ਲੁਧਿਆਣਾ: ਪੰਜਾਬ ਵਿੱਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਅਤੇ ਅੱਜ ਸ਼ਨੀਵਾਰ ਨੂੰ ਪੰਜਾਬ ਵਿੱਚ ਸੱਤਵੇਂ ਗੇੜ ਦੇ ਤਹਿਤ ਵੋਟਿੰਗ ਹੋਣੀ ਹੈ। 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ। ਇਸ ਤੋਂ ਪਹਿਲਾਂ, ਨਾਮਜ਼ਦਗੀਆਂ ਦਾ ਸਿਲਸਿਲਾ ਖ਼ਤਮ ਹੋ ਚੁੱਕਾ ਹੈ ਅਤੇ ਪੰਜਾਬ ਵਿੱਚ ਚਾਰ ਮੁੱਖ ਪਾਰਟੀਆਂ ਦੇ 52 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ। ਪੰਜਾਬ ਦੀ ਆਖਰੀ ਵੋਟਰ ਸੂਚੀ ਦੇ ਮੁਤਾਬਿਕ 2 ਕਰੋੜ, 14 ਲੱਖ, 61 ਹਜ਼ਾਰ, 739 ਕੁੱਲ ਵੋਟਰ ਹਨ, ਜੋ ਕਿ ਅੱਜ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਇਨ੍ਹਾਂ ਵਿੱਚੋਂ 1 ਕਰੋੜ, 12 ਲੱਖ, 86 ਹਜ਼ਾਰ, 726 ਮਰਦ ਵੋਟਰ ਹਨ, ਜਦਕਿ ਇਕ ਕਰੋੜ 1 ਲੱਖ, 74 ਹਜ਼ਾਰ, 240 ਮਹਿਲਾ ਵੋਟਰ ਅਤੇ 5 ਲੱਖ, 38 ਹਜ਼ਾਰ ਵੋਟਰ ਇਨ੍ਹਾਂ ਵਿੱਚੋਂ ਅਜਿਹੇ ਹਨ, ਜੋ ਪਹਿਲੀ ਵਾਰ ਆਪਣੇ ਚੋਣ ਹੱਕ ਦਾ ਇਸਤੇਮਾਲ ਕਰਨਗੇ। ਪੰਜਾਬ ਦੀਆਂ ਲੋਕ ਸਭਾ ਚੋਣਾਂ ਲਈ ਕੁੱਲ 13 ਸੀਟਾਂ ਹਨ ਅਤੇ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਦੇ ਵਿੱਚੋਂ 16,517 ਪਿੰਡਾਂ ਦੇ ਵਿੱਚ ਅਤੇ 7934 ਸ਼ਹਿਰਾਂ ਵਿੱਚ ਬਣਾਏ ਗਏ ਹਨ।
ਲੋਕ ਸਭਾ ਸੀਟ ਲੁਧਿਆਣਾ: ਲੋਕ ਸਭਾ ਸੀਟ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਇੱਥੇ ਕੁੱਲ 17 ਲੱਖ, 58 ਹਜ਼ਾਰ, 614 ਵੋਟਰ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਰਣਜੀਤ ਸਿੰਘ ਢਿੱਲੋ, ਭਾਜਪਾ ਤੋਂ ਰਵਨੀਤ ਬਿੱਟੂ, ਕਾਂਗਰਸ ਤੋਂ ਅਮਰਿੰਦਰ ਰਾਜਾ ਵੜਿੰਗ ਅਤੇ ਆਮ ਆਦਮੀ ਪਾਰਟੀ ਤੋਂ ਅਸ਼ੋਕ ਪਰਾਸ਼ਰ ਚੋਣ ਮੈਦਾਨ ਵਿੱਚ ਹੈ।
ਲੁਧਿਆਣਾ ਦੀ ਸੀਟ ਵੈਸੇ ਕਾਂਗਰਸ ਅਤੇ ਅਕਾਲੀ ਦਲ ਦੀ ਰਿਵਾਇਤੀ ਸੀਟ ਰਹੀ ਹੈ, ਪਰ, ਇਸ ਵਾਰ ਸਮੀਕਰਨ ਰਵਨੀਤ ਬਿੱਟੂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਬਦਲ ਚੁੱਕੇ ਹਨ। ਦੂਜੇ ਪਾਸੇ, ਕਾਂਗਰਸ ਨੇ ਇਸ ਵਾਰ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ ਅਤੇ ਦੂਜੇ ਪਾਸੇ ਆਪ ਉਮੀਦਵਾਰ ਅਸ਼ੋਕ ਪੱਪੀ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਰਹੇ ਹਨ। ਰਵਨੀਤ ਬਿੱਟੂ ਲਗਾਤਾਰ ਇਹ ਬਿਆਨ ਦੇ ਰਹੇ ਹਨ ਕਿ ਕੇਂਦਰ ਵਿੱਚ ਭਾਜਪਾ ਹੀ ਸੱਤਾ 'ਤੇ ਕਾਬਜ਼ ਹੋਵੇਗੀ। ਇਸ ਕਰਕੇ ਹੀ ਉਨ੍ਹਾਂ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਸੀ, ਤਾਂ ਕਿ ਲੁਧਿਆਣੇ ਦਾ ਵਿਕਾਸ ਕਰ ਸਕੀਏ। ਪਰ, ਲੁਧਿਆਣਾ ਵਿੱਚ ਸਿਰਫ਼ ਮੁੱਖ ਚਾਰ ਪਾਰਟੀਆਂ ਹੀ ਨਹੀਂ ਸਿਮਰਜੀਤ ਬੈਂਸ ਵੀ ਸਿਆਸਤ ਵਿੱਚ ਆਪਣਾ ਅਹਿਮ ਰੋਲ ਰੱਖਦੇ ਹਨ, ਜੋ ਕਿ ਇਸ ਫਿਲਹਾਲ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਹਨ।
ਪਿਛਲੀ ਵਾਰ ਸਿਮਰਜੀਤ ਬੈਂਸ ਦੂਜੇ ਨੰਬਰ ਉੱਤੇ ਰਹੇ ਸਨ ਜਿਸ ਤੋਂ ਕਾਂਗਰਸ ਨੂੰ ਹੋਰ ਲੁਧਿਆਣਾ ਵਿੱਚ ਮਜਬੂਤੀ ਵੇਖਣ ਨੂੰ ਮਿਲ ਰਹੀ ਹੈ। ਪਰ, ਰਵਨੀਤ ਬਿੱਟੂ ਵੀ ਵੱਡਾ ਵੋਟ ਬੈਂਕ ਰੱਖਦੇ ਹਨ, ਸੋ ਇਸ ਕਰਕੇ ਉਹ ਭਾਜਪਾ ਦੇ ਵੋਟ ਬੈਂਕ ਦੇ ਨਾਲ ਕਾਂਗਰਸ ਦੇ ਵੋਟ ਬੈਂਕ ਨੂੰ ਵੀ ਸੰਨ੍ਹ ਲਾ ਸਕਦੇ ਹਨ। ਅਜਿਹੇ ਵਿੱਚ ਮੁਕਾਬਲਾ ਫ਼ਸਵਾਂ ਹੈ, ਕਿਉਂਕਿ ਅਸ਼ੋਕ ਪਰਾਸ਼ਰ ਮੌਜੂਦਾ ਵਿਧਾਇਕ ਹਨ ਅਤੇ ਲਗਾਤਾਰ ਲੁਧਿਆਣਾ ਦੀ ਸੀਟ ਸਾਰੀਆਂ ਹੀ ਪਾਰਟੀਆਂ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ।
ਲੋਕ ਸਭਾ ਸੀਟ ਜਲੰਧਰ : ਜਲੰਧਰ ਵਿੱਚ ਕੁੱਲ ਵੋਟਰਾਂ ਦੀ ਗਿਣਤੀ 16 ਲੱਖ, 54 ਹਜ਼ਾਰ ਦੇ ਕਰੀਬ ਹੈ। ਜਲੰਧਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿੰਦਰ ਸਿੰਘ ਕੇਪੀ, ਆਮ ਆਦਮੀ ਪਾਰਟੀ ਵੱਲੋਂ ਪਵਨ ਕੁਮਾਰ ਟੀਨੂੰ, ਭਾਜਪਾ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਅਤੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਜਲੰਧਰ ਜ਼ਿਮਨੀ ਲੋਕ ਸਭਾ ਚੋਣ ਵਿੱਚ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਤੋਂ ਜੇਤੂ ਰਹੇ ਸਨ, ਪਰ ਬਾਅਦ ਵਿੱਚ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ। ਜਲੰਧਰ ਵਿੱਚ ਤਿੰਨ ਪਾਰਟੀਆਂ ਦੇ ਉਮੀਦਵਾਰ ਨਵੇਂ ਹਨ, ਜੋ ਕਿ ਦਲ ਬਦਲੀਆਂ ਕਰਕੇ ਇੱਕ ਦੂਜੇ ਵਿੱਚ ਸ਼ਾਮਿਲ ਹੋਏ ਹਨ। ਦੂਜੇ ਪਾਸੇ, ਚਰਨਜੀਤ ਚੰਨੀ ਜੋ ਕਿ ਕਾਂਗਰਸ ਦੇ ਪਿਛਲੀ ਸਰਕਾਰ ਵੇਲੇ ਸਾਬਕਾ ਮੁੱਖ ਮੰਤਰੀ ਵੀ ਰਹੇ ਹਨ। ਉਨ੍ਹਾਂ ਦੀ ਚਰਚਾ ਜਲੰਧਰ ਵਿੱਚ ਛਿੜੀ ਹੋਈ ਹੈ ਅਤੇ ਉਹ ਆਪਣੇ ਬਿਆਨਬਾਜ਼ੀਆਂ ਕਰਕੇ ਜਲੰਧਰ ਦੇ ਲੋਕਾਂ ਨੂੰ ਵੀ ਕਾਫੀ ਪਸੰਦ ਆ ਰਹੇ ਹਨ। ਬਾਕੀ ਤਿੰਨੇ ਹੀ ਪਾਰਟੀਆਂ ਦੇ ਉਮੀਦਵਾਰ ਵੱਖੋ ਵੱਖਰੀਆਂ ਪਾਰਟੀਆਂ ਛੱਡ ਕੇ ਇੱਕ ਦੂਜੇ ਦੇ ਵਿੱਚ ਸ਼ਾਮਿਲ ਹੋਏ ਹਨ ਜਿਸ ਕਰਕੇ ਲੋਕਾਂ ਵਿੱਚ ਉਨ੍ਹਾਂ ਦੇ ਪ੍ਰਤੀ ਕਾਫੀ ਰੋਸ ਵੀ ਹੈ।
ਲੋਕ ਸਭਾ ਸੀਟ ਅੰਮ੍ਰਿਤਸਰ: ਅੰਮ੍ਰਿਤਸਰ ਲੋਕ ਸਭਾ ਸੀਟ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਇੱਥੇ ਕੁੱਲ 16 ਲੱਖ, 11 ਹਜ਼ਾਰ, 263 ਵੋਟਰ ਹਨ, ਅਤੇ ਉਮੀਦਵਾਰਾਂ ਵਿੱਚ ਕਾਂਗਰਸ ਵੱਲੋਂ ਗੁਰਜੀਤ ਔਜਲਾ, ਆਮ ਆਦਮੀ ਪਾਰਟੀ ਦੇ ਕੁਲਦੀਪ ਧਾਲੀਵਾਲ, ਭਾਜਪਾ ਦੇ ਤਰਨਜੀਤ ਸੰਧੂ ਅਤੇ ਅਕਾਲੀ ਦਲ ਦੇ ਅਨਿਲ ਜੋਸ਼ੀ ਚੋਣ ਮੈਦਾਨ ਦੇ ਵਿੱਚ ਹਨ।
ਭਾਜਪਾ ਨੇ ਸਾਬਕਾ ਰਾਜਦੂਤ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ ਦੇ ਵੀ ਅਨਿਲ ਜੋਸ਼ੀ ਸਾਬਕਾ ਮੰਤਰੀ ਰਹੇ ਹਨ। ਦੂਜੇ ਪਾਸੇ, ਕੁਲਦੀਪ ਧਾਲੀਵਾਲ ਮੌਜੂਦਾ ਕੈਬਨਿਟ ਮੰਤਰੀ ਹਨ, ਜਿਨ੍ਹਾਂ ਉੱਤੇ ਆਮ ਆਦਮੀ ਪਾਰਟੀ ਨੇ ਆਪਣਾ ਦਾਅ ਖੇਡਿਆ ਹੈ। ਜਦਕਿ ਗੁਰਜੀਤ ਔਜਲਾ ਦੋ ਵਾਰ ਲਗਾਤਾਰ ਐਮਪੀ ਬਣ ਚੁੱਕੇ ਹਨ, ਪਹਿਲਾਂ 2017 ਜ਼ਿਮਨੀ ਚੋਣ ਵਿੱਚ ਅਤੇ ਫਿਰ 2019 ਲੋਕ ਸਭਾ ਚੋਣਾਂ ਵਿੱਚ ਉਹ ਜਿੱਤ ਚੁੱਕੇ ਹਨ। ਪਹਿਲਾਂ ਵੀ 2014 ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਅਰੁਣ ਜੇਤਲੀ ਨੂੰ ਇੱਥੋਂ ਹਰਾਇਆ ਸੀ। ਲਗਾਤਾਰ ਕਾਂਗਰਸ ਤਿੰਨ ਵਾਰ ਇਥੋਂ ਜਿੱਤ ਚੁੱਕੀ ਹੈ। ਅਜਿਹੇ ਵਿੱਚ ਗੁਰਜੀਤ ਔਜਲਾ ਦੀ ਸ਼ਖਸ਼ੀਅਤ ਕਾਫੀ ਮਜ਼ਬੂਤ ਮੰਨੀ ਜਾ ਰਹੀ ਹੈ, ਪਰ ਮੌਜੂਦਾ ਮੰਤਰੀ ਅਤੇ ਸਾਬਕਾ ਮੰਤਰੀ ਵੀ ਉਨ੍ਹਾਂ ਨੂੰ ਵੱਡੀ ਚੁਣੌਤੀ ਦੇ ਸਕਦੇ ਹਨ।
