ਲੁਧਿਆਣਾ: ਪੰਜਾਬ ਕਾਂਗਰਸ ਕਮੇਟੀ ਵੱਲੋਂ ਪੰਜਾਬ ਦੇ ਵਿੱਚ ਆਪਣੇ ਉਮੀਦਵਾਰਾਂ ਦੀਆਂ ਦੋ ਸੂਚੀਆਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਪਰ ਇਸ ਦੇ ਬਾਵਜੂਦ ਲੁਧਿਆਣਾ ਸੀਟ 'ਤੇ ਸਸਪੈਂਸ ਬਰਕਰਾਰ ਹੈ। ਹਾਲੇ ਤੱਕ ਲੁਧਿਆਣਾ ਲਈ ਕਾਂਗਰਸ ਨੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਲਗਾਤਾਰ ਸਿਆਸੀ ਗਲਿਆਰਿਆਂ ਦੇ ਵਿੱਚ ਵੱਖ-ਵੱਖ ਥਾਵਾਂ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ। ਕਾਂਗਰਸ ਵੱਲੋਂ ਬੀਤੇ ਦਿਨੀ ਜਿਹੜੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ, ਉਹਨਾਂ ਦਾ ਵਿਰੋਧ ਵੀ ਸ਼ੁਰੂ ਹੋ ਚੁੱਕਾ ਹੈ। ਕਾਂਗਰਸ ਦੇ ਵਿਚਕਾਰ ਟਿਕਟਾਂ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਖਿੱਚੋਤਾਣ ਸ਼ੁਰੂ ਹੋ ਗਈ ਹੈ, ਪਰ ਹਾਲੇ ਤੱਕ ਲੁਧਿਆਣਾ ਤੋਂ ਕੋਈ ਉਮੀਦਵਾਰ ਕਾਂਗਰਸ ਨੂੰ ਨਹੀਂ ਮਿਲ ਸਕਿਆ ਹੈ। ਹਾਲਾਂਕਿ ਰਵਨੀਤ ਬਿੱਟੂ ਕਾਂਗਰਸ ਦੀ ਟਿਕਟ ਤੋਂ ਦੋ ਵਾਰ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਬਣੇ ਸਨ ਪਰ ਭਾਜਪਾ ਵਿੱਚ ਉਹਨਾਂ ਦੇ ਸ਼ਾਮਿਲ ਹੋਣ ਤੋਂ ਬਾਅਦ ਲੁਧਿਆਣਾ ਕਾਂਗਰਸ ਲੀਡਰਸ਼ਿਪ ਖੁਦ ਆਪਣੇ ਮੂੰਹ ਤੋਂ ਕਹਿ ਰਹੀ ਹੈ ਕਿ ਉਹ ਹੁਣ ਸੋਚ ਵਿਚਾਰ ਕਰਕੇ ਹੀ ਉਮੀਦਵਾਰ ਦੇਣਗੇ। ਇਸ ਨੂੰ ਲੈ ਕੇ ਵਿਰੋਧੀ ਵੀ ਲਗਾਤਾਰ ਨਿਸ਼ਾਨੇ ਸਾਧ ਰਹੇ ਹਨ। ਹਾਲਾਂਕਿ ਲੁਧਿਆਣਾ 'ਚ ਭਾਜਪਾ ਵੱਲੋਂ ਪਹਿਲਾਂ ਹੀ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਜਾ ਚੁੱਕਾ ਹੈ। ਰਵਨੀਤ ਬਿੱਟੂ ਜੋ ਕਿ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਹਨ, ਉਹ ਭਾਜਪਾ ਦੇ ਉਮੀਦਵਾਰ ਹਨ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਰਣਜੀਤ ਸਿੰਘ ਢਿੱਲੋ ਅਤੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਲੁਧਿਆਣੇ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਹਨ।
