ਚੰਡੀਗੜ੍ਹ: ਨਸ਼ਾ ਤਸਕਰਾਂ ਤੋਂ ਪੰਜ ਲੱਖ ਰੁਪਏ ਲੈ ਕੇ ਉਨ੍ਹਾਂ ਨੂੰ ਛੱਡਣ ਅਤੇ ਤਿੰਨ ਕਿੱਲੋ ਅਫੀਮ ਖੁਰਦ-ਬੁਰਦ ਕਰਨ ਦੇ ਦੋਸ਼ ’ਚ ਘਿਰੀ ਮੋਗਾ ਦੀ ਐਸਐਚਓ ਅਰਸ਼ਪ੍ਰੀਤ ਕੌਰ ਗਰੇਵਾਲ ਦਾ ਨਾਮ ਅੱਜ ਹਰ ਇਕ ਦੀ ਜ਼ੁਬਾਨ 'ਤੇ ਹੈ। ਪਰ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਰਸ਼ਪ੍ਰੀਤ ਕੌਰ ਕੌਣ ਹੈ ?
ਲੁਧਿਆਣਾ ਦੀ ਰਹਿਣ ਵਾਲੀ ਹੈ ਇੰਸਪੈਕਟਰ ਅਰਸ਼ਪ੍ਰੀਤ ਕੌਰ
ਦਰਅਸਲ ਇੰਸਪੈਕਟਰ ਅਰਸ਼ਪ੍ਰੀਤ ਕੌਰ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਉਹਨਾਂ ਨੇ ਆਪਣੀ ਮੁੱਢਲੀ ਅਤੇ ਉਚੇਰੀ ਸਿੱਖਿਆ ਵੀ ਲੁਧਿਆਣਾ ਤੋਂ ਹੀ ਪ੍ਰਾਪਤ ਕੀਤੀ ਹੈ। ਪੁਲਿਸ ਦੀ ਡਿਊਟੀ ਕਰਨ ਦੇ ਨਾਲ ਨਾਲ ਉਹ ਇੱਕ ਪਰਿਵਾਰਿਕ ਜ਼ਿਮੇਵਾਰੀ ਵੀ ਸੰਭਾਲ ਰਹੀ ਹੈ ਯਾਨੀ ਕਿ ਉਹ ਵਿਆਹੁਤਾ ਹੈ ਅਤੇ ਉਹਨਾਂ ਦਾ ਇੱਕ ਬੱਚਾ ਵੀ ਹੈ। ਗੌਰਤਲਬ ਹੈ ਕਿ ਅਰਸ਼ਪ੍ਰੀਤ ਦੇ ਪਿਤਾ ਵੀ ਪੰਜਾਬ ਪੁਲਿਸ ਵਿੱਚ ਤਾਇਨਾਤ ਸਨ ਤੇ ਕਈ ਅਫਸਰਾਂ ਨਾਲ ਕੰਮ ਕਰ ਚੁੱਕੇ ਹਨ। ਇਸ ਕਰਕੇ ਵੀ ਅਰਸ਼ਪ੍ਰੀਤ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲਦਾ ਰਿਹਾ ਹੈ।
ਕੋਰੋਨਾ ਕਾਲ 'ਚ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਗੱਲਬਾਤ
ਜ਼ਿਕਰਯੋਗ ਹੈ ਕਿ ਪਹਿਲੀ ਵਾਰ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਉਦੋਂ ਸੁਰਖੀਆਂ ਵਿੱਚ ਆਈ ਸੀ ਜਦੋਂ ਉਹ ਪਹਿਲੀ ਕੋਰੋਨਾ ਵਾਰੀਅਰ ਵਜੋਂ ਬੀਮਾਰ ਹੋਈ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਵੀਡੀਓ ਕਾਲ ਕਰ ਕੇ ਉਸ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਸੀ। ਜਦੋਂ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਉਸ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਸੀ।
ਅਰਸ਼ਪ੍ਰੀਤ ਕੌਰ ਗਰੇਵਾਲ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ
ਹਾਲ ਹੀ 'ਚ ਰਿਸ਼ਵਤਖੋਰੀ ਦੇ ਇਲਜ਼ਾਮਾਂ 'ਚ ਘਿਰੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਨਾਤਾ ਰਿਹਾ ਹੈ। ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਲੁਧਿਆਣਾ ਵਿੱਚ ਤਾਇਨਾਤੀ ਦੌਰਾਨ ਵੀ ਕਈ ਵਾਰ ਚਰਚਾ ਵਿੱਚ ਆ ਚੁੱਕੀ ਹੈ, ਪਰ ਉੱਚ ਅਧਿਕਾਰੀਆਂ ਦੀ ਸੂਝ-ਬੂਝ ਕਾਰਨ ਹਰ ਵਾਰ ਮਾਮਲਾ ਸ਼ਾਂਤ ਹੋ ਜਾਂਦਾ ਰਿਹਾ ਹੈ। ਬਤੌਰ ਸਬ-ਇੰਸਪੈਕਟਰ ਲੁਧਿਆਣਾ ਵਿੱਚ ਤਾਇਨਾਤ ਰਹਿਣ ਮਗਰੋਂ ਉਸ ਦੀ ਬਦਲੀ ਹੋ ਗਈ ਤੇ ਤਰੱਕੀ ਹੋਣ ਤੋਂ ਬਾਅਦ ਮੁੜ ਲੁਧਿਆਣਾ ਤਾਇਨਾਤ ਕਰ ਦਿੱਤਾ ਗਿਆ।
ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਲੁਧਿਆਣਾ ਦੇ ਥਾਣਾ ਸਲੇਮ ਟਾਬਰੀ, ਥਾਣਾ ਬਸਤੀ ਜੋਧੇਵਾਲ, ਥਾਣਾ ਡਵੀਜ਼ਨ 2 ਵਿੱਚ ਤਾਇਨਾਤ ਰਹੀ ਹੈ। ਜਦੋਂ ਉਹ ਕੋਰੋਨਾ ਦਾ ਸ਼ਿਕਾਰ ਹੋਈ ਤਾਂ ਉਹ ਬਸਤੀ ਜੋਧੇਵਾਲ ਥਾਣੇ ਵਿੱਚ ਤਾਇਨਾਤ ਸੀ ਤਾਂ ਅਰਸ਼ਪ੍ਰੀਤ ਕੌਰ ਗਰੇਵਾਲ ’ਤੇ ਸ਼ਾਹਪੁਰ ਰੋਡ ’ਤੇ ਜੂਏ ਦੇ ਅੱਡੇ ’ਤੇ ਛਾਪਾਮਾਰੀ ਕਰ ਕੇ ਰਕਮ ਗਾਇਬ ਕਰਨ ਦੇ ਦੋਸ਼ ਲੱਗੇ ਸਨ, ਪਰ ਬਾਅਦ ’ਚ ਮਾਮਲੇ ਨੂੰ ਦਬਾ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਹੋਟਲ ’ਤੇ ਛਾਪਾ ਮਾਰਿਆ ਗਿਆ ਤਾਂ ਉੱਥੇ ਵੀ ਰਿਸ਼ਵਤ ਲੈਣ ਦਾ ਦੋਸ਼ ਲੱਗਿਆ। ਉਸ ਸਮੇਂ ਵੀ ਮਾਮਲਾ ਖੁਰਦ-ਬੁਰਦ ਹੋ ਗਿਆ।
ਤਾਜ਼ਾ ਮਾਮਲਾ ਬਣਿਆ ਚਰਚਾ ਦਾ ਵਿਸ਼ਾ
ਇਸ ਮਾਮਲੇ ਵਿੱਚ ਐਸਪੀਡੀ ਬੀਕੇ ਸਿੰਗਲਾ ਨੇ ਦੱਸਿਆ ਕਿ 1 ਅਕਤੂਬਰ 2024 ਨੂੰ ਐਸਐਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਅਤੇ ਤਤਕਾਲੀ ਮੁਨਸ਼ੀ ਗੁਰਪ੍ਰੀਤ ਸਿੰਘ ਨੇ ਅਮਰਜੀਤ ਸਿੰਘ ਨਾਮਕ ਵਿਅਕਤੀ ਕੋਲੋਂ 2 ਕਿਲੋ ਅਫੀਮ ਬਰਾਮਦ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਅਮਰਜੀਤ ਸਿੰਘ ਦੇ ਨਾਲ ਉਸ ਦੇ ਦੋ ਹੋਰ ਸਾਥੀ ਵੀ ਹਨ, ਜਿਨ੍ਹਾਂ ਕੋਲ 3 ਕਿਲੋ ਅਫੀਮ ਸੀ, ਜਿੰਨ੍ਹਾਂ ਨੂੰ ਛੁਡਾਉਣ ਲਈ 8 ਲੱਖ ਰੁਪਏ ਵਿਚ ਸੌਦਾ ਹੋਇਆ ਸੀ ਅਤੇ 5 ਲੱਖ ਰੁਪਏ ਵਿਚ ਐਸ.ਐਚ.ਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੂੰ ਦਿੱਤਾ ਗਿਆ ਸੀ। ਗਰੇਵਾਲ, ਕਾਂਸਟੇਬਲ ਗੁਰਪ੍ਰੀਤ ਸਿੰਘ ਅਤੇ ਕਾਂਸਟੇਬਲ ਰਾਜਪਾਲ ਸਿੰਘ ਨੇ ਲਿਆ ਸੀ।