ਲੋਕ ਸਭਾ ਸੀਟ ਬਠਿੰਡਾ: ਬਠਿੰਡਾ ਲੋਕ ਸਭਾ ਸੀਟ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਕੁੱਲ 16,51,188 ਵੋਟਰ ਹਨ। ਅਕਾਲੀ ਦਲ ਵੱਲੋਂ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ ਰਹੀ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਦੂਜੇ ਪਾਸੇ, ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ, ਕਾਂਗਰਸ ਵੱਲੋਂ ਜੀਤ ਮਹਿੰਦਰ ਸਿੰਘ ਅਤੇ ਭਾਜਪਾ ਵੱਲੋਂ ਪਰਮਪਾਲ ਕੌਰ ਚੋਣ ਮੈਦਾਨ ਵਿੱਚ ਹੈ। ਇੱਕ ਪਾਸੇ, ਜਿੱਥੇ ਕਾਂਗਰਸ ਦੇ ਜੀਤ ਮਹਿੰਦਰ ਅਤੇ ਗੁਰਮੀਤ ਸਿੰਘ ਖੁੱਡੀਆਂ ਆਹਮੋ ਸਾਹਮਣੇ ਹਨ, ਦੂਜੇ ਪਾਸੇ ਦੋ ਮਹਿਲਾ ਉਮੀਦਵਾਰ ਭਾਜਪਾ ਦੀ ਪਰਮਪਾਲ ਕੌਰ ਅਤੇ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਚੋਣ ਮੈਦਾਨ ਦੇ ਵਿੱਚ ਹਨ।
ਹਰਸਿਮਰਤ ਕੌਰ ਬਾਦਲ ਲਗਾਤਾਰ 2009 ਤੋਂ ਇਸ ਸੀਟ ਉੱਤੇ ਜਿੱਤਦੀ ਰਹੀ ਹੈ, ਪਰ ਇਸ ਵਾਰ ਪਰਮਪਾਲ ਕੌਰ ਉਨ੍ਹਾਂ ਦਾ ਵੱਡਾ ਵੋਟ ਬੈਂਕ ਤੋੜ ਸਕਦੀ ਹੈ, ਕਿਉਂਕਿ ਪਹਿਲਾ ਭਾਜਪਾ ਅਤੇ ਅਕਾਲੀ ਦਲ ਇਕੱਠਿਆਂ ਹੀ ਚੋਣਾਂ ਲੜਦੇ ਸਨ। ਪਹਿਲੀ ਵਾਰ ਭਾਜਪਾ ਤੋਂ ਅਲੱਗ ਹੋ ਕੇ ਅਕਾਲੀ ਦਲ ਲੋਕ ਸਭਾ ਦੀ ਚੋਣ ਲੜ ਰਹੀ ਹੈ। ਅਜਿਹੇ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਦੇ ਵਿੱਚ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਥੇ ਹੀ ਮੌਜੂਦਾ ਮੰਤਰੀ ਅਤੇ ਜੀਤ ਮਹਿੰਦਰ ਵੀ ਸੀਨੀਅਰ ਲੀਡਰ ਹਨ, ਜਿਨ੍ਹਾਂ ਦਾ ਬਠਿੰਡਾ ਦੇ ਵਿੱਚ ਚੰਗਾ ਦਬਦਬਾ ਹੈ। ਅਜਿਹੇ ਵਿੱਚ ਇਸ ਵਾਰ ਹਰਸਿਮਰਤ ਕੌਰ ਬਾਦਲ ਲਈ ਜਿੱਤ ਦਾ ਰਾਹ ਆਸਾਨ ਨਹੀਂ ਹੋਵੇਗਾ।
ਲੋਕ ਸਭਾ ਸੀਟ ਅਨੰਦਪੁਰ ਸਾਹਿਬ: ਲੋਕ ਸਭਾ ਸੀਟ ਅਨੰਦਪੁਰ ਸਾਹਿਬ ਦੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 17 ਲੱਖ, 32 ਹਜ਼ਾਰ, 211 ਹੈ। ਅਨੰਦਪੁਰ ਸਾਹਿਬ ਵਿੱਚ ਜਿਆਦਾਤਰ ਪੇਂਡੂ ਇਲਾਕਾ ਹੈ। ਅਨੰਦਪੁਰ ਸਾਹਿਬ ਤੋਂ ਕਾਂਗਰਸ ਵੱਲੋਂ ਵਿਜੇਂਦਰ ਸਿੰਗਲਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੇਮ ਸਿੰਘ ਚੰਦੂ ਮਾਜਰਾ, ਭਾਜਪਾ ਵੱਲੋਂ ਸੁਭਾਸ਼ ਸ਼ਰਮਾ ਅਤੇ ਆਮ ਆਦਮੀ ਪਾਰਟੀ ਵੱਲੋਂ ਮਾਲਵਿੰਦਰ ਸਿੰਘ ਕੰਗ ਚੋਣ ਮੈਦਾਨ ਵਿੱਚ ਹੈ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ਮਨੀਸ਼ ਤਿਵਾੜੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਹਰਾ ਦਿੱਤਾ ਸੀ, ਪਰ ਇਸ ਵਾਰ ਮਨੀਸ਼ ਤਿਵਾੜੀ ਚੰਡੀਗੜ੍ਹ ਦੀ ਸਾਂਝੀ ਸੀਟ ਤੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰ ਹਨ। ਮਨੀਸ਼ ਤਿਵਾੜੀ ਤੋਂ ਪਹਿਲਾਂ ਲੁਧਿਆਣਾ ਦੀ ਸੀਟ ਛੁੱਡਵਾ ਦਿੱਤੀ ਗਈ ਸੀ। ਇਸ ਤੋਂ ਬਾਅਦ, ਅਨੰਦਪੁਰ ਸਾਹਿਬ ਦੀ ਸੀਟ ਵੀ ਛੁੱਡਵਾਈ ਗਈ ਹੈ ਅਤੇ ਹੁਣ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ। ਅਜਿਹੇ ਵਿੱਚ ਅਨੰਦਪੁਰ ਸਾਹਿਬ ਦੇ ਲੋਕ ਵਿਜੇਂਦਰ ਸਿੰਗਲਾ ਦੇ ਹੱਕ ਵਿੱਚ ਕਿੰਨਾ ਕੁ ਭੁਗਤਦੇ ਹਨ, ਇਹ ਇੱਕ ਵੱਡਾ ਸਵਾਲ ਹੈ।, ਹਾਲਾਂਕਿ, ਚੰਦੂ ਮਾਜਰਾ ਲਗਾਤਾਰ ਹਾਰਦੇ ਆ ਰਹੇ ਹਨ।
ਦੂਜੇ ਪਾਸੇ, ਪੇਂਡੂ ਹਲਕਾ ਹੋਣ ਕਰਕੇ ਭਾਜਪਾ ਦਾ ਅਨੰਦਪੁਰ ਸਾਹਿਬ ਹਲਕੇ ਵਿੱਚ ਵਿਰੋਧ ਹੈ। ਕਿਸਾਨ ਲਗਾਤਾਰ ਭਾਜਪਾ ਦਾ ਵਿਰੋਧ ਕਰ ਰਹੇ ਹਨ। ਜਦਕਿ, ਆਮ ਆਦਮੀ ਪਾਰਟੀ ਦੇ ਮਾਲਵਿੰਦਰ ਕੰਗ ਪਾਰਟੀ ਦੇ ਬੁਲਾਰੇ ਹਨ, ਹਾਲਾਂਕਿ ਉਹ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਹਨ। ਉਨ੍ਹਾਂ ਲਈ ਵੀ ਦਿੱਗਜਾਂ ਨੂੰ ਹਰਾਉਣਾ ਇੱਕ ਵੱਡਾ ਚੈਲੰਜ ਹੋਵੇਗਾ।
ਲੋਕ ਸਭਾ ਸੀਟ ਫ਼ਰੀਦਕੋਟ: ਲੋਕ ਸਭਾ ਸੀਟ ਫ਼ਰੀਦਕੋਟ ਵਿੱਚ ਕੁੱਲ ਵੋਟਰ 15 ਲੱਖ, 94 ਹਜ਼ਾਰ, 33 ਹਨ, ਉਮੀਦਵਾਰਾਂ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਕਾਂਗਰਸ ਵੱਲੋਂ ਅਮਰਜੀਤ ਕੌਰ, ਆਮ ਆਦਮੀ ਪਾਰਟੀ ਵੱਲੋਂ ਫਿਲਮ ਅਦਾਕਾਰ ਕਰਮਜੀਤ ਅਨਮੋਲ, ਭਾਜਪਾ ਵੱਲੋਂ ਹੰਸ ਰਾਜ ਹੰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਰੰਧਾਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਕਰਮਜੀਤ ਅਨਮੋਲ ਭਗਵੰਤ ਮਾਨ ਦੇ ਕਾਫੀ ਕਰੀਬੀ ਹਨ ਅਤੇ ਉਨ੍ਹਾਂ ਦੇ ਭਗਵੰਤ ਮਾਨ ਨਾਲ ਪੁਰਾਣੇ ਸੰਬੰਧ ਹਨ। ਕਾਂਗਰਸ ਵੱਲੋਂ ਅਮਰਜੀਤ ਕੌਰ ਨੂੰ ਦੂਜੀ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦਕਿ ਅਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਪਹਿਲੀ ਵਾਰ ਚੋਣ ਮੈਦਾਨ ਵਿੱਚ ਹਨ। ਦੂਜੇ ਪਾਸੇ, ਭਾਜਪਾ ਦੇ ਹੰਸ ਰਾਜ ਹੰਸ ਵੀ ਚੋਣ ਮੈਦਾਨ ਦੇ ਵਿੱਚ ਹਨ।
ਕਰਮਜੀਤ ਅਨਮੋਲ ਅਤੇ ਹੰਸ ਰਾਜ ਹੰਸ ਦੇ ਵਿਰੋਧ ਦੀਆਂ ਲਗਾਤਾਰ ਫ਼ਰੀਦਕੋਟ ਤੋਂ ਵੀਡੀਓ ਵੀ ਸਾਹਮਣੇ ਆ ਰਹੀਆਂ ਹਨ। ਦੋਵਾਂ ਹੀ ਆਗੂਆਂ ਨੂੰ ਕਾਫੀ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹਾਲਾਂਕਿ, ਅਕਾਲੀ ਦਲ ਵੱਲੋਂ ਪਹਿਲੀ ਵਾਰ ਰਾਜਵਿੰਦਰ ਸਿੰਘ ਚੋਣ ਮੈਦਾਨ ਵਿੱਚ ਹਨ। ਇੱਥੋਂ ਕਰਮਜੀਤ ਅਨਮੋਲ ਅਤੇ ਹੰਸ ਰਾਜ ਹੰਸ ਦੋਵਾਂ ਦੇ ਵਿਚਕਾਰ ਟੱਕਰ ਸੰਭਾਵਿਤ ਮੰਨੀ ਜਾ ਰਹੀ ਹੈ, ਜਿੰਨੀਆਂ ਵੋਟਾਂ ਜਿਆਦਾ ਹੰਸ ਰਾਜ ਹੰਸ ਨੂੰ ਪੈਣਗੀਆਂ, ਉਸ ਦਾ ਜ਼ਿਆਦਾ ਨੁਕਸਾਨ ਕਾਂਗਰਸ ਨੂੰ ਹੋ ਸਕਦਾ ਹੈ। ਕਰਮਜੀਤ ਅਨਮੋਲ ਅਤੇ ਹੰਸ ਰਾਜ ਹੰਸ ਦੋਵੇਂ ਹੀ ਪੰਜਾਬੀ ਸੰਗੀਤ ਜਗਤ ਅਤੇ ਕਲਾ ਜਗਤ ਦੀਆਂ ਮਸ਼ਹੂਰ ਹਸਤੀਆਂ ਹਨ।
ਲੋਕ ਸਭਾ ਸੀਟ ਸੰਗਰੂਰ: ਸੰਗਰੂਰ ਲੋਕ ਸਭਾ ਸੀਟ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਇੱਥੇ ਕੁੱਲ 15 ਲੱਖ, 56 ਹਜ਼ਾਰ, 601 ਵੋਟਰ ਹਨ। ਜਿੱਥੇ, ਪੂਰੇ ਪੰਜਾਬ ਵਿੱਚ ਚਾਰ ਪਾਰਟੀਆਂ ਵਿੱਚ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਦੂਜੇ ਪਾਸੇ, ਸੰਗਰੂਰ ਵਿੱਚ ਚੋਣ ਮੈਦਾਨ ਵਿੱਚ ਪੰਜ ਪਾਰਟੀਆਂ ਵਿਚਕਾਰ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ। ਕਿਉਂਕਿ ਇੱਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਵੀ ਦਬਦਬਾ ਰਿਹਾ ਹੈ। ਸਾਲ 2022 ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਸੀਟ ਉੱਤੇ ਜ਼ਿਮਨੀ ਚੋਣ ਹੋਈ ਸੀ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੇ ਬਾਜ਼ੀ ਮਾਰੀ ਸੀ।
ਕਾਂਗਰਸ ਤੋਂ ਸੁਖਪਾਲ ਖਹਿਰਾ, ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਮੀਤ ਹੇਅਰ, ਭਾਜਪਾ ਤੋਂ ਹਰ ਵੇਲੇ ਖੰਨਾ ਅਤੇ ਅਕਾਲੀ ਦਲ ਤੋਂ ਇਕਬਾਲ ਸਿੰਘ ਝੂੰਦਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। ਇੱਥੇ ਮੀਤ ਹੇਅਰ ਅਤੇ ਸੁਖਪਾਲ ਖਹਿਰਾ ਦੀ ਸਿੱਧੀ ਟੱਕਰ ਹੈ। ਪਰ, ਦੂਜੇ ਪਾਸੇ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਵੋਟ ਬੈਂਕ ਵੀ ਦੋਵਾਂ ਹੀ ਪਾਰਟੀਆਂ ਦੇ ਉਮੀਦਵਾਰਾਂ ਦੀ ਹਾਰ ਜਿੱਤ ਤੈਅ ਕਰ ਸਕਦਾ ਹੈ। ਸਾਲ 1996, 1998, 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਨੂੰ ਛੱਡ ਦਿੱਤਾ ਜਾਵੇ, ਤਾਂ ਸੰਗਰੂਰ ਵਿੱਚ ਵੀ ਹਰ ਵਾਰ ਲੋਕਾਂ ਨੇ ਇਥੋਂ ਚਿਹਰਾ ਬਦਲ ਦਿੱਤਾ ਹੈ। ਸੰਗਰੂਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਮੰਨਿਆ ਜਾਂਦਾ ਹੈ, ਪਰ ਆਮ ਆਦਮੀ ਪਾਰਟੀ ਦੇ ਅੱਗੇ ਇੱਕ ਵੱਡੀ ਚੁਣੌਤੀ ਇਹ ਵੀ ਹੈ ਕਿ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਕਰਨ ਦੇ ਬਾਵਜੂਦ 2022 ਜ਼ਿਮਨੀ ਚੋਣ ਲੋਕ ਸਭਾ ਦੇ ਵਿੱਚ ਸੰਗਰੂਰ ਤੋਂ ਸਿਮਰਜੀਤ ਸਿੰਘ ਮਾਨ ਤੋਂ ਹਾਰ ਗਈ ਸੀ।
ਲੋਕ ਸਭਾ ਸੀਟ ਫਿਰੋਜ਼ਪੁਰ : ਫਿਰੋਜ਼ਪੁਰ ਪਾਕਿਸਤਾਨ ਪੰਜਾਬ ਬਾਰਡਰ ਉੱਤੇ ਸਥਿਤ ਜ਼ਿਲ੍ਹਾ ਹੈ, ਫਿਰੋਜ਼ਪੁਰ ਵਿੱਚ ਕੁੱਲ 16 ਲੱਖ, 70 ਹਜ਼ਾਰ, 8 ਵੋਟਰ ਹਨ, ਕਾਂਗਰਸ ਵੱਲੋਂ ਸ਼ੇਰ ਸਿੰਘ ਘੁਬਾਇਆ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦਕਿ ਆਮ ਆਦਮੀ ਪਾਰਟੀ ਵੱਲੋਂ ਜਗਦੀਪ ਸਿੰਘ ਕਾਕਾ ਬਰਾੜ ਭਾਜਪਾ ਵੱਲੋਂ ਗੁਰਮੀਤ ਸਿੰਘ ਸੋਢੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਰਦੇਵ ਸਿੰਘ ਬੋਬੀ ਚੋਣ ਮੈਦਾਨ ਵਿੱਚ ਹਨ। ਇਸ ਤੋਂ ਪਹਿਲਾਂ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 2019 ਲੋਕ ਸਭਾ ਚੋਣਾਂ ਵਿੱਚ ਫਿਰੋਜ਼ਪੁਰ ਤੋਂ ਜਿੱਥੇ ਸਨ। ਸਾਲ 1998 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਫਿਰੋਜ਼ਪੁਰ ਸੀਟ ਉੱਤੇ ਕਾਬਜ਼ ਹੈ।
ਸੁਖਬੀਰ ਬਾਦਲ ਨੇ ਸ਼ੇਰ ਸਿੰਘ ਘੁਬਾਇਆ ਨੂੰ 2019 ਵਿੱਚ ਹਰਾਇਆ ਸੀ, ਹਾਲਾਂਕਿ 2014 ਵਿੱਚ ਸ਼ੇਰ ਸਿੰਘ ਘੁਬਾਇਆ ਨੇ ਸੁਨੀਲ ਜਾਖੜ ਨੂੰ ਮਾਤ ਦਿੱਤੀ ਸੀ। ਪਰ, ਇਸ ਵਾਰ ਸੁਖਬੀਰ ਬਾਦਲ ਨੇ ਪਹਿਲਾਂ ਹੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਸ਼ੇਰ ਸਿੰਘ ਘੁਬਾਇਆ ਦਾ ਵੀ ਇਲਾਕੇ ਵਿੱਚ ਫਿਰੋਜ਼ਪੁਰ ਸੀਟ ਉੱਤੇ ਹਮੇਸ਼ਾ ਤੋਂ ਹੀ ਅਕਾਲੀ ਦਲ ਅਤੇ ਕਾਂਗਰਸ ਦੇ ਵਿਚਕਾਰ ਮੁਕਾਬਲਾ ਰਿਹਾ ਹੈ। ਇਸ ਵਾਰ ਪਹਿਲੀ ਵਾਰ ਅਕਾਲੀ ਦਲ ਅਤੇ ਭਾਜਪਾ ਬਿਨਾਂ ਗਠਜੋੜ ਤੋਂ ਚੁਣ ਮੈਦਾਨ ਦੇ ਵਿੱਚ ਹਨ। ਪਰ, ਆਮ ਆਦਮੀ ਪਾਰਟੀ ਵੱਲੋਂ ਵੀ ਜਗਦੀਪ ਸਿੰਘ ਕਾਕਾ ਬਰਾੜ ਪਾਰਟੀ ਦੇ ਮਜਬੂਤ ਉਮੀਦਵਾਰ ਹਨ।