ਕਾਂਗਰਸ ਕਿਉਂ ਨਹੀਂ ਦੇ ਸਕੀ ਉਮੀਦਵਾਰ: ਲੁਧਿਆਣਾ ਦੀ ਸੀਟ ਕਾਂਗਰਸ ਦੀ ਰਵਾਇਤੀ ਸੀਟ ਰਹੀ ਹੈ ਅਤੇ ਆਜ਼ਾਦੀ ਤੋਂ ਬਾਅਦ ਹੁਣ ਤੱਕ ਸਭ ਤੋਂ ਜ਼ਿਆਦਾ ਕਾਂਗਰਸ ਦੇ ਹੀ ਉਮੀਦਵਾਰ ਲੁਧਿਆਣਾ ਸੀਟ ਤੋਂ ਜਿੱਤੇ ਹਨ। ਪਿਛਲੇ ਤਿੰਨ ਵਾਰ ਤੋਂ ਲਗਾਤਾਰ ਕਾਂਗਰਸ ਦਾ ਇਸ ਸੀਟ 'ਤੇ ਕਬਜ਼ਾ ਰਿਹਾ ਹੈ ਪਰ ਇਸ ਦੇ ਬਾਵਜੂਦ ਕਾਂਗਰਸ ਨੂੰ ਕੋਈ ਮਜ਼ਬੂਤ ਉਮੀਦਵਾਰ ਲੁਧਿਆਣੇ ਤੋਂ ਨਹੀਂ ਮਿਲ ਪਾ ਰਿਹਾ। ਇਸ ਸੰਬੰਧੀ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਬੁਲਾਰੇ ਕੁਲਦੀਪ ਵੈਦ ਨੇ ਕਿਹਾ ਹੈ ਕਿ ਲੁਧਿਆਣਾ ਦੇ ਵਿੱਚ ਕਿਸੇ ਪੈਰਾਸ਼ੂਟ ਉਮੀਦਵਾਰ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ ਤੇ ਉਮੀਦਵਾਰ ਲੁਧਿਆਣੇ ਨਾਲ ਹੀ ਸੰਬੰਧਿਤ ਹੋਵੇਗਾ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਸਾਬਕਾ ਐਮਐਲਏ ਸੰਜੇ ਤਲਵਾਰ ਨੇ ਕਿਹਾ ਹੈ ਕਿ ਜਲਦ ਹੀ ਸੂਚੀ ਜਾਰੀ ਕੀਤੀ ਜਾਵੇਗੀ, ਜਿਸ ਵਿੱਚ ਲੁਧਿਆਣੇ ਦਾ ਵੀ ਨਾਂ ਸ਼ਾਮਿਲ ਹੋਵੇਗਾ। ਉਹਨਾਂ ਕਿਹਾ ਕਿ ਲੁਧਿਆਣੇ ਨੂੰ ਮਜ਼ਬੂਤ ਉਮੀਦਵਾਰ ਦਿੱਤਾ ਜਾਵੇਗਾ। ਜਿਸ ਕਿਸੇ ਨੂੰ ਵੀ ਪਾਰਟੀ ਟਿਕਟ ਦੇਵੇਗੀ ਉਸ ਨੂੰ ਜੇਤੂ ਬਣਾ ਕੇ ਹੀ ਇੱਥੋਂ ਭੇਜਿਆ ਜਾਵੇਗਾ। ਉਹਨਾਂ ਕਿਹਾ ਕਿ ਲੁਧਿਆਣਾ ਕਾਂਗਰਸ ਦੀ ਰਿਵਾਇਤੀ ਸੀਟ ਰਹੀ ਹੈ ਅਤੇ 17 ਲੱਖ ਲੁਧਿਆਣੇ ਦੇ ਵਿੱਚ ਵੋਟਰ ਹਨ। ਜਿਨਾਂ ਵਿੱਚੋਂ 11 ਲੱਖ ਸ਼ਹਿਰੀ ਵੋਟਰ ਹਨ ਅਤੇ 6 ਲੱਖ ਦੇ ਕਰੀਬ ਪੇਂਡੂ ਖੇਤਰ ਦੇ ਵੋਟਰ ਹਨ ਅਤੇ ਅਸੀਂ ਕੋਈ ਅਜਿਹਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਾਂਗੇ, ਜਿਸ ਦੀ ਦੋਵਾਂ 'ਤੇ ਮਜ਼ਬੂਤ ਪਕੜ ਹੋਵੇ।