ਕੇਸ ਦਰਜ ਹੋਣ ਤੋਂ ਬਾਅਦ ਹੋਈ ਫਰਾਰ
ਜ਼ਿਕਰਯੋਗ ਹੈ ਕਿ ਮਾਮਲੇ ਦੀ ਜਾਂਚ ਵਿੱਚ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਕਾਂਸਟੇਬਲ ਗੁਰਪ੍ਰੀਤ ਸਿੰਘ, ਕਾਂਸਟੇਬਲ ਰਾਜਪਾਲ ਸਿੰਘ, ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਥਾਣਾ ਕੋਟਈਸੇਖਾ ਵਿੱਚ ਭ੍ਰਿਸ਼ਟਾਚਾਰ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਵਿਭਾਗ ਵੱਲੋਂ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਕਾਂਸਟੇਬਲ ਗੁਰਪ੍ਰੀਤ ਸਿੰਘ ਅਤੇ ਕਾਂਸਟੇਬਲ ਰਾਜਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਮੋਗਾ ਦੀ ਸਸਪੈਂਡ SHO ਦੇ ਇਲਜ਼ਾਮਾਂ ਤੋਂ ਬਾਅਦ ਐਸਪੀਡੀ ਦਾ ਸਾਹਮਣੇ ਆਇਆ ਵੱਡਾ ਬਿਆਨ
ਰਿਸ਼ਵਤਖ਼ੋਰੀ 'ਚ ਫਸੀ ਮੋਗਾ ਦੀ ਮਹਿਲਾ ਐਸਐਚਓ ਅਰਸ਼ਪ੍ਰੀਤ ਕੌਰ ਗਰੇਵਾਲ, 5 ਲੱਖ ਲੈਕੇ ਛੱਡੇ ਨਸ਼ਾ ਤਸਕਰ
ਮੋਗਾ ਦੀ ਸਸਪੈਂਡ SHO ਦੇ ਇਲਜ਼ਾਮਾਂ ਤੋਂ ਬਾਅਦ ਐਸਪੀਡੀ ਦਾ ਸਾਹਮਣੇ ਆਇਆ ਵੱਡਾ ਬਿਆਨ
ਅਰਸ਼ਪ੍ਰੀਤ ਕੌਰ ਗਰੇਵਾਲ ਨੇ ਖੁਦ ਨੂੰ ਦੱਸਿਆ ਬੇਕਸੂਰ
ਇਸ ਪੂਰੇ ਮਾਮਲੇ ਤੋਂ ਬਾਅਦ ਮੁਅੱਤਲ ਐੱਸਐੱਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਉਹਨਾਂ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ। ਅਰਸ਼ਪ੍ਰੀਤ ਕੌਰ ਨੇ ਆਪਣੇ ਖਿਲਾਫ ਦਰਜ ਹੋਏ ਕੇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੰਬੀ ਪੋਸਟ ਕੀਤੀ ਹੈ। ਪੋਸਟ 'ਚ ਉਨ੍ਹਾਂ ਨੇ ਲਿਖਿਆ ਕਿ ਉਸ ਨੂੰ ਇਸ ਮਾਮਲੇ 'ਚ ਫਸਾਇਆ ਗਿਆ ਹੈ, ਜਦਕਿ ਉਹ ਬੇਕਸੂਰ ਹੈ। ਅਰਸ਼ਪ੍ਰੀਤ ਕੌਰ ਨੇ ਇਸ ਪਿੱਛੇ ਪੁਲਿਸ ਅਧਿਕਾਰੀਆਂ ਦੀ ਸਾਜ਼ਿਸ਼ ਦਾ ਹਵਾਲਾ ਦਿੰਦਿਆਂ ਮੋਗਾ ਦੇ ਡੀਐਸਪੀ ਅਤੇ ਐਸਪੀ ’ਤੇ ਸਰੀਰਕ ਸੋਸ਼ਣ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਲਿਖਿਆ ਕਿ ਉਪਰੋਕਤ ਦੋਵੇਂ ਅਧਿਕਾਰੀਆਂ ਨੇ ਉਸ ਵਿਰੁੱਧ ਝੂਠਾ ਕੇਸ ਦਰਜ ਕੀਤਾ ਹੈ।