ਬਠਿੰਡਾ : ਇਨੀਂ ਦਿਨੀਂ ਪੰਜਾਬ ਵਿੱਚ ਸਿਆਸੀ ਮਾਹੌਲ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ, ਜਿੱਥੇ ਸਿਆਸੀ ਪਾਰਟੀਆਂ ਵੱਲੋਂ ਜੰਗੀ ਪੱਧਰ 'ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਉੱਥੇ ਹੀ ਆਪਣੇ ਆਪਣੇ ਮੁੱਦੇ ਲੈ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਬਠਿੰਡਾ ਦੇ ਪਿੰਡ ਸ਼ੇਰਗੜ੍ਹ ਦੀ ਸੱਥ ਜਾ ਕੇ ਜਦੋਂ ਸੱਥ ਵਿੱਚ ਬੈਠੇ ਬਜ਼ੁਰਗ ਅਤੇ ਨੌਜਵਾਨਾਂ ਤੋਂ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਜਦੋਂ ਵਿਚਾਰ ਚਰਚਾ ਕੀਤੀ ਗਈ, ਤਾਂ ਇਹ ਗੱਲ ਸਾਹਮਣੇ ਆਈ ਕਿ ਸੱਥਾਂ ਵਿੱਚ ਬੈਠੇ ਲੋਕ ਦਲ ਬਦਲੂ ਸਿਆਸਤਦਾਨਾਂ ਤੋਂ ਬੜੇ ਪਰੇਸ਼ਾਨ ਨਜ਼ਰ ਆ ਰਹੇ ਹਨ।
ਲੋਕਾਂ ਨੂੰ ਲੀਡਰਾਂ 'ਤੇ ਨਹੀਂ ਰਿਹਾ ਭਰੋਸਾ: ਪਿੰਡ ਸ਼ੇਰਗੜ੍ਹ ਦੀ ਸੱਥ ਵਿੱਚ ਬੈਠੇ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਵੋਟਾਂ ਨੂੰ ਲੈ ਕੇ ਕੀ ਫੈਸਲਾ ਕਰੀਏ, ਇਹ ਨਹੀਂ ਪਤਾ ਵੀ ਸਵੇਰ ਨੂੰ ਕਿਹੜਾ ਲੀਡਰ ਕਿਹੜੀ ਪਾਰਟੀ ਵਿੱਚ ਹੋਵੇਗਾ ਅਤੇ ਕੌਣ ਲੀਡਰ ਕਿਹੜੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹੋਵੇਗਾ। ਇਸ ਲਈ ਇਨ੍ਹਾਂ ਚੋਣਾਂ ਦਾ ਕੋਈ ਵੱਡਾ ਮੰਤਵ ਨਜ਼ਰ ਨਹੀਂ ਆ ਰਿਹਾ, ਕਿਉਂਕਿ ਲੋਕ ਵੀ ਹੁਣ ਇਨ੍ਹਾਂ ਲੀਡਰਾਂ ਵਰਗੇ ਹੋ ਗਏ ਹਨ। ਉਹ ਵੀ ਆਪਣੇ ਦਿਲ ਦਾ ਭੇਦ ਨਹੀਂ ਦੇ ਰਹੇ। ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਲੋਕ ਮੁੱਦੇ ਖ਼ਤਮ ਹੋ ਚੁੱਕੇ ਹਨ ਅਤੇ ਉਮੀਦਵਾਰਾਂ ਵੱਲੋਂ ਇੱਕ ਦੂਜੇ ਉੱਪਰ ਨਿੱਜੀ ਹਮਲੇ ਕੀਤੇ ਜਾ ਰਹੇ ਹਨ, ਜੋ ਕਿ ਸਰਾਸਰ ਗ਼ਲਤ ਹੈ। ਕੋਈ ਵੀ ਉਮੀਦਵਾਰ ਲੋਕ ਮੁੱਦੇ ਵਿਸਾਰ ਕੇ ਚੋਣਾਂ ਨਹੀਂ ਜਿੱਤ ਸਕਦਾ।