ਕਾਂਗਰਸ ਦਾ ਆਪਸੀ ਕਲੇਸ਼: ਪੰਜਾਬ ਕਾਂਗਰਸ ਵੱਲੋਂ ਚਰਨਜੀਤ ਚੰਨੀ ਨੂੰ ਜਿੱਥੇ ਜਲੰਧਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ, ਉੱਥੇ ਹੀ ਦੂਜੇ ਪਾਸੇ ਸੰਗਰੂਰ ਤੋਂ ਸੁਖਪਾਲ ਖਹਿਰਾ ਅਤੇ ਪਟਿਆਲਾ ਤੋਂ ਧਰਮਵੀਰ ਗਾਂਧੀ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਜਿਸ ਨੂੰ ਲੈ ਕੇ ਪਾਰਟੀ ਦੇ ਵਿਚਕਾਰ ਕਾਟੋ ਕਲੇਸ਼ ਹੋਣਾ ਵੀ ਸ਼ੁਰੂ ਹੋ ਚੁੱਕਾ ਹੈ। ਹਾਲਾਂਕਿ ਇਸ ਦੀ ਸਫਾਈ ਬੀਤੇ ਦਿਨੀਂ ਕੁਲਦੀਪ ਵੈਦ ਨੇ ਦਿੱਤੀ ਹੈ ਅਤੇ ਕਿਹਾ ਹੈ ਕਿ ਟਿਕਟ ਕਿਸ ਨੂੰ ਦੇਣੀ ਹੈ ਤੇ ਕਿਸ ਨੂੰ ਨਹੀਂ ਦੇਣੀ ਇਹ ਹਾਈਕਮਾਨ ਦਾ ਫੈਸਲਾ ਹੈ। ਹਾਈ ਕਮਾਨ ਸਰਵੇ ਕਰਨ ਤੋਂ ਬਾਅਦ ਹੀ ਟਿਕਟ ਦੇਣ ਦਾ ਫੈਸਲਾ ਕਰਦੀ ਹੈ ਅਤੇ ਜਿੱਤ ਹਾਸਿਲ ਕਰਨ ਵਾਲੇ ਉਮੀਦਵਾਰ 'ਤੇ ਹੀ ਭਰੋਸਾ ਜਤਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਅਤੇ ਸ਼ਮਸ਼ੇਰ ਸਿੰਘ ਦੂਲੋ ਜੋ ਮਰਜ਼ੀ ਕਹੀ ਜਾਣ, ਪਰ ਧਰਮਵੀਰ ਗਾਂਧੀ ਪਟਿਆਲਾ ਤੋਂ ਮਜ਼ਬੂਤ ਉਮੀਦਵਾਰ ਹਨ। ਉਧਰ ਸੁਖਵਿੰਦਰ ਡੈਨੀ ਵੱਲੋਂ ਚਰਨਜੀਤ ਚੰਨੀ ਨੂੰ ਜਲੰਧਰ ਤੋਂ ਟਿਕਟ ਦਿੱਤੇ ਜਾਣ ਦਾ ਵਿਰੋਧ ਜਤਾਇਆ ਗਿਆ ਹੈ। ਦਲਵੀਰ ਗੋਲਡੀ ਵੀ ਪਾਰਟੀ ਤੋਂ ਨਰਾਜ਼ ਚੱਲ ਰਹੇ ਸਨ, ਜਿਨਾਂ ਨੂੰ ਬੀਤੇ ਦਿਨੀਂ ਮਨਾਇਆ ਗਿਆ ਹੈ। ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਅਤੇ ਭਾਜਪਾ ਦੇ ਹੁਣ ਮੌਜੂਦਾ ਉਮੀਦਵਾਰ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਕਾਂਗਰਸ ਵਿਚਕਾਰ ਧੜੇਬੰਦੀ ਹੈ। ਪ੍ਰਤਾਪ ਬਾਜਵਾ ਆਪਣੀ ਤਾਂ ਨਵਜੋਤ ਸਿੱਧੂ ਆਪਣੀ ਅਤੇ ਰਾਜਾ ਵੜਿੰਗ ਆਪਣੀ ਚਲਾਉਣ ਦੀ ਕੋਸ਼ਿਸ਼ ਕਰਦੇ ਹਨ।
ਵਿਰੋਧੀਆਂ ਦੇ ਨਿਸ਼ਾਨੇ 'ਤੇ ਕਾਂਗਰਸ: ਰਿਵਾਇਤੀ ਸੀਟ ਹੋਣ ਦੇ ਬਾਵਜੂਦ ਵੀ ਕਾਂਗਰਸ ਆਪਣਾ ਉਮੀਦਵਾਰ ਲੁਧਿਆਣੇ ਤੋਂ ਨਹੀਂ ਖੜਾ ਕਰ ਸਕੀ ਹੈ। ਜਿਸ ਨੂੰ ਲੈ ਕੇ ਸਿਰਫ ਭਾਜਪਾ ਹੀ ਨਹੀਂ ਸਗੋਂ ਆਮ ਆਦਮੀ ਪਾਰਟੀ ਵੀ ਸਵਾਲ ਖੜੇ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਲੁਧਿਆਣੇ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਸਾਡਾ ਇਹਨਾਂ ਦੀ ਪਾਰਟੀ ਦੇ ਵਾਂਗ ਆਪਸ ਦੇ ਵਿੱਚ ਕਲੇਸ਼ ਨਹੀਂ ਹੈ। ਉਹਨਾਂ ਕਿਹਾ ਕਿ ਜਿਸ ਕਿਸੇ ਨੂੰ ਪਾਰਟੀ ਟਿਕਟ ਦਿੰਦੀ ਹੈ, ਉਸ ਦੀ ਸਾਰੇ ਮਦਦ ਕਰਦੇ ਹਨ ਤੇ ਸਾਰੇ ਉਸ ਦੇ ਨਾਲ ਚਲਦੇ ਹਨ ਪਰ ਕਾਂਗਰਸ ਦੇ ਵਿਚਕਾਰ ਅਜਿਹਾ ਨਹੀਂ ਹੈ, ਇੱਕ ਨੂੰ ਟਿਕਟ ਮਿਲਣ ਤੋਂ ਬਾਅਦ ਪੰਜ ਨਰਾਜ਼ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਇਹਨਾਂ ਦੇ ਕੋਲ ਉਮੀਦਵਾਰ ਹੀ ਨਹੀਂ ਹੈ, ਉੱਥੇ ਹੀ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਨੂੰ ਲੋੜ ਹੈ ਤਾਂ ਉਹ ਉਸ ਨੂੰ ਉਮੀਦਵਾਰ ਦੇ ਦੇਣਗੇ। ਗੁਰਪ੍ਰੀਤ ਗੋਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਇੱਕ-ਇੱਕ ਸੀਟ ਤੋਂ ਪੰਜ ਪੰਜ ਛੇ-ਛੇ ਉਮੀਦਵਾਰ ਸਨ ਪਰ ਪਾਰਟੀ ਹਾਈ ਕਮਾਨ ਨੇ ਜਿਸ ਨੂੰ ਟਿਕਟ ਦਿੱਤੀ ਸਾਰੇ ਉਸ ਦੇ ਨਾਲ ਹਨ।
ਚਰਚਾ 'ਚ ਕਾਂਗਰਸ ਦੇ ਕਈ ਨਾਮ: ਜੇਕਰ ਕੱਲ ਲੁਧਿਆਣਾ ਲੋਕ ਸਭਾ ਸੀਟ ਦੀ ਕੀਤੀ ਜਾਵੇ ਤਾਂ ਕਾਂਗਰਸ ਦੇ ਕਈ ਨਾਮ ਚਰਚਾ 'ਚ ਚੱਲ ਰਹੇ ਹਨ। ਬੀਤੇ ਦਿਨੀ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਲੁਧਿਆਣਾ ਕਾਂਗਰਸ ਦੇ ਸਾਬਕਾ ਵਿਧਾਇਕ ਰਹਿ ਚੁੱਕੇ ਸੰਜੇ ਤਲਵਾਰ ਵੱਲੋਂ ਵੀ ਲੋਕ ਸਭਾ ਚੋਣ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ ਸੀ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੀ ਸਰਕਾਰ ਵੇਲੇ ਕੈਬਨਿਟ ਮੰਤਰੀ ਰਹਿ ਚੁੱਕੇ ਭਾਰਤ ਭੂਸ਼ਣ ਆਸ਼ੂ ਵੀ ਕਾਂਗਰਸ ਦੇ ਮਜ਼ਬੂਤ ਉਮੀਦਵਾਰ ਹਨ। ਜਿਨ੍ਹਾਂ ਦਾ ਨਾਂ ਕਤਾਰ ਦੇ ਵਿੱਚ ਕਾਫੀ ਅੱਗੇ ਚੱਲ ਰਿਹਾ ਹੈ। ਉੱਥੇ ਹੀ ਲਗਾਤਾਰ ਪਿਛਲੀ ਵਾਰ ਲੋਕ ਸਭਾ ਚੋਣ 2019 'ਚ ਦੂਜੇ ਨੰਬਰ 'ਤੇ ਰਹਿ ਚੁੱਕੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀ ਵੀ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਲੁਧਿਆਣਾ ਤੋਂ ਚੋਣ ਲੜਨ ਦੇ ਕਿਆਸ ਚੱਲ ਰਹੇ ਹਨ। ਹਾਲਾਂਕਿ ਫਿਲਹਾਲ ਕਿਸ ਨੂੰ ਟਿਕਟ ਮਿਲਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਕਈ ਚਿਹਰੇ ਕਾਂਗਰਸ ਦੇ ਲੁਧਿਆਣਾ ਤੋਂ ਅੱਗੇ ਚੱਲ ਰਹੇ ਹਨ।