ਹੈਦਰਾਬਾਦ ਡੈਸਕ: ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਕੜਾਕੇ ਦੀ ਠੰਢ ‘ਚ ਕਿਸਾਨ ਧਰਨੇ ‘ਤੇ ਬੈਠੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਮਰਨ ਵਰਤ ਨੂੰ ਅੱਜ 29 ਦਿਨ ਹੋ ਗਏ ਹਨ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸੇ ਦੌਰਾਨ ਉਹ ਅੱਜ ਚਾਰ ਦਿਨ ਬਾਅਦ ਮੋਰਚੇ ਦੀ ਮੰਚ ’ਤੇ ਆਏ ਹਨ। ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ "ਜਿਨ੍ਹਾਂ ਨੇ ਇਸ ਮੋਰਚੇ ਨੂੰ ਸਹਿਯੋਗ ਦਿੱਤਾ ਅਤੇ ਸਹਿਯੋਗ ਦੇ ਰਹੇ ਨੇ ਸਾਰਿਆਂ ਦਾ ਦਿਲ ਤੋਂ ਧੰਨਵਾਦ, ਮੈਂ ਤੁਹਾਨੂੰ ਸਭ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਬਿਲਕੁਲ ਠੀਕ ਹਾਂ ਜੀ, ਕੋਈ ਗੱਲ ਨਹੀਂ, ਇਸ ਲੜਾਈ ਨੂੰ ਜਿੱਤਣਾ ਹੈ ਅਤੇ ਇਹ ਲੜਾਈ ਤਾਂ ਹੀ ਜਿੱਤੀ ਜਾਵੇਗੀ ਜੇ ਪੂਰਾ ਦੇਸ਼ ਇੱਕ ਹੋ ਕੇ ਇਕ ਇਸ ਲੜਾਈ ਨੂੰ ਲੜੇਗਾ"।
ਗੁਆਂਢੀਆਂ ਦਾ ਉਲਾਂਭਾ ਲਾਹੁਣ ਦੀ ਕੋਸ਼ਿਸ਼
ਭਾਵੁਕ ਸਪੀਚ ਦਿੰਦੇ ਹੋਏ ਡੱਲੇਵਾਲ ਨੇ ਕਿਹਾ ਕਿ ਪੰਜਾਬ ਦੇ ਸਿਰ ਬਹੁਤ ਸਾਰੇ ਰਾਜਾਂ ਦਾ ਉਲਾਂਭਾ ਸੀ ਕਿ 2021 ਵਿੱਚ ਤੁਸੀਂ ਅੰਦੋਲਨ ਨੂੰ ਅਧੂਰਾ ਛੱਡ ਕੇ ਵਾਪਸ ਆ ਗਏ। ਸੋ ਅਸੀਂ ਉਹ ਉਲਾਂਭਾ ਲਾਹੁਣ ਦਾ ਕੋਸ਼ਿਸ਼ ਕੀਤੀ ਹੈ, ਵੱਡਾ ਭਾਈ ਪੰਜਾਬ ਫੇਰ ਤੋਂ ਮੈਦਾਨ ਦੇ ਵਿੱਚ ਆਇਆ ਹੈ ਅਤੇ ਹੁਣ ਛੋਟੇ ਭਾਈ ਦੂਜੇ ਰਾਜਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਇਸ ਲੜਾਈ ਨੂੰ ਮਜ਼ਬੂਤੀ ਦੇ ਨਾਲ ਲੜਿਆ ਜਾਵੇ।
'ਜਿੱਤਾਂਗੇ ਜਾਂ ਫਿਰ ਮਰਾਂਗੇ'
