ਲੁਧਿਆਣਾ: ਇਸ ਵਾਰ ਲੋਕ ਸਭਾ ਚੋਣਾਂ ਦਰਮਿਆਨ ਲੁਧਿਆਣਾ ਵਿੱਚ ਦਿੱਕਤ ਉਮੀਦਵਾਰਾਂ ਦੀ ਕਿਸਮਤ ਦਾਅ ਉੱਤੇ ਲੱਗੀ ਹੈ, ਪਰ ਉੱਥੇ ਹੀ ਜੇਕਰ ਇਨ੍ਹਾਂ ਦੀ ਪੜ੍ਹਾਈ ਲਿਖਾਈ ਦੀ ਗੱਲ ਕੀਤੀ ਜਾਵੇ, ਤਾਂ ਲੁਧਿਆਣਾ ਵਿੱਚ ਕੁੱਲ 43 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਇਨ੍ਹਾਂ ਵਿੱਚੋਂ 26 ਉਮੀਦਵਾਰ ਆਜ਼ਾਦ ਹਨ। ਇਨ੍ਹਾਂ ਸਾਰੇ ਹੀ ਉਮੀਦਵਾਰਾਂ ਵਿੱਚ ਸਭ ਤੋਂ ਵੱਧ ਪੜ੍ਹੀ ਲਿਖੀ ਆਜ਼ਾਦ ਉਮੀਦਵਾਰ ਪਲਵਿੰਦਰ ਕੌਰ ਹੈ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐਚਡੀ ਹੋਲਡਰ ਹੈ। ਉਹ ਲੁਧਿਆਣਾ ਲੋਕ ਸਭਾ ਤੋਂ ਚੋਣ ਮੈਦਾਨ ਵਿੱਚ ਉਤਰੇ 43 ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ ਪੜੀ ਲਿਖੀ ਹੈ। ਜੇਕਰ, ਸਭ ਤੋਂ ਘੱਟ ਪੜ੍ਹੇ ਲਿਖੇ ਉਮੀਦਵਾਰ ਦੀ ਗੱਲ ਕੀਤੀ ਜਾਵੇ, ਤਾਂ ਭੋਲਾ ਸਿੰਘ ਹੈ, ਜੋ ਕਿ 8 ਵੀਂ ਫੇਲ੍ਹ ਹੈ। ਜਦਕਿ ਜਨ ਸੇਵਾ ਡਰਾਈਵਰ ਪਾਰਟੀ ਦੇ ਰਾਜੀਵ ਕੁਮਾਰ ਮਹਿਰਾ 5ਵੀਂ ਜਮਾਤ ਪਾਸ ਹਨ।
ਕਿੰਨੇ ਪੜ੍ਹੇ ਲਿਖੇ ਹਨ ਦਿੱਗਜ ਉਮੀਦਵਾਰ: ਲੁਧਿਆਣਾ ਦੇ ਜੇਕਰ ਚਾਰ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ, ਤਾਂ ਰਵਨੀਤ ਬਿੱਟੂ ਜੋ ਕਿ ਲਗਾਤਾਰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣ ਚੁੱਕੇ ਹਨ। ਦੋ ਵਾਰ ਲੁਧਿਆਣਾ ਤੋਂ ਜਿੱਤ ਚੁੱਕੇ ਹਨ ਅਤੇ ਇੱਕ ਵਾਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਤ ਚੁੱਕੇ ਹਨ, ਉਨ੍ਹਾਂ ਨੇ ਆਪਣੇ ਦਸਤਾਵੇਜ਼ਾਂ ਦੇ ਵਿੱਚ ਖੁਦ ਨੂੰ 12 ਵੀਂ ਜਮਾਤ ਪਾਸ ਦੱਸਿਆ ਹੈ।
ਇਸੇ ਤਰ੍ਹਾਂ ਜੇਕਰ ਗੱਲ ਕਾਂਗਰਸ ਦੇ ਪੰਜਾਬ ਪ੍ਰਧਾਨ ਅਤੇ ਲੁਧਿਆਣਾ ਤੋਂ ਮੌਜੂਦਾ ਉਮੀਦਵਾਰ ਰਾਜਾ ਵੜਿੰਗ ਦੀ ਖੇਤੀ ਜਾਵੇ, ਤਾਂ ਉਹ 10 ਵੀਂ ਜਮਾਤ ਪਾਸ ਹਨ। ਆਮ ਆਦਮੀ ਪਾਰਟੀ ਦੇ ਅਸ਼ੋਕ ਪਰਾਸ਼ਰ ਪੱਪੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ 7 ਵੀਂ ਜਮਾਤ ਪਾਸ ਹਨ। ਉਨ੍ਹਾਂ ਨੇ ਆਪਣੇ ਦਸਤਾਵੇਜ਼ਾਂ ਵਿੱਚ ਸੱਤਵੀਂ ਦੇ ਪਾਸ ਹੋਣ ਦੇ ਸਰਟੀਫਿਕੇਟ ਲਗਾਏ ਹਨ। ਇਸੇ ਤਰ੍ਹਾਂ ਜੇਕਰ ਗੱਲ ਲੁਧਿਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋ ਦੀ ਕੀਤੀ ਜਾਵੇ ਤਾਂ ਉਹ ਵੀ ਕੋਈ ਖਾਸ ਪੜ੍ਹੇ ਲਿਖੇ ਨਹੀਂ ਹਨ। ਰਣਜੀਤ ਸਿੰਘ ਢਿੱਲੋਂ 10 ਵੀਂ ਜਮਾਤ ਪਾਸ ਹਨ ਅਤੇ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1986 ਵਿੱਚ ਗਿਆਨੀ ਕੀਤੀ ਹੋਈ ਹੈ। ਗਿਆਨੀ ਵਿੱਚ ਦਾਖਲਾ ਲੈਣ ਲਈ 10 ਵੀਂ ਜਮਾਤ ਪਾਸ ਕੀਤੀ ਹੋਈ ਲਾਜ਼ਮੀ ਹੋਣੀ ਚਾਹੀਦੀ ਹੈ।
ਮੰਚ ਤੋਂ ਦਾਅਵੇ: ਹਾਲਾਂਕਿ, ਅਸ਼ੋਕ ਪਰਾਸ਼ਰ ਲੁਧਿਆਣਾ ਕੇਂਦਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਹਨ ਅਤੇ ਦੂਜੇ ਪਾਸੇ ਰਣਜੀਤ ਢਿੱਲੋ ਵੀ ਲੁਧਿਆਣਾ ਤੋਂ ਵਿਧਾਇਕ ਰਹਿ ਚੁੱਕੇ ਹਨ, ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਇਹ ਜ਼ਰੂਰ ਦਾਅਵੇ ਕਰਦੇ ਰਹੇ ਹਨ ਕਿ ਉਹ ਸਟੂਡੈਂਟ ਪੋਲੀਟਿਕਸ ਦੇ ਵਿੱਚ ਕਾਫੀ ਸਰਗਰਮ ਰਹੇ ਹਨ। ਖਾਸ ਕਰਕੇ ਯੂਥ ਕਾਂਗਰਸ ਦੇ ਉਹ ਕਾਫੀ ਲੰਬਾ ਸਮਾਂ ਪ੍ਰਧਾਨ ਵੀ ਰਹੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਦੀ ਕਮਾਨ ਸੌਂਪੀ ਗਈ ਸੀ।
ਉੱਥੇ ਹੀ, ਦੂਜੇ ਪਾਸੇ ਰਵਨੀਤ ਬਿੱਟੂ ਵੀ ਇਹ ਦਾਅਵੇ ਕਰਦੇ ਰਹੇ ਹਨ ਕਿ ਉਹ ਵੀ ਯੂਥ ਕਾਂਗਰਸ ਦੇ ਕਾਫੀ ਸਰਗਰਮ ਆਗੂ ਰਹੇ ਹਨ ਅਤੇ ਲੰਬਾ ਸਮਾਂ ਯੂਥ ਕਾਂਗਰਸ ਦੇ ਵਿੱਚ ਰਹਿ ਕੇ ਕਾਂਗਰਸ ਦੀ ਸੇਵਾ ਕਰਦੇ ਰਹੇ ਹਨ। ਹਾਲਾਂਕਿ ਇਹ ਦੋਵੇਂ ਹੀ ਯੂਥ ਦੇ ਨਾਲ ਜੁੜੇ ਹੋਏ ਲੀਡਰ ਹਨ, ਪਰ ਲੋਕ ਸਭਾ ਚੋਣਾਂ ਵਿੱਚ ਇਨ੍ਹਾਂ ਦੋਵਾਂ ਹੀ ਵੱਲੋਂ ਜੋ ਆਪਣੀ ਸਿੱਖਿਆ ਦੇ ਸਰਟੀਫਿਕੇਟ ਲਗਾਏ ਗਏ ਹਨ, ਉਨ੍ਹਾਂ ਦੇ ਮੁਤਾਬਕ ਰਾਜਾ ਵੜਿੰਗ ਦਸਵੀਂ ਜਮਾਤ ਪਾਸ ਹੈ ਅਤੇ ਦੂਜੇ ਪਾਸੇ ਰਵਨੀਤ ਬਿੱਟੂ ਭਾਜਪਾ ਦੇ ਉਮੀਦਵਾਰ ਬਾਰਵੀਂ ਜਮਾਤ ਪਾਸ ਹਨ। ਅਜਿਹੇ ਦੇ ਵਿੱਚ ਸਟੂਡੈਂਟ ਪੋਲੀਟਿਕਸ ਵਿੱਚ ਅਤੇ ਖਾਸ ਕਰਕੇ ਯੂਥ ਵਿੱਚ ਉਹ ਕਿਸ ਤਰ੍ਹਾਂ ਸਰਗਰਮ ਰਹੇ ਇਹ ਵੀ ਇੱਕ ਵੱਡਾ ਸਵਾਲ ਹੈ।