ਭਾਜਪਾ ਦੇ ਗੁਰਮੀਤ ਸਿੰਘ ਸੋਢੀ ਵੀ ਪੁਰਾਣੇ ਸਿਆਸਤਦਾਨ ਹਨ, ਅਜਿਹੇ ਵਿੱਚ ਚਾਰ ਤਰਫਾ ਮੁਕਾਬਲਾ ਤਾਂ ਹੈ, ਪਰ ਫਿਰੋਜ਼ਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਜ਼ਿਆਦਾ ਹਨ, ਪਰ ਦੂਜੇ ਪਾਸੇ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਆਪਣੀ ਸੀਟ ਛੱਡ ਚੁੱਕੇ ਹਨ ਅਤੇ ਦੂਜਾ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਚੁੱਕਾ ਹੈ। ਅਜਿਹੇ ਵਿੱਚ ਅਕਾਲੀ ਦਲ ਦੇ ਵੋਟਰ ਇਸ ਵਾਰ ਟੁੱਟ ਸਕਦੇ ਹਨ, ਪਰ ਇਸ ਦਾ ਫਾਇਦਾ ਕਿਸ ਨੂੰ ਹੋਵੇਗਾ ਤਾਂ 4 ਜੂਨ ਨੂੰ ਹੀ ਸਾਫ ਹੋਵੇਗਾ।
ਲੋਕ ਸਭਾ ਸੀਟ ਫ਼ਤਿਹਗੜ੍ਹ ਸਾਹਿਬ: ਲੋਕ ਸਭਾ ਸੀਟ ਫ਼ਤਿਹਗੜ੍ਹ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਇਹ ਰਿਜ਼ਰਵ ਸੀਟ ਹੈ। ਫਤਿਹਗੜ੍ਹ ਸਾਹਿਬ ਵਿੱਚ ਕੁੱਲ 15 ਲੱਖ, 52 ਹਜ਼ਾਰ, 567 ਕੁੱਲ ਵੋਟਰ ਹਨ। ਉਮੀਦਵਾਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਗੁਰਪ੍ਰੀਤ ਸਿੰਘ, ਅਕਾਲੀ ਦਲ ਵੱਲੋਂ ਬਿਕਰਮਜੀਤ ਸਿੰਘ, ਕਾਂਗਰਸ ਵੱਲੋਂ ਡਾਕਟਰ ਅਮਰ ਸਿੰਘ ਅਤੇ ਭਾਜਪਾ ਵੱਲੋਂ ਗੇਜਾ ਰਾਮ ਵਾਲਮੀਕੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਇਹ ਰਿਜ਼ਰਵ ਸੀਟ ਹੈ ਇਸ ਕਰਕੇ ਦਲਿਤ ਭਾਈਚਾਰੇ ਦਾ ਵੋਟ ਬੈਂਕ ਵੀ ਇਸ ਸੀਟ ਵਿੱਚ ਕਾਫੀ ਮਾਇਨੇ ਰੱਖਦਾ ਹੈ, ਹਾਲਾਂਕਿ 2019 ਦੇ ਵਿੱਚ ਡਾਕਟਰ ਅਮਰ ਸਿੰਘ ਇਸ ਸੀਟ ਤੋਂ ਕਾਂਗਰਸ ਵੱਲੋਂ ਜੇਤੂ ਰਹੇ ਸਨ, ਪਰ ਇਸ ਵਾਰ ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੀਪੀ ਦੇ ਨਾਲ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਦੋਵਾਂ ਦੇ ਵਿਚਕਾਰ ਮੁਕਾਬਲਾ ਕੜਾ ਹੋ ਸਕਦਾ ਹੈ।
ਹਾਲਾਂਕਿ, ਭਾਜਪਾ ਦਾ ਵੀ ਵੋਟ ਬੈਂਕ ਫ਼ਤਿਹਗੜ੍ਹ ਸਾਹਿਬ ਵਿੱਚ ਇੰਨਾਂ ਵੱਡਾ ਨਹੀਂ ਹੈ, ਪਰ ਨਿਰੋਲ ਪੇਂਡੂ ਹਲਕਾ ਹੋਣ ਕਰਕੇ ਭਾਜਪਾ ਦਾ ਕਿਸਾਨਾਂ ਵੱਲੋਂ ਵਿਰੋਧ ਜ਼ਰੂਰ ਕੀਤਾ ਜਾਂਦਾ ਹੈ। ਅਮਰ ਸਿੰਘ ਪਹਿਲਾਂ ਦਰਬਾਰਾ ਸਿੰਘ ਗੁਰੂ ਨੂੰ ਰਹਿ ਚੁੱਕੇ ਹਨ। ਗੁਰਪ੍ਰੀਤ ਸਿੰਘ ਜੀਪੀ ਸਾਬਕਾ ਵਿਧਾਇਕ ਵੀ ਰਹਿ ਚੁੱਕੇ ਹਨ, ਜੋ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਨ।
ਦੂਜੇ ਪਾਸੇ, ਬਿਕਰਮਜੀਤ ਸਿੰਘ ਖਾਲਸਾ 2007 ਵਿੱਚ ਅਕਾਲੀ ਦਲ ਦੀ ਟਿਕਟ ਤੋਂ ਖੰਨਾ ਤੋਂ ਚੋਣ ਜਿੱਤੇ ਸਨ। ਗੇਜਾ ਰਾਮ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਵੀ ਹਨ ਵਾਲਮੀਕੀ ਭਾਈਚਾਰੇ ਦੀ ਵੀ ਉਹ ਅਗਵਾਈ ਕਰਦੇ ਹਨ। ਇਸ ਸੀਟ ਉੱਤੇ ਦਲਿਤ ਵੋਟ ਬੈਂਕ ਹਾਰ-ਜਿੱਤ ਉੱਤੇ ਨਿਰਭਰ ਕਰੇਗਾ ਕਿ ਉਹ ਕਿਸ ਦੇ ਹੱਕ ਵਿੱਚ ਭੁਗਤਦਾ ਹੈ।
