ਬਠਿੰਡਾ : 20 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਸੁਹਾਗਣਾਂ ਵੱਲੋਂ ਕਰਵਾ ਚੌਥ ਦਾ ਵਰਤ ਰੱਖਿਆ ਜਾਵੇਗਾ। ਸਦੀਆਂ ਪੁਰਾਣੀ ਇਸ ਚੱਲੀ ਆ ਰਹੀ ਰੀਤ ਵਾਲੇ ਦਿਨ ਸੁਹਾਗਣਾਂ ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਵਾਸਤੇ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਹੈ ਅਤੇ ਪੂਰਾ ਦਿਨ ਨਿਰਜਲ ਯਾਨੀ ਕਿ ਬਿਨਾਂ ਪਾਣੀ ਪੀਤੇ ਅਤੇ ਕੁਝ ਵੀ ਖਾਦੇ ਵਰਤ ਰੱਖਣਾ ਹੁੰਦਾ ਹੈ। ਇਹ ਤਿਉਹਾਰ ਕਾਰਤਕ ਦੀ ਚਤੁਰਥੀ ਵਾਲੇ ਦਿਨ ਔਰਤਾਂ ਵੱਲੋਂ ਵਰਤ ਰੱਖ ਕੇ ਮਨਾਇਆ ਜਾਂਦਾ ਹੈ।
ਕਿਉਂ ਮਨਾਇਆ ਜਾਂਦਾ ਹੈ ਕਰਵਾ ਚੌਥ
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਈਟੀਵੀ ਭਾਰਤ ਦੇ ਬਠਿੰਡਾ ਤੋਂ ਪੱਤਰਕਾਰ ਅਮਨਦੀਪ ਗੋਸਲ ਨੇ ਲਾਲ ਕਿਤਾਬ ਮਾਹਰ ਪੰਡਿਤ ਵਿਕਰਮ ਕੁਮਾਰ ਲਵਲੀ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਵਿਕਰਮ ਲਵਲੀ ਨੇ ਦੱਸਿਆ ਕਿ ਪੁਰਾਤਨ ਸਮੇਂ ਦੀਆਂ ਕਥਾਵਾਂ ਅਨੁਸਾਰ ਮਾਤਾ ਪਾਰਵਤੀ ਵੱਲੋਂ ਇਸ ਵਰਤ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਮਾਤਾ ਸਵਿਤਰੀ ਵੱਲੋਂ ਯਮਰਾਜ ਤੋਂ ਆਪਣੇ ਪਤੀ ਦੇ ਪ੍ਰਾਣ ਬਚਾਉਣ ਲਈ ਕਰਵਾਚੌਥ ਦਾ ਵਰਤ ਰੱਖਿਆ ਗਿਆ ਸੀ। ਕਰਵਾ ਨਾਮਕ ਇੱਕ ਔਰਤ ਸੀ ਜਿਸ ਵੱਲੋਂ ਆਪਣੇ ਪਤੀ ਦੇ ਯਮਰਾਜ ਤੋਂ ਤਪੱਸਿਆ ਕਰਕੇ ਪ੍ਰਾਣ ਬਚਾਏ ਸਨ।ਯਮਰਾਜ ਨੇ ਕਰਵਾ ਦੀ ਤਪੱਸਿਆ ਤੋਂ ਖੁਸ਼ ਹੋ ਕੇ ਵਰਦਾਨ ਦਿੱਤਾ ਸੀ ਕਿ ਕਾਰਤਕ ਦੀ ਚਤੁਰਥੀ ਵਾਲੇ ਦਿਨ ਜੋ ਵੀ ਔਰਤ ਵਰਤ ਰੱਖੇਗੀ, ਉਸਦੇ ਪਤੀ ਦੀ ਉਮਰ ਲੰਮੀ ਹੋ ਜਾਵੇਗੀ। ਇਸ ਲਈ ਮਾਤਾ ਕਰਵਾ ਦੇ ਨਾਂ 'ਤੇ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਹੈ।
ਇਸ ਰੰਗ ਦੇ ਕੱਪੜੇ ਰਹਿਣਗੇ ਸੁਹਾਗਣਾਂ ਲਈ ਖ਼ਾਸ
ਇਸ ਮੌਕੇ ਪੰਡਿਤ ਵਿਕਰਮ ਕੁਮਾਰ ਲਵਲੀ ਨੇ ਕਿਹਾ ਕਿ ਔਰਤਾਂ ਕਰਵਾ ਚੌਥ ਦੇ ਵਰਤ ਰੱਖਣ ਸਮੇਂ ਲਾਲ ਅਤੇ ਪੀਲੇ ਕੱਪੜੇ ਹੀ ਪਾਉਣ , ਨੀਲੇ ਅਤੇ ਕਾਲੇ ਰੰਗ ਦੇ ਕੱਪੜਿਆਂ ਤੋਂ ਪਰਹੇਜ਼ ਕਰਨ। ਇਸ ਤੋਂ ਇਲਾਵਾ ਗਰਭਵਤੀ ਮਹਿਲਾਵਾਂ ਇਹ ਵਰਤ ਡਾਕਟਰ ਦੀ ਸਲਾਹ ਨਾਲ ਰੱਖਣ ਜਾ ਇਕੱਲੇ ਫਲ ਫਰੂਟ ਖਾ ਕੇ ਆਪਣਾ ਇਹ ਵਰਤ ਪੂਰਾ ਕਰ ਸਕਦੀਆਂ ਹਨ, ਕਿਉਂਕਿ ਗਰਭਵਤੀ ਮਹਿਲਾਵਾਂ ਨੂੰ ਲੰਮਾ ਸਮਾਂ ਭੁੱਖੇ ਪੇਟ ਨਹੀਂ ਰਹਿਣਾ ਚਾਹੀਦਾ। ਗਰਭ ਵਿੱਚ ਪਲ ਰਹੇ ਬੱਚੇ ਦਾ ਖਿਆਲ ਰੱਖਣਾ ਚਾਹੀਦਾ ਹੈ।