ਦੱਸ ਦੇਈਏ ਕਿ ਕਿਸਾਨ ਆਗੂ ਨੇ ਕਿਹਾ ਕਿ ਮੈਂ ਇਹੀ ਚਾਹੁੰਦਾ ਹਾਂ ਕਿ ਸਰਕਾਰ ਕਿਸੇ ਵੀ ਕੀਮਤ ਤੇ ਮੈਨੂੰ ਇਥੋਂ ਚੁੱਕ ਨਾ ਸਕੇ, ਇਹੀ ਮੈਂ ਤੁਹਾਡੇ ਸਾਰਿਆਂ ਤੋਂ ਉਮੀਦ ਕਰਦਾ ਹਾਂ। ਜੇਕਰ ਸਰਕਾਰ ਚੁੱਕ ਨਾ ਪਾਈ ਤਾਂ ਜਿੱਤਾਂਗੇ ਜਾਂ ਫਿਰ ਮਰਾਂਗੇ ਇੱਕ ਤਾਂ ਕੰਮ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਨੂੰ ਸਭ ਨੂੰ ਧੰਨਵਾਦ ਆਖਦਾ ਹਾਂ ਤੇ ਜੇਕਰ ਤੁਹਾਨੂੰ ਮੇਰੀ ਕੋਈ ਗੱਲ ਸਮਝ ਨਾ ਆਈ ਹੋਵੇ ਤਾਂ ਮੈਂ ਅਭਿਮਨਯੂ ਕੋਹਾੜ ਨੂੰ ਕਹਾਂਗਾ ਕਿ ਇਸ ਗੱਲ ਨੂੰ ਚੰਗੀ ਤਰ੍ਹਾਂ ਸਭ ਨੂੰ ਸਮਝਾ ਦੇਣ। ਦੱਸ ਦੇਈਏ ਕਿ ਜਗਜੀਤ ਸਿੰਘ ਡੱਲੇਵਾਲ 29 ਦਿਨ੍ਹਾਂ ਤੋਂ ਮਰਨ ਵਰਤ ’ਤੇ ਬੈਠੇ ਹੋਏ ਹਨ।
ਡੱਲੇਵਾਲ ਦੀ ਸਿਹਤ ਗੰਭੀਰ
ਡੱਲੇਵਾਲ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ ਹੈ। ਉਧਰ, ਉਨ੍ਹਾਂ ਦੇ ਸਾਥੀ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਕਿ ਡੱਲੇਵਾਲ ਦਾ ਮਨੋਬਲ ਅਜੇ ਵੀ ਉੱਚਾ ਹੈ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ 13 ਫਰਵਰੀ ਤੋਂ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਅੰਦੋਲਨਕਾਰੀਆਂ ਨੇ ਤਿੰਨ ਵਾਰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਹਰਿਆਣਾ ਵਿੱਚ ਰੋਕ ਦਿੱਤਾ।
ਸਰਕਾਰ 'ਤੇ ਵਧਦਾ ਦਬਾਅ
ਡੱਲੇਵਾਲ ਦੀ ਭੁੱਖ ਹੜਤਾਲ ਅਤੇ ਅੰਦੋਲਨਕਾਰੀ ਕਿਸਾਨਾਂ ਦੀ ਹਮਾਇਤ ਨਾਲ ਸਰਕਾਰ 'ਤੇ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਦਬਾਅ ਵਧਦਾ ਜਾ ਰਿਹਾ ਹੈ। ਕਿਸਾਨ ਆਗੂ ਲਗਾਤਾਰ ਇਸ ਗੱਲ 'ਤੇ ਜ਼ੋਰ ਦੇ ਰਹੇ ਹਨ ਕਿ ਕਿਸਾਨਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਬਹੁਤ ਜ਼ਰੂਰੀ ਹੈ। ਡੱਲੇਵਾਲ ਦਾ ਸੰਘਰਸ਼ ਅਤੇ ਕਿਸਾਨ ਅੰਦੋਲਨ ਆਪਣੀਆਂ ਮੰਗਾਂ ਵੱਲ ਸਰਕਾਰ ਅਤੇ ਜਨਤਾ ਦਾ ਧਿਆਨ ਖਿੱਚ ਰਿਹਾ ਹੈ।