ਲੋਕ ਸਭਾ ਸੀਟ ਪਟਿਆਲਾ : ਪਟਿਆਲਾ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ, ਤਾਂ ਪੰਜਾਬ ਦੀਆਂ ਸਭ ਤੋਂ ਚਰਚਾ ਵਿੱਚ ਰਹਿਣ ਵਾਲੀਆਂ ਸੀਟਾਂ ਵਿੱਚੋਂ ਪਟਿਆਲਾ ਦੀ ਸੀਟ ਇੱਕ ਹੈ। ਪਟਿਆਲਾ ਵਿੱਚ 18 ਲੱਖ, 6 ਹਜ਼ਾਰ, 424 ਵੋਟਰ ਹਨ। ਉਮੀਦਵਾਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੀਨੀਅਰ ਲੀਡਰ ਐਨ ਕੇ ਸ਼ਰਮਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ, ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਬਲਬੀਰ ਸਿੰਘ ਨੂੰ, ਜਦਕਿ ਭਾਜਪਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ ਕੌਰ ਅਤੇ ਕਾਂਗਰਸ ਨੇ ਧਰਮਵੀਰ ਗਾਂਧੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ।
ਪਟਿਆਲਾ ਇਸ ਸਮੇਂ ਸਭ ਤੋਂ ਹੌਟ ਸੀਟ ਬਣੀ ਹੋਈ ਹੈ, ਕਿਉਂਕਿ ਸਾਰੇ ਹੀ ਉਮੀਦਵਾਰਾਂ ਦੀ ਸਾਖ ਉੱਤੇ ਗੱਲ ਬਣੀ ਹੋਈ ਹੈ। ਧਰਮਵੀਰ ਗਾਂਧੀ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ, ਪਰ ਉਨ੍ਹਾਂ ਨੇ ਹੁਣ ਦਲ ਬਦਲ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਇਸ ਸੀਟ ਤੋਂ ਆਪਣੀ ਕਿਸਮਤ ਅਜ਼ਮਾਈ ਹੈ। ਦੂਜੇ ਪਾਸੇ ਪ੍ਰਨੀਤ ਕੌਰ ਪਹਿਲਾਂ ਵੀ ਮੈਂਬਰ ਪਾਰਲੀਮੈਂਟ 2019 ਵਿੱਚ ਰਹਿ ਚੁੱਕੀ ਹੈ। ਪਹਿਲਾ ਉਹ ਕਾਂਗਰਸ ਤੋਂ ਸਨ ਅਤੇ ਹੁਣ ਭਾਜਪਾ ਵਿੱਚ ਸ਼ਾਮਿਲ ਹੋ ਕੇ ਭਾਜਪਾ ਦੀ ਟਿਕਟ ਤੋਂ ਚੋਣ ਲੜ ਰਹੇ ਹਨ। ਐਨ ਕੇ ਸ਼ਰਮਾ ਦਾ ਵੀ ਪਟਿਆਲਾ ਬੈਲਟ ਵਿੱਚ ਦਬਦਬਾ ਹੈ। ਅਜਿਹੇ ਵਿੱਚ ਪਟਿਆਲਾ ਦੇ ਅੰਦਰ ਕਿਸੇ ਦੋ ਪਾਰਟੀਆਂ ਦੇ ਵਿੱਚ ਮੁਕਾਬਲਾ ਨਹੀਂ ਸਗੋਂ ਚਾਰੇ ਪਾਰਟੀਆਂ ਦੇ ਵਿਚਕਾਰ ਰੋਚਕ ਮੁਕਾਬਲਾ ਬਣਿਆ ਹੋਇਆ ਹੈ।
ਲੋਕ ਸਭਾ ਸੀਟ ਹੁਸ਼ਿਆਰਪੁਰ: ਲੋਕ ਸਭਾ ਸੀਟ ਹੁਸ਼ਿਆਰਪੁਰ ਭਾਜਪਾ ਦੀ ਰਿਵਾਇਤੀ ਸੀਟ ਰਹੀ ਹੈ ਅਕਾਲੀ ਦਲ ਅਤੇ ਭਾਜਪਾ ਮਿਲ ਕਿ ਇਸ ਸੀਟ ਤੋਂ ਆਪਣੀ ਉਮੀਦਵਾਰ ਉਤਾਰਦੇ ਸਨ ਜੇਕਰ ਕੁੱਲ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਵਿੱਚ ਕੁੱਲ 16 ਲੱਖ, 1826 ਵੋਟਰ ਹਨ। ਭਾਜਪਾ ਵੱਲੋਂ ਅਨੀਤਾ ਸੋਮ ਪ੍ਰਕਾਸ਼ ਸਾਬਕਾ ਮੈਂਬਰ ਪਾਰਲੀਮੈਂਟ ਦੀ ਪਤਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੋਹਨ ਸਿੰਘ ਨੂੰ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਰਾਜਕੁਮਾਰ ਚੱਬੇਵਾਲ ਅਤੇ ਕਾਂਗਰਸ ਨੇ ਯਾਮਿਨੀ ਗੋਹਰ ਤੇ ਆਪਣਾ ਦਾਅ ਖੇਡਿਆ ਹੈ।
ਹੁਸ਼ਿਆਰਪੁਰ ਦੇ ਵਿੱਚ ਦਲਿਤ ਸੀਟ ਵੱਡੀ ਗਿਣਤੀ ਵਿੱਚ ਹੈ ਅਤੇ ਇੰਨਾਂ ਹੀ ਨਹੀਂ, ਇਸ ਸੀਟ ਉੱਤੇ ਹਿੰਦੂ ਵੋਟਰ ਵੀ ਵੱਡੀ ਗਿਣਤੀ ਵਿੱਚ ਹਨ। ਇਸੇ ਕਰਕੇ ਇਹ ਸੀਟ ਭਾਜਪਾ ਦੇ ਖਾਤੇ ਵਿੱਚ ਆਉਂਦੀ ਰਹੀ ਹੈ। ਭਾਜਪਾ ਦੇ ਖਾਤੇ ਵਿੱਚ ਪੰਜਾਬ ਤੋਂ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀ ਸੀਟ ਸ਼ੁਰੂ ਤੋਂ ਹੀ ਆਉਂਦੀ ਰਹੀ ਹੈ, ਪਰ ਇਸ ਵਾਰ ਭਾਜਪਾ ਵੱਲੋਂ ਅਨੀਤਾ ਸੋਮ ਪ੍ਰਕਾਸ਼ ਉੱਤੇ ਆਪਣਾ ਦਾ ਖੇਡਿਆ ਗਿਆ ਹੈ। ਜੇਕਰ ਅਕਾਲੀ ਦਲ ਨੂੰ ਵੋਟ ਜਿਆਦਾ ਪੈਂਦੀਆਂ ਹਨ, ਤਾਂ ਉਸ ਦਾ ਨੁਕਸਾਨ ਭਾਜਪਾ ਨੂੰ ਹੋ ਸਕਦਾ ਹੈ, ਕਿਉਂਕਿ ਪਹਿਲਾਂ ਇਹ ਦੋਵੇਂ ਹੀ ਪਾਰਟੀਆਂ ਇਕੱਠੇ ਚੋਣਾਂ ਲੜਦੀਆਂ ਰਹੀਆਂ ਹਨ।
