ਅੰਮ੍ਰਿਤਸਰ: ਲੋਕ ਸਭਾ ਚੋਣਾਂ ਸਿਰ 'ਤੇ ਹਨ ਅਤੇ ਹਰ ਇੱਕ ਸਿਆਸੀ ਪਾਰਟੀ ਨੇ ਆਪਣੀ ਤਿਆਰੀ ਖਿੱਚ ਲਈ ਹੈ। ਜਿਸ ਦੇ ਚੱਲਦੇ ਸਿਆਸੀ ਪਾਰਟੀਆਂ ਨੇ ਰਣਨੀਤੀ ਬਣਾਉਣੀ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚੱਲਦੇ ਦੇਸ਼ ਦੀ ਭਾਜਪਾ ਧਿਰ ਨੂੰ ਹਰਾਉਣ ਲਈ ਇੰਡੀਆ ਗਠਜੋੜ ਨੇ ਵੀ ਤਿਆਰੀ ਖਿੱਚ ਲਈ ਹੈ। ਜਿਸ ਦੇ ਚੱਲਦੇ ਦਿੱਲੀ ਸਣੇ ਪੰਜ ਸੂਬਿਆਂ 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਇੱਕ ਹੋ ਕੇ ਗਠਜੋੜ ਨਾਲ ਚੋਣਾਂ ਲੜਨਗੇ। ਜਦਕਿ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸੂਬੇ 'ਚ ਦੋਵਾਂ ਪਾਰਟੀਆਂ ਦੇ ਲੀਡਰਾਂ ਦੀ ਸਹਿਮਤੀ ਨਾ ਬਣ ਸਕੀ, ਜਿਸ ਦੇ ਚੱਲਦੇ ਪੰਜਾਬ 'ਚ ਦੋਵੇਂ ਪਾਰਟੀਆਂ ਵੱਖਰੇ ਫੋਰਮ 'ਤੇ ਇੰਨ੍ਹਾਂ ਚੋਣਾਂ 'ਚ ਜ਼ੋਰ ਅਜ਼ਮਾਇਸ਼ ਕਰਨਗੀਆਂ।
ਦਿੱਲੀ 'ਚ ਕਾਂਗਰਸ ਤੇ 'ਆਪ' ਇੱਕ ਮਿੱਕ: ਇਸ ਸਬੰਧੀ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਜਿਹੜਾ ਇੰਡੀਆ ਗਠਜੋੜ ਬਣਿਆ ਸੀ। ਉਹਦੇ ਅਸੀਂ ਦੋਵੇਂ ਪਾਰਟੀਆਂ ਹਿੱਸੇਦਾਰ ਹਾਂ। ਉਨ੍ਹਾਂ ਕਿਹਾ ਕਿ ਜਦੋਂ ਇਹ ਗਠਜੋੜ ਹੋਇਆ ਸੀ ਤਾਂ ਨੈਸ਼ਨਲ ਲੈਵਲ 'ਤੇ ਇਹ ਤੈਅ ਹੋਇਆ ਸੀ ਕਿ ਜਿਹੜੇ ਸੂਬਿਆਂ 'ਚ ਸਹਿਮਤੀ ਬਣਦੀ ਹੈ ਤਾਂ ਉਥੇ ਹੀ ਇੱਕ ਹੋ ਕੇ ਦੋਵੇਂ ਸਿਆਸੀ ਪਾਰਟੀਆਂ ਚੋਣਾਂ ਲੜਨਗੀਆਂ ਤੇ ਜਿਸ ਸੂਬੇ 'ਚ ਕਾਂਗਰਸ ਤੇ 'ਆਪ' ਦੀ ਸਹਿਮਤੀ ਨਾ ਬਣ ਸਕੀ ਤਾਂ ਉਥੇ ਦੋਵੇਂ ਪਾਰਟੀਆਂ ਆਪਣੇ ਪੱਧਰ 'ਤੇ ਚੋਣ ਲੜਨਗੀਆਂ।
