੰਘ ਅਜਨਾਲਾ ਚੁਣੇ ਗਏ ਸਨ, ਜਦੋਂ ਕਿ ਪੰਜ ਸਾਲ ਬਾਅਦ 2014 ਵਿੱਚ ਹੋਈਆਂ ਆਮ ਚੋਣਾਂ ਵਿੱਚ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਹਿੱਸੇ ਗਈ ਸੀ। ਬ੍ਰਹਮਪੁਰਾ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਸਬੀਰ ਸਿੰਘ ਗਿੱਲ 2019 ਵਿੱਚ ਇਸ ਸੀਟ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ। ਜੇਕਰ 2019 ਦੀਆਂ ਆਮ ਚੋਣਾਂ 'ਤੇ ਨਜ਼ਰ ਮਾਰੀਏ ਤਾਂ ਇਸ ਸੀਟ 'ਤੇ ਮੁੱਖ ਮੁਕਾਬਲਾ ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਏਕਤਾ ਪਾਰਟੀ ਵਿਚਾਲੇ ਸੀ। ਇੰਡੀਅਨ ਨੈਸ਼ਨਲ ਕਾਂਗਰਸ ਦੇ ਜਸਬੀਰ ਸਿੰਘ ਗਿੱਲ 44 ਫੀਸਦੀ (4 ਲੱਖ 59 ਹਜ਼ਾਰ 710) ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਕਰੀਬ 31 ਫੀਸਦੀ ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੀ। ਤੀਜੇ ਨੰਬਰ 'ਤੇ ਪੰਜਾਬ ਏਕਤਾ ਪਾਰਟੀ ਦੀ ਬੀਬੀ ਪਰਮਜੀਤ ਕੌਰ ਖਾਲੜਾ ਰਹੀ, ਜਿਨ੍ਹਾਂ ਨੂੰ ਕੁੱਲ ਵੋਟਾਂ ਦਾ ਲਗਭਗ 21 ਫੀਸਦੀ ਵੋਟਾਂ ਮਿਲੀਆਂ।
ਅੰਮ੍ਰਿਤਪਾਲ ਸਿੰਘ ਨੇ ਵਿਗਾੜਿਆ ਅਕਾਲੀ ਦਲ ਖੇਡ: ਅਕਾਲੀ ਦਲ ਦੇ ਸਾਹਮਣੇ ਚੁਣੌਤੀ ਹੈ ਕਿ ਇਸ ਪੰਥਕ ਸੀਟ ‘ਤੇ ਮੁੜ ਤੋਂ ਕਬਜ਼ਾ ਕਰਨ ਦੀ ਪਰ ਅਕਾਲੀ ਦਲ ਦੇ ਸਾਹਮਣੇ 2 ਪਰੇਸ਼ਾਨੀਆਂ ਹਨ। ਪਹਿਲਾ ਅਕਾਲੀ ਦਲ ਹੁਣ ਤੱਕ ਦੇ ਆਪਣੇ ਸਭ ਤੋਂ ਕਮਜ਼ੋਰ ਦੌਰ ਤੋਂ ਗੁਜ਼ਰ ਰਹੀ ਹੈ। ਦੂਜਾ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੇ ਵੱਲੋਂ ਜੇਲ੍ਹ ਤੋਂ ਚੋਣ ਲੜਨ ਦੇ ਐਲਾਨ ਨਾਲ ਸਾਰਾ ਸਿਆਸੀ ਸਮੀਕਰਨ ਬਦਲ ਗਿਆ ਹੈ। ਅੰਮ੍ਰਿਤਪਾਲ ਸਿੰਘ ਸਿੱਧਾ-ਸਿੱਧਾ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਏਗਾ, ਪਿਛਲੀ ਵਾਰ ਵੀ ਬੀਬੀ ਖਾਲੜਾ ਨੂੰ ਢਾਈ ਲੱਖ ਵੋਟ ਮਿਲੇ ਸਨ ਜਿਸ ਤੋਂ ਬਾਅਦ ਅਕਾਲੀ ਦਲ ਨੇ ਤਕਰੀਬਨ 27 ਸਾਲ ਬਾਅਦ ਇਹ ਸੀਟ ਹੱਥੋਂ ਗਵਾਈ ਸੀ।