ਲੋਕ ਸਭਾ ਸੀਟ ਗੁਰਦਾਸਪੁਰ : ਗੁਰਦਾਸਪੁਰ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ, ਤਾਂ ਕੁੱਲ 16 ਲੱਖ, 5 ਹਜ਼ਾਰ, 204 ਵੋਟਰ ਹਨ, ਜੋ ਕਿ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਤੈਅ ਕਰਨਗੇ। ਗੁਰਦਾਸਪੁਰ ਦੀ ਸੀਟ ਸ਼ੁਰੂ ਤੋਂ ਹੀ ਬੋਲੀਵੁੱਡ ਦੇ ਖਾਤੇ ਜਾਂਦੀ ਰਹੀ ਹੈ। ਪਹਿਲਾਂ ਵਿਨੋਦ ਖੰਨਾ, ਉਸ ਤੋਂ ਬਾਅਦ ਸੰਨੀ ਦਿਓਲ ਇਸ ਸੀਟ ਤੋਂ ਭਾਜਪਾ ਦੀ ਟਿਕਟ ਤੋਂ ਜਿੱਤਦੇ ਰਹੇ ਹਨ। ਪਰ, ਇਸ ਵਾਰ ਬਾਲੀਵੁੱਡ ਦਾ ਜਲਵਾ ਇਸ ਸੀਟ ਉੱਤੇ ਦੇਖਣ ਨੂੰ ਨਹੀਂ ਮਿਲੇਗਾ, ਕਿਉਂਕਿ ਆਮ ਆਦਮੀ ਪਾਰਟੀ ਨੇ ਅਮਨ ਸ਼ੇਰ ਸਿੰਘ ਨੂੰ ਜਿਨ੍ਹਾਂ ਦੀ ਉਮਰ ਮਹਿਜ਼ 36 ਸਾਲ ਹੈ, ਚੋਣ ਮੈਦਾਨ ਵਿੱਚ ਉਤਾਰਿਆ ਹੈ।
ਉੱਥੇ ਹੀ, ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੀਨੀਅਰ ਲੀਡਰ ਅਤੇ ਪਾਰਟੀ ਦੇ ਮੁੱਖ ਬੁਲਾਰੇ ਡਾਕਟਰ ਦਲਜੀਤ ਚੀਮਾ ਨੂੰ ਗੁਰਦਾਸਪੁਰ ਸੀਟ ਤੋਂ ਲੜਨ ਲਈ ਭੇਜ ਦਿੱਤਾ ਹੈ। ਭਾਜਪਾ ਵੱਲੋਂ ਦਿਨੇਸ਼ ਸਿੰਘ ਬੱਬੂ ਅਤੇ ਕਾਂਗਰਸ ਨੇ ਸੁਖਜਿੰਦਰ ਰੰਧਾਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇੱਥੇ ਸਥਾਨਕ ਲੋਕਾਂ ਦੇ ਮੁਤਾਬਿਕ ਸੁਖਜਿੰਦਰ ਰੰਧਾਵਾ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਸਿੱਧੀ ਟੱਕਰ ਹੈ। ਸੁਖਜਿੰਦਰ ਰੰਧਾਵਾ ਲਈ ਇਹ ਸੀਟ ਬਹੁਤ ਮਾਇਨੇ ਰੱਖਦੀ ਹੈ, ਜੋ ਕਿ ਆਪਣੇ ਆਪ ਨੂੰ ਮਾਝੇ ਦਾ ਜਰਨੈਲ ਵੀ ਕਹਿੰਦੇ ਹਨ ਮਾਝੇ ਵਿੱਚ ਆਉਂਦੀ ਹੈ। ਇਸ ਸੀਟ ਦੇ ਸਿਆਸੀ ਸਮੀਕਰਨ ਵੱਖਰੇ ਹਨ, ਕਿਉਂਕਿ ਪਹਿਲਾਂ ਇੱਥੋਂ ਕਲਾਕਾਰਾਂ ਨੂੰ ਲੋਕ ਜਿਤਾਉਂਦੇ ਰਹੇ ਹਨ, ਪਰ ਇਸ ਵਾਰ ਕਲਾਕਾਰਾਂ ਦੀ ਥਾਂ ਉੱਤੇ ਸਿਆਸਤਦਾਨ ਸਿੱਧੇ ਚੋਣ ਮੈਦਾਨ ਦੇ ਵਿੱਚ ਹਨ।
ਲੋਕ ਸਭਾ ਸੀਟ ਖਡੂਰ ਸਾਹਿਬ : ਪੰਜਾਬ ਦੇ ਮਾਝਾ ਖਿੱਤੇ ਅਧੀਨ ਪੈਂਦਾ ਸ਼ਹਿਰ ਖਡੂਰ ਸਾਹਿਬ ਸਿੱਖ ਭਾਈਚਾਰੇ ਲਈ ਖ਼ਾਸ ਅਹਿਮੀਅਤ ਰੱਖਦਾ ਹੈ। ਖਡੂਰ ਸਾਹਿਬ ਦੀ ਧਰਤੀ ਨੂੰ ਸਿੱਖ ਧਰਮ ਦੇ 10 ਚੋਂ 8 ਗੁਰੂਆਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਸ ਵੇਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਖਡੂਰ ਸਾਹਿਬ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।
ਇਸ ਸੀਟ ਤੋਂ ਆਮ ਆਦਮੀ ਪਾਰਟੀ ਨੇ ਲਾਲਜੀਤ ਸਿੰਘ ਭੁੱਲਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਦੂਜੇ ਪਾਸੇ, ਕਾਂਗਰਸ ਵਲੋਂ ਕੁਲਬੀਰ ਸਿੰਘ ਜ਼ੀਰਾ, ਭਾਜਪਾ ਵਲੋਂ ਮਨਜੀਤ ਸਿੰਘ ਮੰਨਾ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਰਸਾ ਸਿੰਘ ਵਲਟੋਹਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਇਸ ਤੋਂ ਇਲਾਵਾ, ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ 'ਵਾਰਸ ਪੰਜਾਬ ਦੇ' ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਵੱਲੋਂ ਆਜ਼ਾਦ ਤੌਰ 'ਤੇ ਚੋਣ ਲੜਨ ਦੇ ਲਏ ਗਏ ਫੈਸਲੇ ਤੋਂ ਬਾਅਦ ਇਸ ਹਲਕੇ ਦੀ ਸਿਆਸੀ ਹਵਾ ਕਾਫ਼ੀ ਦਿਲਚਸਪ ਬਣਦੀ ਨਜ਼ਰ ਆ ਰਹੀ ਹੈ।