ਭਾਜਪਾ ਵਲੋਂ ਇੰਡੀਆ ਗਠਜੋੜ ਨੂੰ ਤੋੜਨ ਦੀ ਕੋਸ਼ਿਸ਼: ਇਸ ਦੇ ਨਾਲ ਹੀ ਮੰਤਰੀ ਧਾਲੀਵਾਲ ਨੇ ਕਿਹਾ ਕਿ ਬੇਸ਼ੱਕ ਹੋਰ ਸੂਬਿਆਂ 'ਚ 'ਆਪ' ਤੇ ਕਾਂਗਰਸ ਦੀ ਸਹਿਮਤੀ ਬਣ ਰਹੀ ਹੈ ਪਰ ਕੁਝ ਮੁੱਦਿਆਂ ਨੂੰ ਲੈਕੇ ਪੰਜਾਬ 'ਚ ਸਹਿਮਤੀ ਨਹੀਂ ਬਣ ਸਕੀ, ਜਿਸ ਦੇ ਚੱਲਦੇ ਦੋਵੇਂ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਦਮ 'ਤੇ ਇਹ ਚੋਣ ਲੜਨਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਇੰਨੇ ਦਬਾਅ 'ਚ ਹੈ ਕਿ ਉਹ 'ਆਪ' ਅਤੇ ਕਾਂਗਰਸ ਦਾ ਗਠਜੋੜ ਤੋੜਨ ਦੀ ਕੋਸ਼ਿਸ਼ 'ਚ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਡਰਨ ਵਾਲੇ ਨਹੀਂ ਹਾਂ ਅਤੇ ਭਾਜਪਾ ਦੀ ਸਰਕਾਰ ਨੂੰ ਹਰਾਉਣ ਲਈ ਗਠਜੋੜ ਹੋ ਕੇ ਰਹੇਗਾ ਤੇ ਚੋਣਾਂ 'ਚ ਜਿੱਤ ਵੀ ਹਾਸਲ ਕਰਾਂਗੇ।
ਲੋਕ ਇੰਡੀਆ ਗਠਜੋੜ ਨੂੰ ਦੇਣਗੇ ਜਿੱਤ ਦਾ ਫਤਵਾ: ਇਸ ਦੇ ਨਾਲ ਹੀ ਮੰਤਰੀ ਧਾਲੀਵਾਲ ਨੇ ਕਿਹਾ ਕਿ ਜੇ ਭਾਜਪਾ ਕੇਜਰੀਵਾਲ ਨੂੰ ਝੂਠੇ ਕੇਸ 'ਚ ਗ੍ਰਿਫ਼ਤਾਰ ਕਰਦੀ ਹੈ ਤਾਂ ਪੂਰਾ ਦੇਸ਼ ਅਰਵਿੰਦ ਕੇਜਰੀਵਾਲ ਨਾਲ ਖੜਾ ਹੋਵੇਗਾ ਤੇ ਦੇਸ਼ ਦੇ ਲੋਕ ਹੀ ਭਾਜਪਾ ਨੂੰ ਵੋਟਾਂ 'ਚ ਇਸ ਦਾ ਜਵਾਬ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਇਸ ਚੋਣਾਂ 'ਚ ਭਾਜਪਾ ਨੂੰ ਸੱਤਾ ਤੋਂ ਬਾਹਰ ਹੋਣਾ ਪਵੇਗਾ ਤੇ ਲੋਕ ਇੰਡੀਆ ਗਠਜੋੜ ਨੂੰ ਜਿੱਤ ਦਾ ਫਤਵਾ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ 'ਚ ਸਾਡੇ ਸਰਵੇ ਮੁਤਾਬਿਕ ਅਸੀਂ 13 ਸੀਟਾਂ 'ਤੇ ਹੀ ਜਿੱਤ ਪ੍ਰਾਪਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ 'ਚ ਲੋਕ ਸਾਡੀ ਪਾਰਟੀ ਨੂੰ ਹੀ ਜਿੱਤਾਉਣਗੇ।