ਚੋਣ ਜਿੱਤਣ ਦੀ ਕਾਬਲੀਅਤ : ਇਹ ਇੱਕ ਇਕੱਲੀ ਸੀਟ ਹੈ ਜਿੱਥੋਂ ਅਕਾਲੀ ਦਲ ਬੀਜੇਪੀ ਤੋਂ ਬਿਨਾਂ ਆਪਣੇ ਦਮ ’ਤੇ ਚੋਣ ਜਿੱਤਣ ਦੀ ਕਾਬਲੀਅਤ ਰੱਖਦਾ ਹੈ। 1977, 80 ਅਤੇ 1985 ਦੀ ਲੋਕਸਭਾ ਚੋਣ ਜਿੱਤ ਕੇ ਅਕਾਲੀ ਦਲ ਨੇ ਇਹ ਸਾਬਿਤ ਵੀ ਕੀਤਾ ਹੈ। ਇਹ ਉਹ ਸਮਾਂ ਸੀ ਜਦੋਂ ਪੂਰੇ ਦੇਸ਼ ਵਿੱਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਹੋਈ ਸੀ ਪਰ ਅਕਾਲੀ ਦਲ ਦਾ ਝੰਡਾ ਬੁਲੰਦ ਹੋਇਆ ਸੀ। ਇਹ ਸਾਰੇ ਅੰਕੜਿਆਂ ਨੂੰ ਤੱਕ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਆਖਿਰ ਇਸ ਨੂੰ ਪੰਥਕ ਸੀਟ ਕਿਉਂ ਕਿਹਾ ਜਾਂਦਾ ਹੈ ਅਤੇ ਅਕਾਲੀ ਦਲ ਇਸ ਸੀਟ ‘ਤੇ ਕਿੰਨਾਂ ਮਜ਼ਬੂਤ ਹੈ। ਕਾਂਗਰਸ ਇਸ ਸੀਟ ‘ਤੇ 1951 ਤੋਂ ਲੈਕੇ 1971 ਤੱਕ 5 ਵਾਰ ਜਿੱਤੀ ਪਰ ਇਹ ਗੁਜ਼ਰੇ ਜ਼ਮਾਨੇ ਦੀ ਗੱਲ ਹੈ। ਇਸ ਤੋਂ ਬਾਅਦ 1991 ਵਿੱਚ ਜਿੱਤੀ ਜਦੋਂ ਅਕਾਲੀ ਦਲ ਨੇ ਚੋਣਾਂ ਦਾ ਬਾਇਕਾਟ ਕੀਤਾ ਸੀ। ਤਰਨਤਾਰਨ ਜੋ ਹੁਣ ਖਡੂਰ ਸਾਹਿਬ ਸੀਟ ਹੈ ਇਸ ਦੀ ਇੱਕ ਵੱਡੀ ਖ਼ਾਸੀਅਤ ਹੈ ਤਿ ਇੱਥੋਂ ਦੇ ਲੋਕ ਉਮੀਦਵਾਰ ਨੂੰ ਇੱਕ ਪਾਸੜ ਜਿੱਤ ਦਿਵਾਉਂਦੇ ਹਨ। ਉੱਧਰ ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਨੂੰ ਕੇਂਦਰ ਦੀ ਸਾਜਿਸ਼ ਦੱਸਿਆ ਹੈ। ਪਰ ਜੇਕਰ ਪੰਥਕ ਵੋਟ 1989 ਵਾਂਗ ਇੱਕ ਪਾਸੜ ਭੁਗਤ ਗਈ ਤਾਂ ਕਈਆਂ ਦੀ ਖੇਡ ਖਰਾਬ ਹੋ ਸਕਦੀ ਹੈ। ਅੰਮ੍ਰਿਤਪਾਲ ਦੇ ਮੈਦਾਨ ਵਿੱਚ ਉਤਰਨ ਨਾਲ ਅਕਾਲੀ ਦਲ ਦੇ ਨਾਲ ਕਾਂਗਰਸ ਤੇ ਆਪ ਦੀ ਸਿਰਦਰਦੀ ਵੀ ਵਧ ਗਈ ਹੈ।
