ਚੰਡੀਗੜ੍ਹ: ਫਰੀਦਕੋਟ ਲੋਕ ਸਭਾ ਸੀਟ 'ਤੇ ਵੋਟਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ ਅਤੇ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਇਸ ਸੀਟ ਅਧੀਨ ਫਰੀਦਕੋਟ, ਕੋਟਕਪੂਰਾ, ਜੈਤੋ, ਮੋਗਾ, ਨਿਹਾਲ ਸਿੰਘਵਾਲਾ, ਬਾਘਾਪੁਰਾਣਾ, ਗਿੱਦੜਬਾਹਾ, ਰਾਮਪੁਰਾਫੂਲ ਅਤੇ ਧਰਮਕੋਟ ਵਿਧਾਨ ਸਭਾ ਸੀਟਾਂ ਹਨ। ਵੋਟਾਂ ਦੀ ਗਿਣਤੀ ਲਈ ਫਰੀਦਕੋਟ ਅਤੇ ਮੋਗਾ ਵਿੱਚ ਦੋ ਗਿਣਤੀ ਕੇਂਦਰ ਬਣਾਏ ਗਏ ਸਨ। ਜਿਸ ਵਿੱਚ 300 ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਤੇ ਕਿਸੇ ਵੀ ਗੜਬੜੀ ਨੂੰ ਰੋਕਣ ਲਈ 300 ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਸਨ।
ਸਰਬਜੀਤ ਸਿੰਘ ਖਾਲਸਾ ਦੀ ਜਿੱਤ: ਥੋਂ ਮੁੱਖ ਮੁਕਾਬਲਾ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ, 'ਆਪ' ਉਮੀਦਵਾਰ ਕਰਮਜੀਤ ਅਨਮੋਲ ਵਿਚਕਾਰ ਮੰਨਿਆ ਜਾ ਰਿਹਾ ਸੀ, ਪਰ ਸਰਬਜੀਤ ਸਿੰਘ ਖਾਲਸਾ ਨੇ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਹੈ। ਉਥੇ ਹੀ ਕਰਮਜੀਤ ਅਨਮੋਲ ਦੂਜੇ ਨੰਬਰ 'ਤੇ ਅਤੇ ਕਾਂਗਰਸ ਉਮੀਦਵਾਰ ਤੀਜੇ ਨੰਬਰ 'ਤੇ ਹਨ। ਹੰਸ ਰਾਜ ਹੰਸ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਵੇਂ ਨੰਬਰ 'ਤੇ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਉਨ੍ਹਾਂ ਤੋਂ ਅੱਗੇ ਚੱਲ ਰਹੇ ਹਨ। ਇਸ ਤੋਂ ਇਲਾਵਾ ਕੁੱਲ 28 ਉਮੀਦਵਾਰ ਫਰੀਦਕੋਟ ਤੋਂ ਚੋਣ ਮੈਦਾਨ ਵਿੱਚ ਸਨ। ਇਸ ਵਾਰ ਇਸ ਸੀਟ 'ਤੇ 64 ਫੀਸਦੀ ਵੋਟਿੰਗ ਹੋਈ ਸੀ।