ਇੰਟਰਨੈਂਟ ਨੇ ਵੀ ਬਦਲੀ ਸੋਚ: ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਭੱਖਦੇ ਮੁੱਦੇ ਬੇਰੁਜ਼ਗਾਰੀ, ਨੌਜਵਾਨੀ ਦਾ ਪ੍ਰਵਾਸ ਅਤੇ ਨਸ਼ੇ ਜਿਹੇ ਮੁੱਦਿਆਂ ਨੂੰ ਵਿਸਾਰ ਕੇ ਸਿਆਸਤਦਾਨ ਨਿਜੀ ਹਮਲੇ ਕਰਕੇ ਲੋਕਾਂ ਨੂੰ ਭਰਮਾਉਣਗੇ, ਤਾਂ ਲੋਕ ਇੰਨੇ ਵੀ ਭੋਲੇ ਨਹੀਂ ਕਿ ਇਨ੍ਹਾਂ ਸਿਆਸਤਦਾਨਾਂ ਦੀਆਂ ਗੱਲਾਂ ਵਿੱਚ ਆ ਜਾਣਗੇ। ਉਨ੍ਹਾਂ ਪੁਰਾਣੇ ਸਮਿਆਂ ਦੀ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਸਮਿਆਂ ਵਿੱਚ ਇੰਟਰਨੈਟ ਜਿਹੀ ਸੁਵਿਧਾ ਨਹੀਂ ਸੀ ਅਤੇ ਲੋਕ ਇੱਕ ਦੂਜੇ ਦੇ ਮੂੰਹ ਮੁਲਾਜੇ ਨੂੰ ਵੋਟ ਪਾ ਦਿੰਦੇ ਸੀ। ਪਿੰਡ ਵਿੱਚੋਂ ਇੱਕ ਮੋਹਰੀ ਵਿਅਕਤੀ ਉੱਠ ਕੇ ਕਿਸੇ ਇੱਕ ਪਾਰਟੀ ਨੂੰ ਵੋਟ ਪਾਉਣ ਲਈ ਕਹਿ ਦਿੰਦਾ ਸੀ ਅਤੇ ਲੋਕ ਵੋਟ ਪਾ ਦਿੰਦੇ ਸੀ, ਪਰ ਹੁਣ ਇੰਟਰਨੈਟ ਜਿਹੇ ਜਮਾਨੇ ਵਿੱਚ ਲੋਕ ਅਗਲੀਆਂ ਪਿਛਲੀਆਂ ਕਹੀਆਂ ਹੋਈਆਂ ਇਨ੍ਹਾਂ ਸਿਆਸਤਦਾਨਾਂ ਦੀਆਂ ਗੱਲਾਂ ਨੂੰ ਵਿਚਾਰਦੇ ਹਨ ਅਤੇ ਫਿਰ ਉਨ੍ਹਾਂ ਨੂੰ ਲਾਗੂ ਕਰਨ ਵਿੱਚ ਕੀਤੀ ਗਈ ਦੇਰੀ ਨੂੰ ਲੈ ਕੇ ਫੈਸਲੇ ਲੈਂਦੇ ਹਨ।
ਪਿੰਡ ਵਾਸੀਆਂ ਨੇ ਕਿਹਾ ਕਿ ਸੋ ਸਿਆਸਤਦਾਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹ ਆਪਣਾ ਸਟੈਂਡ ਕਲੀਅਰ ਰੱਖਣ, ਕਿਉਂਕਿ ਜੇਕਰ ਵਾਰ-ਵਾਰ ਉਹ ਪਾਰਟੀਆਂ ਬਦਲਣਗੇ, ਤਾਂ ਲੋਕ ਵੀ ਉਨ੍ਹਾਂ ਨਾਲ ਇਹੋ ਜਿਹੇ ਵਿਹਾਰ ਕਰਨਗੇ।