ਬੀਜੇਪੀ ਰੇਸ ਤੋਂ ਬਾਹਰ: ਅਕਾਲੀ ਦਲ ਤੋਂ ਵੱਖ ਹੋ ਕੇ ਪਹਿਲੀ ਵਾਰ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਬੀਜੇਪੀ ਚੋਣ ਲੜ ਰਹੀ ਹੈ। ਇੱਥੋਂ ਪਾਰਟੀ ਨੇ ਬਾਬਾ ਬਕਾਲਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੂੰ ਉਮੀਦਵਾਰ ਬਣਾਇਆ ਹੈ। ਪੰਥਕ ਸੀਟ ਹੋਣ ਦੀ ਵਜ੍ਹਾ ਕਰਕੇ ਇਸ ਹਲਕੇ ਵਿੱਚ ਬੀਜੇਪੀ ਦੀ ਵੋਟ ਬੈਂਕ ਬਹੁਤ ਹੀ ਕਮਜ਼ੋਰ ਹੈ ਉਲਟਾ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਬੀਜੇਪੀ ਰੇਸ ਤੋਂ ਬਾਹਰ ਦਿੱਸ ਰਹੀ ਹੈ।
ਕੁੱਲ ਮਿਲਾ ਕੇ ਖਡੂਰ ਸਾਹਿਬ ਸੀਟ ਦੇ ਇਤਿਹਾਸ ਨੂੰ ਵੇਖਿਆ ਜਾਵੇਗਾ ਤਾਂ ਕਾਂਗਰਸ ਅਤੇ ਅਕਾਲੀ ਦਲ ਵਿੱਚ ਪਹਿਲਾਂ ਤਗੜਾ ਮੁਕਾਬਲਾ ਨਜ਼ਰ ਆ ਰਿਹਾ ਸੀ ਪਰ ਅੰਮ੍ਰਿਤਪਾਲ ਸਿੰਘ ਦੇ ਮੈਦਾਨ ਵਿੱਚ ਉਤਰਨ ਤੋਂ ਬਾਅਦ ਸਿਆਸੀ ਜਾਣਕਾਰ ਵੀ ਦੁਬਿਧਾ ਵਿੱਚ ਹਨ। ਸੂਬੇ ਦੀ ਵਜ਼ਾਰਤ ਵਿੱਚ ਹੋਣ ਦੀ ਵਜ੍ਹਾ ਕਰਕੇ ਆਮ ਆਦਮੀ ਪਾਰਟੀ ਪਹਿਲਾਂ ਮੁਕਾਬਲੇ ਵਿੱਚ ਨਜ਼ਰ ਆ ਰਹੀ ਸੀ ਪਰ ਹੁਣ ਰੇਸ ਤੋਂ ਬਾਹਰ ਨਜ਼ਰ ਆ ਰਹੀ ਹੈ। ਪੰਜਾਬ ਵਿਚ ਵੋਟਿੰਗ 1 ਜੂਨ ਨੂੰ ਪਵੇਗੀ ਤੇ 4 ਜੂਨ ਨੂੰ ਨਤੀਜੇ ਆ ਜਾਣਗੇ ਤੇ ਸਭ ਦੀ ਕਿਸਮਤ ਦਾ ਫ਼ੈਸਲਾ ਹੋ ਜਾਵੇਗਾ ਕਿ ਖਡੂਰ ਸਾਹਿਬ ਦੀ ਇਤਿਹਾਸਿਕ ਸੀਟ 'ਤੇ ਕਿਸ ਦੀ ਹੋਵੇਗੀ ਬੱਲ੍ਹੇ-ਬੱਲ੍ਹੇ।
- ਅਮੇਠੀ 'ਚ ਬੇਕਾਬੂ ਟਰਾਲੇ ਨੇ 6 ਗੱਡੀਆਂ ਨੂੰ ਮਿਾਰੀ ਟੱਕਰ, ਇੱਕੋ ਪਰਿਵਾਰ ਦੇ 3 ਬੱਚਿਆਂ ਦੀ ਮੌਤ, ਦੇਵਾ ਸ਼ਰੀਫ ਤੋਂ ਪਰਤ ਰਿਹਾ ਸੀ ਪਰਿਵਾਰ - Road Accident In Amethi
- ਪੰਜਾਬ 'ਚ ਵੋਟਰਾਂ ਦੀ ਕੁੱਲ ਗਿਣਤੀ 2.12 ਕਰੋੜ, ਚੋਣ ਕਮਿਸ਼ਨ ਨੇ ਜਾਰੀ ਕੀਤੇ ਅੰਕੜੇ - Total number of voters in Punjab
- ਦਾਅ 'ਤੇ ਸਿਆਸੀ ਦਿੱਗਜ਼ਾਂ ਦੀ ਸਾਖ; ਕੱਲ੍ਹ 2 ਕਰੋੜ ਤੋਂ ਵੱਧ ਵੋਟਰ ਕਰਨਗੇ ਤੈਅ, ਇੱਕ ਕਲਿੱਕ 'ਤੇ ਜਾਣੋ 13 ਸੀਟਾਂ ਦੇ ਉਮੀਦਵਾਰਾਂ ਬਾਰੇ - Lok Sabha Election 2024