ਚੰਡੀਗੜ੍ਹ: ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ। ਇਸ ਦੇ ਚੱਲਦੇ ਦਿੱਲੀ ਕੂਚ ਲਈ ਉਹ ਹਰਿਆਣਾ ਨਾਲ ਲੱਗਦੇ ਪੰਜਾਬ ਬਾਰਡਰਾਂ 'ਤੇ ਬੈਠੇ ਹੋਏ ਹਨ। ਉਥੇ ਹੀ ਬੀਤੇ ਦਿਨੀਂ ਹਰਿਆਣਾ ਪੁਲਿਸ ਦੇ ਤਸ਼ੱਦਦ ਕਾਰਨ ਨੌਜਵਾਨ ਕਿਸਾਨ ਸ਼ੁੱਭਕਰਨ ਦੀ ਮੌਤ ਹੋ ਗਈ ਸੀ। ਜਿਸ ਦੇ ਚੱਲਦੇ ਕਿਸਾਨ ਆਗੂਆਂ ਵਲੋਂ ਉਸ ਦੀ ਅਸਥੀ ਕਲਸ਼ ਯਾਤਰਾ ਕੱਢੀ ਜਾ ਰਹੀ ਹੈ। ਇਸ ਦੇ ਚੱਲਦਿਆਂ ਅੱਜ 31 ਮਾਰਚ ਨੂੰ ਹਰਿਆਣਾ ਦੀ ਅੰਬਾਲਾ ਮੋਹਡਾ ਮੰਡੀ ਵਿੱਚ ਨੌਜਵਾਨ ਕਿਸਾਨ ਸ਼ੁੱਭਕਰਨ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਹੋ ਰਿਹਾ ਹੈ, ਜਿਸ ਵਿੱਚ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਆਗੂਆਂ ਸਮੇਤ ਲੱਖਾਂ ਦੀ ਗਿਣਤੀ 'ਚ ਕਿਸਾਨ ਸ਼ਿਰਕਤ ਕਰਨਗੇ। ਦੂਜੇ ਪਾਸੇ ਹਰਿਆਣਾ ਪੁਲਿਸ ਅਲਰਟ 'ਤੇ ਹੈ।
ਅੰਬਾਲਾ 'ਚ ਅੱਜ ਸ਼ੁੱਭਕਰਨ ਸ਼ਹੀਦੀ ਸਮਾਗਮ: ਇਸ ਨੂੰ ਲੈਕੇ ਕਿਸਾਨ ਮਜ਼ਦੂਰ ਮੋਰਚਾ ਦੇ ਮੈਂਬਰ ਅਤੇ ਬੀਕੇਯੂ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਸ਼ੁੱਭਕਰਨ ਸਿੰਘ ਦੀ ਅਸ਼ਥੀ ਕਲਸ਼ ਯਾਤਰਾ 16 ਮਾਰਚ ਤੋਂ ਸ਼ੰਭੂ ਸਰਹੱਦ ਤੋਂ ਸ਼ੁਰੂ ਕੀਤੀ ਗਈ ਸੀ। 22 ਮਾਰਚ ਨੂੰ ਹਿਸਾਰ ਵਿੱਚ ਸ਼ਰਧਾਂਜਲੀ ਸਮਾਗਮ ਤੋਂ ਬਾਅਦ 31 ਮਾਰਚ ਨੂੰ ਮੋਹਡਾ ਮੰਡੀ ਵਿੱਚ ਸਮਾਗਮ ਰੱਖਿਆ ਗਿਆ ਹੈ। ਅੰਤਰਰਾਸ਼ਟਰੀ ਪਹਿਲਵਾਨ ਸਾਕਸ਼ੀ ਮਲਿਕ ਨੇ ਵੀ ਵੱਧ ਤੋਂ ਵੱਧ ਲੋਕਾਂ ਨੂੰ ਸ਼ਰਧਾਂਜਲੀ ਸਭਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਕਿਸਾਨਾਂ ਤੋਂ ਡਰੀ ਹੋਈ ਸਰਕਾਰ: ਮਨਜੀਤ ਸਿੰਘ ਰਾਏ ਨੇ ਕਿਹਾ ਕਿ ਸਰਕਾਰ ਭੈਅ ਵਿੱਚ ਹੈ ਅਤੇ ਅਸ਼ਥੀ ਕਲਸ਼ ਯਾਤਰਾ ਤੋਂ ਡਰੀ ਹੋਈ ਹੈ। ਇਸ ਘਬਰਾਹਟ ਦੇ ਚੱਲਦੇ ਹੀ ਨੌਜਵਾਨ ਕਿਸਾਨ ਨਵਦੀਪ ਜਲਬੇੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਰਕਾਰ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ, ਪਰ ਕਿਸਾਨ ਡਰ ਵਿੱਚ ਨਹੀਂ ਰਹਿਣਗੇ ਅਤੇ ਵੱਡੀ ਗਿਣਤੀ ਵਿੱਚ ਆਉਣਗੇ। ਉਨ੍ਹਾਂ ਨੇ ਦੱਸਿਆ ਕਿ ਨਵਦੀਪ ਸਿੰਘ ਅਤੇ ਗੁਰਕੀਰਤ ਸਿੰਘ ਵਾਸੀ ਸ਼ਾਹਪੁਰ ਨੂੰ ਗਲਤ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ।