ਵਰਤ ਰੱਖਣ ਦਾ ਸਹੀ ਸਮਾਂ
ਉਹਨਾਂ ਕਿਹਾ ਕਿ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਮਹਿਲਾਵਾਂ ਨੂੰ ਸਵੇਰੇ ਸਾਢੇ ਤਿੰਨ ਵਜੇ ਤੋਂ ਪਹਿਲਾਂ ਖਾ ਅਤੇ ਪੀ ਲੈਣਾ ਚਾਹੀਦਾ ਹੈ, ਕਿਉਂਕਿ ਇਸ ਤੋਂ ਬਾਅਦ 6:46 ਤੋਂ ਭਾਰਤ ਵਿੱਚ ਕਰਵਾ ਚੌਥ ਦਾ ਵਰਤ ਸ਼ੁਰੂ ਹੋ ਜਾਵੇਗਾ ਅਤੇ ਸ਼ਾਮ ਨੂੰ ਵੱਖ-ਵੱਖ ਥਾਵਾਂ 'ਤੇ ਤਕਰੀਬਨ ਸਵਾ ਵਜੇ ਚੰਦਰਮਾ ਦੇ ਦਰਸ਼ਨ ਹੋਣਗੇ। ਇਸ ਸਮੇਂ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਨੂੰ ਛਾਣਣੀ ਰਾਹੀਂ ਚੰਦਰਮਾ ਦੇ ਦਰਸ਼ਨ ਕਰਨੇ ਚਾਹੀਦੇ ਹਨ ਅਤੇ ਅਰਗ ਦੇ ਕੇ ਕਰਵਾ ਚੌਥ ਦਾ ਵਰਤ ਖੋਲਣਾ ਚਾਹੀਦਾ ਹੈ। ਕਦੇ ਵੀ ਚੰਦਰਮਾ ਨੂੰ ਬਿਨਾਂ ਛਾਨਣੀ ਤੋਂ ਨਹੀਂ ਵੇਖਣਾ ਚਾਹੀਦਾ ਕਿਉਂਕਿ ਸਿੱਧਾ ਵੇਖਣ ਨਾਲ ਇਸਦੇ ਮਾੜੇ ਪ੍ਰਭਾਵ ਪੈਂਦੇ ਹਨ।
ਉਹਨਾਂ ਕਿਹਾ ਸਰਗੀ ਦੇ ਮਹੱਤਵ ਬਾਰੇ ਦੱਸਦੇ ਹੋਏ ਕਿਹਾ ਕਿ ਕਰਵਾ ਚੌਥ ਦਾ ਵਰਤ ਰੱਖਣ ਸਮੇਂ ਸੁਹਾਗਣ ਦੀ ਸੱਸ ਵੱਲੋਂ ਖਾਣ ਪੀਣ ਦਾ ਸਮਾਨ ਉਸ ਲਈ ਉਪਲਬਧ ਕਰਵਾਇਆ ਜਾਂਦਾ ਹੈ। ਜਿਸ ਨੂੰ ਸਰਗੀ ਕਿਹਾ ਜਾਂਦਾ ਹੈ ਜੇਕਰ ਸੱਸ ਨਾ ਹੋਵੇ ਤਾਂ ਨਣਦ ਜਾਂ ਜਠਾਣੀ ਵੱਲੋਂ ਵੀ ਇਹ ਸਮਾਨ ਦਿੱਤਾ ਜਾ ਸਕਦਾ ਹੈ। ਕਿਉਂਕਿ ਸੁਹਾਗਣ ਵੱਲੋਂ ਪੂਰਾ ਦਿਨ ਭੁੱਖਾ ਰਹਿ ਕੇ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਹੈ। ਇਸ ਸਮੇਂ ਮਹਿਲਾਵਾਂ ਵੱਲੋਂ ਕਰਵਾ ਚੌਥ ਦੇ ਦਿਨ ਕਹਾਣੀ ਸੁਣੀ ਜਾਂਦੀ ਹੈ ਜੋ ਕਿ ਪੰਡਿਤ ਵੱਲੋਂ ਸਤ ਭਰਾਵਾਂ ਦੀ ਕੱਲੀ ਭੈਣ ਸਬੰਧੀ ਕਰਵਾ ਚੌਥ ਦਾ ਤਿਉਹਾਰ ਮਨਾਉਣ ਵਾਲੀਆਂ ਔਰਤਾਂ ਨੂੰ ਸੁਣਾਈ ਜਾਂਦੀ ਹੈ। ਉਹਨਾਂ ਕਿਹਾ ਕਿ ਕਰਵਾ ਚੌਥ ਵਾਲੇ ਦਿਨ ਔਰਤਾਂ ਨੂੰ ਵਰਤ ਰੱਖਣ ਸਮੇਂ ਕਾਫੀ ਚੀਜ਼ਾਂ ਦਾ ਗਿਆਨ ਅਤੇ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪਤੀ ਦੀ ਲੰਮੀ ਉਮਰ ਵਾਸਤੇ ਰੱਖੇ ਗਏ ਕਰਵਾ ਚੌਥ ਦੇ ਵਰਤ ਦੇ ਕਰਤਵ ਨੂੰ ਚੰਗੀ ਤਰ੍ਹਾਂ ਨਿਭਾਅ ਸਕਣ।