ਵੱਡੀ ਲੀਡ ਨਾਲ ਕਰਮਜੀਤ ਅਨਮੋਲ ਨੂੰ ਹਰਾਇਆ: ਸਰਬਜੀਤ ਸਿੰਘ ਖਾਲਸਾ ਦੀ ਗੱਲ ਕੀਤੀ ਜਾਵੇ ਤਾਂ ਉਹ ਸ਼ਹੀਦ ਬੇਅੰਤ ਸਿੰਘ ਦੇ ਪੁੱਤਰ ਹਨ ਅਤੇ ਉਨ੍ਹਾਂ ਨੂੰ ਫਰੀਦਕੋਟ 'ਚ 2 ਲੱਖ 98 ਹਜ਼ਾਰ 062 (298062) ਵੋਟਾਂ ਪਈਆਂ ਹਨ। ਜਦਕਿ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਨੂੰ 2 ਲੱਖ 28 ਹਜ਼ਾਰ 009 (228009) ਵੋਟਾਂ ਮਿਲੀਆਂ ਹਨ। ਦੱਸ ਦਈਏ ਕਿ ਸਰਬਜੀਤ ਸਿੰਘ ਖਾਲਸਾ 70 ਹਜ਼ਾਰ 53 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਜਦਕਿ ਤੀਜੇ ਨੰਬਰ 'ਤੇ ਕਾਂਗਰਸ ਦੇ ਅਮਰਜੀਤ ਕੌਰ ਸਾਹੌਕੇ ਨੂੰ 1 ਲੱਖ 60 ਹਜ਼ਾਰ 357 (160357) ਵੋਟਾਂ ਮਿਲੀਆਂ ਹਨ।
ਆਜ਼ਾਦ ਹੋਣ ਦੇ ਬਾਵਜੂਦ ਜਿੱਤ ਵੱਲ ਵਧੇ: ਕਾਬਿਲੇਗੌਰ ਹੈ ਕਿ ਕਰਮਜੀਤ ਅਨਮੋਲ ਨੂੰ ਪਹਿਲਾਂ ਇਸ ਸੀਟ ਲਈ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਸੀ, ਕਿਉਂਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸ ਦੋਸਤ ਹਨ ਅਤੇ ਮੁੱਖ ਮੰਤਰੀ ਨੇ ਕਈ ਵਾਰ ਕਰਮਜੀਤ ਅਨਮੋਲ ਦੇ ਹੱਕ 'ਚ ਪ੍ਰਚਾਰ ਵੀ ਕੀਤਾ ਸੀ। ਉਥੇ ਹੀ ਪ੍ਰਚਾਰ ਦੇ ਆਖਰੀ ਦਿਨਾਂ 'ਚ ਸਰਬਜੀਤ ਸਿੰਘ ਖਾਲਸਾ ਦੇ ਹੱਕ 'ਚ ਲਹਿਰ ਬਣੀ ਸੀ ਤਾਂ ਉਥੇ ਹੀ ਇਸ ਸੀਟ 'ਤੇ ਹੰਸ ਰਾਜ ਹੰਸ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਦਾ ਨਤੀਜਾ ਕਿ ਉਹ ਇਸ ਦੌੜ 'ਚ ਸ਼ੁਰੂ ਤੋਂ ਹੀ ਲੱਗਭਗ ਬਾਹਰ ਨਜ਼ਰ ਆਏ।
ਕਰਮਜੀਤ ਅਨਮੋਲ ਨੇ ਖਾਲਸਾ ਨੂੰ ਦਿੱਤੀ ਵਧਾਈ: ਇਸ ਦੌਰਾਨ ਕਰਮਜੀਤ ਅਨਮੋਲ ਨੇ ਕਿਹਾ ਕਿ ਲੋਕਾਂ ਨੇ ਜਿੱਤ ਦਾ ਫ਼ਤਵਾ ਸਰਬਜੀਤ ਸਿੰਘ ਖ਼ਾਲਸਾ ਦੇ ਹੱਕ 'ਚ ਦਿੱਤਾ ਹੈ ਤੇ ਉਹ ਉਨ੍ਹਾਂ ਨੂੰ ਇਸ ਜਿੱਤ ਦੀ ਵਧਾਈ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਵੱਡੇ ਹੁੰਦੇ ਹਨ ਤੇ ਮੈਨੂੰ ਉਮੀਦ ਹੈ ਕਿ ਸਰਬਜੀਤ ਖਾਲਸਾ ਲੋਕਾਂ ਦੀ ਸੇਵਾ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇੰਨ੍ਹਾਂ ਚੋਣਾਂ ਨੂੰ ਲੈਕੇ ਉਹ ਹਾਈਕਮਾਨ ਨਾਲ ਮਿਲ ਕੇ ਮੰਥਨ ਜ਼ਰੂਰ ਕਰਨਗੇ ਤਾਂ ਜੋ ਹਾਰ ਦੇ ਕਾਰਨਾਂ ਦਾ ਪਤਾ ਲੱਗ ਸਕੇ। ਇਸ ਦੇ ਨਾਲ ਹੀ ਉਨ੍ਹਾਂ ਚੋਣਾਂ 'ਚ ਸਾਥ ਦੇਣ ਵਾਲੇ ਵਲੰਟੀਅਰਾਂ, ਆਗੂਆਂ ਤੇ ਵਿਧਾਇਕਾਂ ਦਾ ਧੰਨਵਾਦ ਵੀ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿੱਤ ਹਾਰ ਕਿਸਮਤ 'ਚ ਹੁੰਦੀ ਹੈ ਪਰ ਉਹ ਲੋਕਾਂ ਦੀ ਸੇਵਾ ਅੱਗੇ ਵੀ ਕਰਦੇ ਰਹਿਣਗੇ।
ਸਰਬਜੀਤ ਖਾਲਸਾ ਦਾ ਸਿਆਸੀ ਪਿਛੋਕੜ: ਸਰਬਜੀਤ ਸਿੰਘ ਖਾਲਸਾ ਦੇ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਪਿਤਾ ਬੇਅੰਤ ਸਿੰਘ ਸੀ, ਜਿੰਨ੍ਹਾਂ ਨੇ ਜੂਨ 1984 ਦੇ ਬਦਲੇ ਵਜੋਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰਿਆ ਸੀ। ਇਸ ਤੋਂ ਬਾਅਦ ਹਾਲਾਂਕਿ ਉਨ੍ਹਾਂ ਦੇ ਪਰਿਵਾਰ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਤੋਂ ਪਹਿਲਾਂ ਸਰਬਜੀਤ ਸਿੰਘ ਖਾਲਸਾ ਦੇ ਦਾਦਾ ਅਤੇ ਮਾਤਾ ਜੀ ਵੀ ਲੋਕ ਸਭਾ ਸਾਂਸਦ ਬਣ ਚੁੱਕੇ ਹਨ। ਇਸ ਤੋਂ ਇਲਾਵਾ ਸਰਬਜੀਤ ਸਿੰਘ ਖਾਲਸਾ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਵੀ ਚੋਣ ਲੜ ਚੁੱਕੇ ਹਨ। ਹਾਲਾਂਕਿ ਉਨ੍ਹਾਂ ਨੂੰ ਇਸ ਦੌਰਾਨ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਵਾਰ ਉਨ੍ਹਾਂ ਦੇ ਕਦਮ ਜਿੱਤ ਵੱਲ ਵੱਧ ਰਹੇ ਹਨ।
- ਸੰਗਰੂਰ 'ਚ ਗੁਰਮੀਤ ਸਿੰਘ ਮੀਤ ਹੇਅਰ ਨੇ ਮਾਰੀ ਬਾਜ਼ੀ, ਸਿਮਰਨਜੀਤ ਸਿੰਘ ਮਾਨ ਨੂੰ ਦਿੱਤੀ ਕਰਾਰੀ ਹਾਰ - Meet Hare winner from Sangrur
- ਹਰਸਿਮਰਤ ਕੌਰ ਬਾਦਲ ਚੌਥੀ ਵਾਰ ਜਿੱਤ ਦਰਜ ਕਰਨ ਵੱਲ, ਸਮਰਥਕਾਂ ਨੇ ਪਿੰਡ ਬਾਦਲ ਪਹੁੰਚ ਦਿੱਤੀ ਵਧਾਈ - Bathinda Lok Sabha seat
- ਪਾਰਟੀ ਛੱਡਣ ਦਾ ਰਾਜ ਕੁਮਾਰ ਚੱਬੇਵਾਲ ਨੂੰ ਨਹੀਂ ਪਿਆ ਕੋਈ ਫ਼ਰਕ, ਜਿੱਤ ਦੇ ਨਜ਼ਦੀਕ ਪਹੁੰਚੇ - Punjab Elections Result 2024