ਨਵਦੀਪ ਨੂੰ ਝੂਠੀ ਐਫਆਈਆਰ 'ਚ ਫੜਿਆ: ਕਿਸਾਨ ਆਗੂ ਰਾਏ ਨੇ ਕਿਹਾ ਕਿ ਇਹ ਐਫਆਈਆਰ ਆਪਣੇ ਆਪ ਵਿੱਚ ਝੂਠੀ ਹੈ, ਕਿਉਂਕਿ ਸ਼ੰਭੂ ਸਰਹੱਦ ਤੋਂ ਕੋਈ ਕਿਸਾਨ ਇੱਥੇ ਨਹੀਂ ਆਇਆ ਸੀ, ਫਿਰ ਪੁਲਿਸ 'ਤੇ ਹਮਲਾ ਕਿਵੇਂ ਹੋਇਆ। ਇਸ ਦੀ ਕੀਮਤ ਸਰਕਾਰ ਨੂੰ ਚੁਕਾਉਣੀ ਪਵੇਗੀ। ਰਾਏ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਲੜਕਿਆਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਰਣਨੀਤੀ ਬਣਾ ਕੇ ਇਸ ਦਾ ਐਲਾਨ ਕਰਨਗੇ।
ਅੱਜ ਪੁਲਿਸ ਨਵਦੀਪ ਨੂੰ ਅਦਾਲਤ 'ਚ ਕਰੇਗੀ ਪੇਸ਼: ਦੂਜੇ ਪਾਸੇ ਅੰਬਾਲਾ ਪੁਲਿਸ ਦੀ ਸੀਆਈਏ-1 ਵੱਲੋਂ ਮੁਹਾਲੀ ਤੋਂ ਗ੍ਰਿਫ਼ਤਾਰ ਕੀਤੇ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਅਤੇ ਉਸ ਦੇ ਸਾਥੀ ਗੁਰਕੀਰਤ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਸੀਆਈਏ ਨੇ ਗੁਲੇਲਾਂ, ਤਲਵਾਰਾਂ, ਸੋਟੀਆਂ, ਗੱਡੀ ਅਤੇ ਪੋਪਲਨ ਮਸ਼ੀਨਾਂ ਬਣਾਉਣ ਵਾਲੇ ਮਕੈਨਿਕ ਨੂੰ ਗ੍ਰਿਫਤਾਰ ਕਰਨ ਲਈ ਅਦਾਲਤ ਤੋਂ 2 ਦਿਨ ਦਾ ਰਿਮਾਂਡ ਲਿਆ ਸੀ। ਨਵਦੀਪ ਸਮੇਤ 20 ਤੋਂ ਵੱਧ ਕਿਸਾਨ ਆਗੂਆਂ ਖ਼ਿਲਾਫ਼ ਕਾਤਲਾਨਾ ਹਮਲੇ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
- ਚੰਡੀਗੜ੍ਹ ਊਨਾ ਹਾਈਵੇ 'ਤੇ ਤੂਫ਼ਾਨ ਦਾ ਕਹਿਰ, ਸਾਈਨਬੋਰਡ ਡਿਗਣ ਨਾਲ ਲੰਮੇ ਜਾਮ 'ਚ ਘੰਟਿਆਂ ਤੱਕ ਫਸੇ ਰਹੇ ਲੋਕ - heavy rain in punjab himachal
- ‘ਸੱਚਖੰਡ ਸ੍ਰੀ ਦਰਬਾਰ ਸਾਹਿਬ ਸਣੇ ਪੰਜ ਸਰੋਵਰਾਂ ਨੂੰ ਜਾਣ ਵਾਲੇ ਜਲ ਨੂੰ ਜਲਦ ਕੀਤਾ ਜਾਵੇਗਾ ਸਾਫ’ - MP Gurjit Aujla
- 'ਕਿਸਾਨਾਂ ਦਾ ਦਿੱਲੀ ਜਾਣਾ ਬੰਦ ਹੈ, ਭਾਜਪਾ ਦਾ ਪਿੰਡਾਂ ਵਿੱਚ ਆਉਣਾ ਬੰਦ ਹੈ' - Lok Sabha Elections 2024